ਚੰਡੀਗੜ੍ਹ, 18 ਜਨਵਰੀ, 2017 : 4 ਫਰਵਰੀ ਨੂੰ ਪੈਣ ਵਾਲੀ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ ਕੁੱਲ 1941 ਨਾਮਜ਼ਦਗੀਆਂ ਦਾਖਲ ਹੋਈਆਂ। ਅੱਜ ਨਾਮਜ਼ਦਗੀਆਂ ਦੇ ਆਖਰੀ ਦਿਨ ਕੁੱਲ 1040 ਨਾਮਜ਼ਦਗੀਆਂ ਹੋਈਆਂ ਜਦੋਂ ਕਿ ਕੱਲ੍ਹ ਤੱਕ ਕੁੱਲ 901 ਹੋਈਆਂ ਸਨ। ਕਾਗਜ਼ਾਂ ਦੀ ਪੜਤਾਲ ਅਤੇ ਨਾਮਜ਼ਦਗੀਆਂ ਵਾਪਸ ਲੈਣ ਤੋਂ ਪਹਿਲਾਂ ਕੁੱਲ 1941 ਨਾਮਜ਼ਦਗੀਆਂ ਦਾਖਲ ਹੋ ਗਈਆਂ ਹਨ। ਲੁਧਿਆਣਾ ਜ਼ਿਲੇ ਵਿੱਚ ਸਭ ਤੋਂ ਵੱਧ 222 ਨਾਮਜ਼ਦਗੀਆਂ ਹੋਈਆਂ ਜਦੋਂ ਕਿ ਫਤਹਿਗੜ੍ਹ ਸਾਹਿਬ ਜ਼ਿਲੇ ਵਿੱਚ ਸਭ ਤੋਂ ਘੱਟ 37 ਨਾਮਜ਼ਦਗੀਆਂ ਹੋਈਆਂ।
ਇਸੇ ਤਰ੍ਹਾਂ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲਈ ਕੁੱਲ 15 ਨਾਮਜ਼ਦਗੀਆਂ ਦਾਖਲ ਹੋਈਆਂ ਹਨ। ਅੱਜ ਆਖਰੀ ਦਿਨ 15 ਨਾਮਜ਼ਦਗੀਆਂ ਦਾਖਲ ਹੋਈਆਂ ਜਦੋਂ ਕਿ ਕੱਲ੍ਹ ਤੱਕ 5 ਦਾਖਲ ਹੋਈਆਂ ਸਨ। ਇਹ ਜਾਣਕਾਰੀ ਮੁੱਖ ਚੋਣ ਅਫਸਰ ਪੰਜਾਬ ਦੇ ਬੁਲਾਰੇ ਨੇ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੱਤੀ। ਭਲਕੇ 19 ਜਨਵਰੀ ਨਾਮਜ਼ਦਗੀਆਂ ਦੀ ਪੜਤਾਲ ਹੋਵੇਗੀ ਜਦੋਂ ਕਿ 21 ਜਨਵਰੀ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ ਹੈ।
ਬੁਲਾਰੇ ਨੇ ਕੁੱਲ ਹੋਈਆਂ 1941 ਨਾਮਜ਼ਦਗੀਆਂ ਵਿੱਚੋਂ ਜ਼ਿਲਾ ਵਾਰ ਹੋਈਆਂ ਕੁੱਲ ਨਾਮਜ਼ਦਗੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਜ਼ਿਲੇ ਵਿੱਚ ਹੁਣ ਤੱਕ ਕੁੱਲ 196 ਨਾਮਜ਼ਦਗੀਆਂ ਦਾਖਲ ਹੋਈਆਂ। ਇਸੇ ਤਰ੍ਹਾਂ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਬਰਨਾਲਾ ਜ਼ਿਲੇ ਵਿੱਚ 44, ਬਠਿੰਡਾ ਵਿੱਚ 110, ਫਰੀਦਕੋਟ ਵਿੱਚ 41, ਫਾਜ਼ਿਲਕਾ ਵਿੱਚ 67, ਫਤਹਿਗੜ੍ਹ ਸਾਹਿਬ ਵਿੱਚ 37, ਫਿਰੋਜ਼ਪੁਰ ਵਿੱਚ 70, ਗੁਰਦਾਸਪੁਰ ਵਿੱਚ 106, ਹੁਸ਼ਿਆਰਪੁਰ ਵਿੱਚ 119, ਜਲੰਧਰ ਵਿੱਚ 146, ਕਪੂਰਥਲਾ ਵਿੱਚ 76, ਲੁਧਿਆਣਾ ਵਿੱਚ 222, ਮਾਨਸਾ ਵਿੱਚ 48, ਮੋਗਾ ਵਿੱਚ 61, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ 69, ਮੁਕਤਸਰ ਵਿੱਚ 68, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਵਿੱਚ 45, ਪਟਿਆਲਾ ਵਿੱਚ 148, ਪਠਾਨਕੋਟ ਵਿੱਚ 58, ਰੂਪਨਗਰ ਵਿੱਚ 41, ਸੰਗਰੂਰ ਵਿੱਚ 115 ਤੇ ਤਰਨ ਤਾਰਨ ਜ਼ਿਲੇ ਵਿੱਚ 55 ਨਾਮਜ਼ਦਗੀਆਂ ਦਾਖਲ ਹੋਈਆਂ।