ਮੋਹਾਲੀ/ਆਨੰਦਪੁਰ ਸਾਹਿਬ/ਸਾਹਨੇਵਾਲ/ਲੁਧਿਆਣਾ, 10 ਜਨਵਰੀ 2017 : ਦਿੱਲੀ ਦੇ ਡਿਪਟੀ ਸੀ ਐੱਮ ਮਨੀਸ਼ ਸਿਸੋਦੀਆ ਨੇ ਅੱਜ ਕਿਹਾ ਹੈ ਕਿ ਪੰਜਾਬ ਇੱਕ ਬਹੁਤ ਹੀ ਮੁਸ਼ਕਿਲ ਪੜਾਅ ਤੋਂ ਲੰਘਿਆ ਹੈ ਅਤੇ ਇਸ ਨੂੰ ਖੁਸ਼ਹਾਲ ਸੂਬਾ ਬਣਨ ਲਈ ਹੁਣ ਇੱਕ ਇਮਾਨਦਾਰ ਅਤੇ ਜਿੰਮੇਵਾਰ ਸਰਕਾਰ ਦੀ ਜਰੂਰਤ ਹੈ।
ਮੋਹਾਲੀ, ਅਨੰਦਪੁਰ ਸਾਹਿਬ, ਲੁਧਿਆਣਾ ਪੱਛਮੀ ਅਤੇ ਸਾਹਨੇਵਾਲ ਵਿਖੇ ਚੋਣ ਮੀਟਿੰਗਾਂ ਦੌਰਾਨ ਸਿਸੋਦੀਆ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਦੇਸ਼ ਦੇ ਲੋਕਾਂ ਨੂੰ ਇੱਕ ਉਮੀਦ ਦਿੱਤੀ ਹੈ ਕਿ ਆਮ ਆਦਮੀ ਪਾਰਟੀ ਇਕਲੌਤੀ ਪਾਰਟੀ ਹੈ, ਜੋ ਭ੍ਰਿਸ਼ਟਾਚਾਰ ਦੇ ਖਿਲਾਫ ਲੜ ਸਕਦੀ ਹੈ ਅਤੇ ਵਿਕਾਸ ਕਰ ਸਕਦੀ ਹੈ। ਉਨਾਂ ਕਿਹਾ ਕਿ ਸਫਲਤਾਪੂਰਵਕ ਚੁਣੀਆਂ ਗਈਆਂ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ ਅਤੇ ਦੋਵੇਂ ਹੀ ਪਾਰਟੀਆਂ ਨਸ਼ਿਆਂ ਲਈ ਜਿੰਮੇਵਾਰ ਹਨ ਅਤੇ ਨੌਜਵਾਨਾਂ ਦੀ ਜਿੰਦਗੀ ਨਾਲ ਖੇਡ ਰਹੀਆਂ ਹਨ।
ਸਿਸੋਦੀਆ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਕੋਲ ਪੰਜਾਬ ਨੂੰ ਬਚਾਉਣ ਅਤੇ ਮੁੜ ਤਰੱਕੀ ਦੇ ਰਾਹ ਉਤੇ ਲਿਆਉਣ ਲਈ 4 ਫਰਵਰੀ 2017 ਆਖਰੀ ਮੌਕਾ ਹੈ। ਉਨਾਂ ਕਿਹਾ ਕਿ ਪੰਜਾਬ ਖੇਤੀ ਤੋਂ ਬਿਨਾਂ ਨਹੀਂ ਚੱਲ ਸਕਦਾ ਅਤੇ ਇਹ ਉਹ ਖੇਤਰ ਹੈ, ਜਿਸਦਾ ਵਿਕਾਸ ਕਰਨ ਵਿੱਚ ਅਕਾਲੀ-ਭਾਜਪਾ ਸਰਕਾਰ ਬੁਰੀ ਤਰਾਂ ਨਾਕਾਮ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਦਾ ਫਿਰ ਕੋਈ ਭਵਿੱਖ ਨਹੀਂ, ਜੇਕਰ ਲੋਕਾਂ ਨੇ ਇਨਾਂ ਭ੍ਰਿਸ਼ਟ ਸਿਆਸੀ ਪਾਰਟੀਆਂ ਨੂੰ ਬਾਹਰ ਦਾ ਦਰਵਾਜਾ ਨਾ ਵਿਖਾਇਆ।
ਉਨਾਂ ਕਿਹਾ ਕਿ ਪੰਜਾਬ ਇਸ ਵੇਲੇ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਬੜੇ ਔਖੇ ਦੌਰ ਵਿੱਚੋਂ ਲੰਘ ਰਿਹਾ ਹੈ। ਦਿੱਲੀ ਦੀ ਆਪ ਸਰਕਾਰ ਨੇ ਸਿੱਖਿਆ ਅਤੇ ਸਿਹਤ ਸਿਸਟਮ ਵਿੱਚ ਵੱਡੇ ਬਦਲਾਅ ਕੀਤੇ ਹਨ। ਉਨਾਂ ਕਿਹਾ ਕਿ 1000 ਸਕੂਲਾਂ ਦਾ ਆਧੁਨਿਕੀਕਰਣ ਕੀਤਾ ਗਿਆ ਹੈ ਅਤੇ ਐਨੇ ਹੀ ਮੁਹੱਲਾ ਕਲੀਨਿਕ ਸਥਾਪਿਤ ਕੀਤੇ ਗਏ ਹਨ। ਉਨਾਂ ਕਿਹਾ ਕਿ ਦਿੱਲੀ ਮਾਡਲ ਨੂੰ ਪੰਜਾਬ ਵਿੱਚ ਵੀ ਲਾਗੂ ਕੀਤਾ ਜਾਵੇਗਾ।
ਸਿਸੋਦੀਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਬਹੁਤ ਇਮਾਨਦਾਰ ਲੋਕਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਅਤੇ ਹੁਣ ਇਹ ਪੰਜਾਬ ਦੇ ਲੋਕਾਂ ਦਾ ਫਰਜ ਹੈ ਕਿ ਉਨਾਂ ਨੂੰ ਸਮਰਥਨ ਦੇਣ ਤਾਂ ਜੋ ਪੰਜਾਬ ਤਰੱਕੀ ਕਰ ਸਕੇ। ਮੋਹਾਲੀ ਤੋਂ ਪਾਰਟੀ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਪੇਸ਼ ਕਰਦਿਆਂ ਉਨਾਂ ਕਿਹਾ ਕਿ ਸ਼ੇਰਗਿੱਲ ਇਕਨਾਮਿਕ ਦੇ ਵਿਦਿਆਰਥੀ ਸਨ ਅਤੇ ਉਨਾਂ ਦਾ ਸਾਫ ਛਵੀ ਵਾਲਾ ਰਿਕਾਰਡ ਪਾਰਟੀ ਲਈ ਕਾਫੀ ਫਾਇਦੇਮੰਦ ਹੈ। ਉਨਾਂ ਕਿਹਾ ਕਿ ਆਨੰਦਪੁਰ ਸਾਹਿਬ ਤੋਂ ਆਪ ਉਮੀਦਵਾਰ ਸੰਜੇ ਗੌਤਮ ਸਮਾਜਿਕ ਸੇਵਾ ਲਈ ਜਾਣੇ ਜਾਂਦੇ ਹਨ ਅਤੇ ਜੇਕਰ ਉਨਾਂ ਨੂੰ ਮੌਕਾ ਮਿਲਿਆ ਤਾਂ ਉਹ ਇਸ ਪਵਿੱਤਰ ਸ਼ਹਿਰ ਨੂੰ ਪੂਰੀ ਦੁਨੀਆਂ ਵਿੱਚ ਇੱਕ ਮਾਡਲ ਵਜੋਂ ਪੇਸ਼ ਕਰ ਦੇਣਗੇ।
ਇਸ ਤੋਂ ਇਲਾਵਾ ਸਿਸੋਦੀਆ ਨੇ ਸਾਹਨੇਵਾਲ ਤੋਂ ਉਮੀਦਵਾਰ ਹਰਜੀਤ ਸਿੰਘ ਬੈਂਸ ਅਤੇ ਲੁਧਿਆਣਾ ਵੈਸਟ ਤੋਂ ਉਮੀਦਵਾਰ ਅਹਿਬਾਬ ਸਿੰਘ ਗਰੇਵਾਲ ਨੂੰ ਵੀ ਪੇਸ਼ ਕੀਤਾ। ਉਨਾਂ ਕਿਹਾ ਕਿ ਦੋਵੇਂ ਬਹੁਤ ਪੜੇ ਲਿਖੇ ਅਤੇ ਕਿਸਾਨ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ।