ਨਵੀਂ ਦਿੱਲੀ, 10 ਜਨਵਰੀ, 2017 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਲਈ ਅਰਵਿੰਦ ਕੇਜਰੀਵਾਲ ਦੀ ਸਨਕੀ ਤੇ ਘਟੀਆ ਲਾਲਚ ਦਾ ਭਾਂਡਾਫੋੜ ਹੋ ਗਿਆ ਹੈ ਤੇ ਉਨ੍ਹਾਂ ਨੇ ਇਸ ਖੁਲਾਸੇ ਦੇ ਉਲਟ ਸੂਬੇ ਦੇ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰਨ ਨੂੰ ਲੈ ਕੇ ਆਪ ਆਗੂ ਦੀ ਨਿੰਦਾ ਕੀਤੀ ਹੈ।
ਇਸ ਲੜੀ ਹੇਠ ਆਪ ਆਗੂ ਮਨੀਸ਼ ਸਿਸੋਦੀਆ ਵੱਲੋਂ ਇਕ ਰੈਲੀ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਵਜੋਂ ਅਰਵਿੰਦ ਕੇਜਰੀਵਾਲ ਵਾਸਤੇ ਆਪ ਨੂੰ ਵੋਟ ਦੇਣ ਲਈ ਕਹਿਣ 'ਤੇ ਪ੍ਰਤੀਕ੍ਰਿਆ ਜਾਹਿਰ ਕਰਦੇ ਹੋਏ, ਕੈਪਟਨ ਅਮਰਿੰਦਰ ਨੇ ਕਿਹਾ ਕਿ ਆਪ ਦੇ ਕੌਮੀ ਕਨਵੀਨਰ ਨੇ ਉਸ ਸੱਚਾਈ ਦੇ ਮੋਹਰ ਲਗਾ ਦਿੱਤੀ ਹੈ, ਜਿਸਨੂੰ ਕਾਂਗਰਸ ਪਹਿਲਾਂ ਤੋਂ ਕਹਿੰਦੀ ਆ ਰਹੀ ਹੈ ਕਿ ਬਦਕਿਸਮਤੀ ਨਾਲ ਆਪ ਦੇ ਪੰਜਾਬ ਦੀ ਸੱਤਾ 'ਚ ਆਉਣ 'ਤੇ ਕੇਜਰੀਵਾਲ ਦੀਆਂ ਅੱਖਾਂ ਸੱਭ ਤੋਂ ਉੱਚੇ ਅਹੁਦੇ 'ਤੇ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਖੁਲਾਸੇ ਨਾਲ ਕੇਜਰੀਵਾਲ ਦੇ ਖਤਰਨਾਕ ਇਰਾਦੇ ਖੁੱਲ੍ਹ ਕੇ ਬਾਹਰ ਆ ਗਏ ਹਨ ਅਤੇ ਸਾਫ ਹੋ ਚੁੱਕਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਕਿੰਨੇ ਵੱਡੇ ਝੂਠੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਮਿੱਟੀ 'ਤੇ ਕਦਮ ਰੱਖਣ ਤੋਂ ਬਾਅਦ ਤੋਂ ਹੀ ਆਪ ਆਗੂ ਸਰ੍ਹੇਆਮ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਜ਼ੋਰ ਦਿੰਦਿਆਂ ਕਿਹਾ ਕਿ ਕੇਜਰੀਵਾਲ ਦੀ ਅਗਵਾਈ ਹੇਠ ਆਪ ਦਾ ਪੂਰਾ ਪ੍ਰਚਾਰ ਝੂਠਾਂ 'ਤੇ ਖੜ੍ਹਿਆ ਹੈ, ਜਿਹੜੇ ਸੱਭ ਤਰ੍ਹਾਂ ਦੇ ਚੋਣਾਂ ਦੇ ਹਥਕੰਡੇ ਤੇ ਵਾਅਦਿਆਂ ਰਾਹੀਂ ਨਿਰਾਸ਼ਾਪੂਰਵਕ ਲੋਕਾਂ 'ਤੇ ਉਨ੍ਹਾਂ ਉਪਰ ਵਿਸ਼ਵਾਸ ਕਰਨ ਦਾ ਦਬਾਅ ਬਣਾ ਰਹੇ ਹਨ, ਜਿਨ੍ਹਾਂ ਦੀ ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਨੂੰ ਲੈ ਕੇ ਕੋਈ ਸੋਚ ਨਹੀਂ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਧੋਖਾ ਦੇਣ ਲਈ ਜਾਣੇ ਜਾਂਦੇ ਕੇਜਰੀਵਾਲ, ਜਿਨ੍ਹਾਂ ਦੀ ਉਥੇ ਸਰਕਾਰ ਹੈ, ਹੁਣ ਪੰਜਾਬ ਦੇ ਲੋਕਾਂ ਨਾਲ ਓਹੀ ਤਰੀਕੇ ਅਪਣਾ ਰਹੇ ਹਨ ਅਤੇ ਉਹ ਕਿਸੇ ਵੀ ਤਰੀਕੇ ਨਾਲ ਸੂਬੇ ਦੀ ਸੱਤਾ ਹਾਸਿਲ ਕਰਨਾ ਚਾਹੁੰਦੇ ਹਨ। ਲੇਕਿਨ ਕੈਪਟਨ ਅਮਰਿੰਦਰ ਨੇ ਲੋਕਾਂ ਨੂੰ ਝੂਠੇ ਦਾਅਵਿਆਂ ਤੇ ਨਿਰਾਧਾਰ ਦੋਸ਼ਾਂ ਰਾਹੀਂ ਕੇਜਰੀਵਾਲ ਵੱਲੋਂ ਉਨ੍ਹਾਂ ਨੂੰ ਦਿੱਤੇ ਜਾ ਰਹੇ ਧੋਖੇ 'ਚ ਨਾ ਫੱਸਣ ਦੀ ਚੇਤਾਵਨੀ ਦਿੱਤੀ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਲਈ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਅਹੁਦੇ ਦੀ ਉਮੀਦਵਾਰੀ ਤੋਂ ਲੈ ਕੇ ਐਸ.ਵਾਈ.ਐਲ ਅਤੇ ਹੋਰ ਮੁੱਦਿਆਂ 'ਤੇ ਬਿਆਨਾਂ ਤੱਕ ਕੇਜਰੀਵਾਲ ਲਗਾਤਾਰ ਸੂਬੇ ਦੀ ਸੱਤਾ ਹਾਸਿਲ ਕਰਨ ਨੂੰ ਲੈ ਕੇ ਨਿਰਾਸ਼ਾਪੂਰਨ ਕੋਸ਼ਿਸ਼ 'ਚ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਜੋ ਉਹ ਦਿੱਲੀ 'ਚ ਆਪਣੀਆਂ ਘਟੀਆ ਯੋਜਨਾਵਾਂ ਨੂੰ ਅਮਲੀ ਜਾਮਾ ਪਹਿਨਾਉਣ 'ਚ ਅਸਫਲ ਰਹਿਣ ਤੋਂ ਬਾਅਦ ਹੁਣ ਪੰਜਾਬ 'ਚ ਆਪਣੇ ਵਿਅਕਤੀਗਤ ਹਿੱਤਾਂ ਦੀ ਪੂਰਤੀ ਕਰ ਸਕਣ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਹਾਲੇ ਦੇ ਮਹੀਨਿਆਂ ਦੌਰਾਨ ਕੇਜਰੀਵਾਲ ਦਾ ਸੂਬੇ ਤੇ ਇਸਦੇ ਲੋਕਾਂ ਦੇ ਹਿੱਤ ਪ੍ਰਤੀ ਜ਼ਰਾ ਵੀ ਧਿਆਨ ਨਾ ਹੋਣ ਨੂੰ ਲੈ ਕੇ ਪੂਰੀ ਤਰ੍ਹਾਂ ਖੁਲਾਸਾ ਹੋ ਗਿਆ ਹੈ, ਜਿਨ੍ਹਾਂ ਦੀ ਪਾਰਟੀ ਦੇ ਕਈ ਆਗੂਆਂ ਨੂੰ ਭ੍ਰਿਸ਼ਟਾਚਾਰ ਤੇ ਸੈਕਸ ਸਕੈਂਡਲਾਂ 'ਚ ਸ਼ਾਮਿਲ ਪਾਇਆ ਗਿਆ ਹੈ ਅਤੇ ਉਹ ਉਨ੍ਹਾਂ ਦੀਆਂ ਗਲਤ ਹਰਕਤਾਂ ਪ੍ਰਤੀ ਆਪਣੀਆਂ ਅੱਖਾਂ ਬੰਦ ਕੀਤੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਆਪ ਕੋਲ ਆਪਣਾ ਕੈਡਰ ਵੀ ਨਹੀਂ ਹੈ ਅਤੇ ਉਹ ਚੋਣਾਂ ਦੌਰਾਨ ਕੰਮ ਕਰਨ ਲਈ ਦੂਜੇ ਰਾਜਾਂ ਤੋਂ ਲੋਕਾਂ ਨੂੰ ਲਿਆ ਰਹੇ ਹਨ।
ਜਿਸ 'ਤੇ ਕੈਪਟਨ ਅਮਰਿੰਦਰ ਨੇ ਲੋਕਾਂ ਨੂੰ 4 ਫਰਵਰੀ ਨੂੰ ਆਪਣੀ ਵੋਟ ਰਾਹੀਂ ਕੇਜਰੀਵਾਲ ਨੂੰ ਇਹ ਸਪੱਸ਼ਟ ਕਰਨ ਦੀ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਕੇਜਰੀਵਾਲ ਵਰਗੇ ਘਟੀਆ ਤੇ ਲਾਲਚੀ ਵਿਅਕਤੀਆ ਨੂੰ ਆਪਣੇ ਹਿੱਤ ਵੇਚਣ ਲਈ ਬੇਵਕੂਫ ਨਹੀਂ ਬਣਾਇਆ ਜਾ ਸਕਦਾ।