ਚੰਡੀਗੜ੍ਹ/ਨਵੀਂ ਦਿੱਲੀ, 25 ਫਰਵਰੀ, 2017 : ਪੰਜਾਬ ਦੀਆਂ ਜੇਲ੍ਹਾਂ ‘ਚ ਸਜ਼ਾ ਪੂਰੀ ਕਰ ਚੁੱਕੇ 539 ਕੈਦੀਆਂ ਨੂੰ ਕੇਂਦਰ ਸਰਕਾਰ ਦੇ ਆਦੇਸ਼ਾਂ ਮੁਤਾਬਿਕ ਰਿਹਾਅ ਕੀਤਾ ਜਾਵੇਗਾ। ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਵੇਰਵਿਆਂ ਮੁਤਾਬਿਕ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ‘ਚੋਂ ਦੋ ਤਿਹਾਈ ਅੰਡਰ ਟਰਾਇਲ ਹਨ। ਨਿਆਂ ਵਿਭਾਗ ਨੇ ਪੰਜਾਬ ਸਰਕਾਰ ਨੂੰ ਅਜਿਹੇ ਹਵਾਲਾਤੀਆਂ ਬਾਰੇ ਵੀ ਛੇਤੀ ਕਾਰਵਾਈ ਕਰਨ ਲਈ ਆਖਿਆ ਹੈ।
ਕੇਂਦਰ ਨੇ ਸੂਬਾ ਸਰਕਾਰ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ, ”ਪੰਜਾਬ ਦੀਆਂ ਜੇਲ੍ਹਾਂ ਵਿੱਚ 539 ਅਜਿਹੇ ਕੈਦੀ ਹਨ ਜੋ ਆਪਣੇ ਗੁਨਾਹ ਮੁਤਾਬਿਕ ਸਜ਼ਾ ਪੂਰੀ ਕਰ ਚੁੱਕੇ ਹਨ ਅਤੇ ਸੈਕਸ਼ਨ 436-A ਦੀ ਧਾਰਾ ਮੁਤਾਬਿਕ ਉਨ੍ਹਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ, ਇਨ੍ਹਾਂ ਵਿੱਚੋਂ 137 ਕੈਦੀ ਮਿਥੀ ਸਜ਼ਾ ਤੋਂ ਵੱਧ ਪੂਰੀ ਕਰ ਚੁੱਕੇ ਹਨ।
ਇਸ ਕਰ ਕੇ ਤੁਰੰਤ ਐਕਸ਼ਨ ਲੈਂਦਿਆਂ ਅਜਿਹੇ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ।” ਸੈਕਸ਼ਨ 436-A ਦੀ ਧਾਰਾ ਮੁਤਾਬਿਕ ਆਪਣੇ ਗੁਨਾਹ ਮੁਤਾਬਿਕ ਮਿਲੀ ਸਜ਼ਾ ਜਾਂ ਉਸ ਤੋਂ ਵੱਧ ਸਮਾਂ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਨੂੰ ਜ਼ਮਾਨਤ ਤੋਂ ਬਿਨਾਂ ਨਿੱਜੀ ਮੁਚੱਲਕੇ ‘ਤੇ ਰਿਹਾਅ ਕੀਤਾ ਜਾਣਾ ਚਾਹੀਦਾ ਹੈ।