ਬਠਿੰਡਾ, 7 ਜਨਵਰੀ, 2017 : ਜ਼ਿਲਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਸ੍ਰੀ ਘਣਸ਼ਿਆਮ ਥੋਰੀ ਨੇੋਆਖਿਆ ਕਿ ਸੰਵੇਦਨਸ਼ੀਲ ਅਤੇ ਨਾਜ਼ੁਕ ਚੋਣ ਥਾਵਾਂ ਅਤੇ ਸਟੇਸ਼ਨਾਂ 'ਤੇ ਕੇਂਦਰੀ ਬਲ ਤਾਇਨਾਤ ਕੀਤੇ ਜਾਣਗੇ ਕਿਉਂਕਿ 251 ਚੋਣ ਥਾਵਾਂ ਅਤੇ 296 ਪੋਲਿੰਗ ਸਟੇਸ਼ਨ ਸੰਵੇਦਨਸ਼ੀਲ ਹਨ।
ਇਹ ਪ੍ਰਗਟਾਵਾ ਕਰਦਿਆਂ ਸ੍ਰੀ ਥੋਰੀ ਨੇ ਦੱਸਿਆ ਕਿ ਬਠਿੰਡਾ ਜ਼ਿਲੇ ਵਿੱਚ ਕੁੱਲ 1051 ਪੋਲਿੰਗ ਸਟੇਸ਼ਨ ਹਨ ਅਤੇ 522 ਚੋਣ ਥਾਵਾਂ ਨੂੰ ਤਿੰਨ ਸ਼੍ਰੇਣੀਆਂ ਸੰਵੇਦਨਸ਼ੀਲ, ਨਾਜ਼ੁਕ ਅਤੇ ਸਧਾਰਨ ਵਿੱਚ ਵੰਡਿਆ ਗਿਆ ਹੈ। ਉਨਾਂ ਕਿਹਾ ਕਿ ਛੇ ਵਿਧਾਨ ਸਭਾ ਹਲਕਿਆਂ ਵਿੱਚੋਂ ਪੰਜ ਹਲਕਿਆਂ ਵਿੱਚ 9 ਚੋਣ ਥਾਵਾਂ ਅਤੇ 9 ਪੋਲਿੰਗ ਸਟੇਸ਼ਨ ਨਾਜ਼ੁਕ ਹਨ ਜਿੱਥੇ ਨਿਰਪੱਖ, ਆਜ਼ਾਦ ਅਤੇ ਸ਼ਾਂਤੀਪੂਰਨ ਚੋਣਾਂ ਕਰਵਾਉਣ ਲਈ ਸੁਰੱਖਿਆ ਦੇ ਵਾਧੂ ਇੰਤਜ਼ਾਮ ਯਕੀਨੀ ਬਣਾਏ ਜਾਣਗੇ। ਉਨਾਂ ਕਿਹਾ ਕਿ ਸੰਵੇਦਨਸ਼ੀਲ ਅਤੇ ਨਾਜ਼ੁਕ ਚੋਣ ਥਾਵਾਂ 'ਤੇ ਮੋਬਾਈਲ ਗਸ਼ਤ ਤੇਜ਼ ਕੀਤੀ ਜਾਵੇਗੀ। ਉਨਾਂ ਕਿਹਾ ਕਿ ਉਡਣ ਦਸਤੇ ਅਤੇ ਨਿਗਰਾਨ ਟੀਮਾਂ ਤਾਇਨਾਤ ਕੀਤੀ ਗਈਆਂ ਹਨ ਜਿਸ ਤਹਿਤ ਕ੍ਰਮਵਾਰ ਪ੍ਰਤੀ ਹਲਕਾ ਅਤੇ ਪੁਲੀਸ ਸਟੇਸ਼ਨ ਚਾਰ ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ।
ਜ਼ਿਲਾ ਚੋਣ ਅਧਿਕਾਰੀ ਨੇ ਦੱਸਿਆ ਕਿ ਹਰੇਕ ਚੋਣ ਸਥਾਨ 'ਤੇ ਤਿੰਨ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ ਅਤੇ ਦੋ ਚੋਣ ਸਥਾਨ 'ਤੇ ਚਾਰ ਜਦਕਿ ਤਿੰਨ ਚੋਣ ਸਥਾਨਾਂ 'ਤੇ ਪੰਜ ਪੁਲੀਸ ਮੁਲਾਜ਼ਮ ਤਾਇਨਾਤ ਹੋਣਗੇ। ਉਨਾਂ ਕਿਹਾ ਕਿ ਚਾਰ ਚੋਣ ਸਥਾਨਾਂ 'ਤੇ ਛੇ ਪੁਲੀਸ ਮੁਲਾਜ਼ਮ ਡਿਊਟੀ 'ਤੇ ਹਾਜ਼ਰ ਰਹਿਣਗੇ ਅਤੇ 5 ਚੋਣ ਸਥਾਨਾਂ 'ਤੇ 7 ਪੁਲਿਸ ਮੁਲਾਜ਼ਮ ਤਾਇਨਾਤ ਹੋਣਗੇ ਜਦਕਿ 6 ਚੋਣ ਸਥਾਨਾਂ 'ਤੇ 9 ਮੁਲਾਜ਼ਮ ਡਿਊਟੀ ਦੇਣਗੇ ਤਾਂ ਜੋ ਚੋਣਾਂ ਅਮਨ-ਅਮਾਨ ਨਾਲ ਨੇਪਰੇ ਚਾੜੀਆਂ ਜਾ ਸਕਣ।
ਸੰਵੇਦਨਸ਼ੀਲ ਚੋਣ ਥਾਵਾਂ ਅਤੇ ਸਟੇਸ਼ਨਾਂ ਦੀ ਹਲਕਾ ਵਾਰ ਜਾਣਕਾਰੀ ਦਿੰਦਿਆਂ ਸ਼੍ਰੀ ਥੋਰੀ ਨੇ ਦੱਸਿਆ ਕਿ 90-ਰਾਮਪੁਰਾ ਫੂਲ ਵਿਚ ਕ੍ਰਮਵਾਰ 50 ਅਤੇ 80 ਅਜਿਹੀਆਂ ਥਾਵਾਂ ਹਨ ਜਦਕਿ 91-ਭੁੱਚੋਂ ਇਹ ਅੰਕੜਾ 49-49 ਅਤੇ 92 ਬਠਿੰਡਾ ਸ਼ਹਿਰੀ 35-41 ਹੈ। ਉਨ੍ਹਾਂ ਦੱਸਿਆ ਕਿ ਬਠਿੰਡਾ ਦਿਹਾਤੀ ਵਿਚ ਇਹ ਅੰਕੜਾ 44-44 ਅਤੇ 94 ਤਲਵੰਡੀ ਸਾਬੋ ਹਲਕੇ ਵਿਚ 29 ਚੋਣ ਥਾਵਾਂ ਅਤੇ 35 ਪੋਲਿੰਗ ਸਟੇਸ਼ਨ ਸੰਵੇਦਨਸ਼ੀਲ ਹਨ ਜਦਕਿ 95 ਮੌੜ ਵਿਚ ਇਹ ਗਿਣਤੀ 44 ਅਤੇ 47 ਹੈ। ਉਨ੍ਹਾਂ ਦੱਸਿਆ ਕਿ ਨਿਰਪੱਖ ਅਤੇ ਸ਼ਾਂਤਮਈ ਚੋਣਾਂ ਕਰਵਾਉਣ ਲਈ ਇਨ੍ਹਾਂ ਸਥਾਨਾਂ 'ਤੇ ਜਿਥੇ ਵਧੇਰੇ ਫੋਰਸ ਅਤੇ ਕੇਂਦਰੀ ਬਲ ਲਾਏ ਜਾ ਰਹੇ ਹਨ ਉਥੇ ਨਾਲ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲਾਇਸੰਸੀ ਹਥਿਆਰ ਵੀ ਜਮ੍ਹਾਂ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਵਿਚ 292 ਅਤੇ 746 ਕ੍ਰਮਵਾਰ ਸਧਾਰਣ ਪੋਲਿੰਗ ਥਾਵਾਂ ਅਤੇ ਪੋਲਿੰਗ ਸਟੇਸ਼ਨ ਹਨ ਜਿਨ੍ਹਾਂ 'ਤੇ ਵੀ ਲੋੜੀਂਦੀ ਸੁਰੱਖਿਆ ਪ੍ਰਬੰਧ ਅਮਲ ਵਿਚ ਲਿਆਂਦੇ ਜਾ ਰਹੇ ਹਨ।