ਚੰਡੀਗੜ੍ਹ, 26 ਜਨਵਰੀ, 2017 : ਕਾਂਗਰਸ ਦੇ ਚੋਣ ਪ੍ਰਚਾਰ ਨੂੰ ਵੀਰਵਾਰ ਨੂੰ ਉਸ ਵੇਲੇ ਹੋਰ ਉਤਸਾਹ ਮਿਲਿਆ, ਜਦੋਂ ਬਹੁਜਨ ਸਮਾਜ ਪਾਰਟੀ ਦੇ ਕਈ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਦੀ ਮੌਜ਼ੂਦਗੀ ਹੇਠ ਪਾਰਟੀ 'ਚ ਸ਼ਾਮਿਲ ਹੋ ਗਏ।
ਇਸ ਲੜੀ ਹੇਠ, 2012 'ਚ ਲੁਧਿਆਣਾ ਪੂਰਬੀ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਵਾਲੇ ਬਸਪਾ ਦੇ ਪੰਜਾਬ ਕਨਵੀਨਰ ਤੇ ਪ੍ਰਚਾਰਕ ਰਮਨਜੀਤ ਲਾਲੀ, 15 ਹੋਰ ਪਾਰਟੀ ਆਗੂਆਂ ਤੇ ਸਮਰਥਕਾਂ ਸਮੇਤ ਪੰਜਾਬ ਕਾਂਗਰਸ 'ਚ ਸ਼ਾਮਿਲ ਹੋ ਗਏ।
ਉਨ੍ਹਾਂ ਦਾ ਪਾਰਟੀ 'ਚ ਸਵਾਗਤ ਕਰਦਿਆਂ, ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲਗਭਗ ਸਾਰੀਆਂ ਮੁੱਖ ਵਿਰੋਧੀ ਪਾਰਟੀਆਂ ਦੇ ਆਗੂਆਂ ਦਾ ਕਾਂਗਰਸ 'ਚ ਸ਼ਾਮਿਲ ਹੋਣਾ, ਇਸਦੀ ਧਰਮ ਨਿਰਪੱਖ ਸਾਖ ਦਾ ਸਬੂਤ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਹੀ ਇਕੋ ਇਕ ਪਾਰਟੀ ਹੈ, ਜਿਹੜੀ ਜਾਤ ਤੇ ਨਸਲ ਉਪਰ ਧਿਆਨ ਨਾ ਦੇ ਕੇ ਸਮਾਜ ਦੇ ਹਰੇਕ ਵਰਗ ਦੇ ਹਿੱਤ 'ਚ ਕੰਮ ਕਰ ਰਹੀ ਹੈ।
2007 'ਚ ਬਸਪਾ ਦੀ ਟਿਕਟ 'ਤੇ ਲੁਧਿਆਣਾ ਉਤਰੀ ਸੀਟ ਤੋਂ ਵੀ ਚੋਣ ਲੜਨ ਵਾਲੇ ਲਾਲੀ ਨੇ, ਕਾਂਗਰਸ ਨੂੰ ਬਗੈਰ ਕਿਸੇ ਸ਼ਰਤ ਆਪਣਾ ਪੂਰਾ ਸਮਰਥਨ ਦਿੰਦਿਆਂ ਕਿਹਾ ਕਿ ਉਹ ਤੇ ਉਨ੍ਹਾਂ ਦੇ ਸਮਰਥਕ ਸਬੰਧਤ ਇਲਾਕਿਆਂ ਅੰਦਰ ਸਖ਼ਤ ਮਿਹਨਤ ਕਰਦਿਆਂ ਪੁਖਤਾ ਕਰਨਗੇ ਕਿ ਚੋਣਾਂ ਦੌਰਾਨ ਪਾਰਟੀ ਸ਼ਾਨਦਾਰ ਅੰਤਰ ਨਾਲ ਜਿੱਤ ਦਰਜ਼ ਕਰੇ।
ਇਸ ਮੌਕੇ ਕਾਂਗਰਸ 'ਚ ਸ਼ਾਮਿਲ ਹੋਣ ਵਾਲੇ ਹੋਰ ਆਗੂਆਂ 'ਚ ਕੌਂਸਲਰ ਹੰਸ ਰਾਜ, ਬਸਪਾ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਢੰਡਾਰੀ, ਬਸਪਾ ਲੁਧਿਆਣਾ ਦਿਹਾਤੀ ਦੇ ਸਾਬਕਾ ਪ੍ਰਧਾਨ ਗਿਆਨ ਸਿੰਘ ਬਾਲੀ, 2012 ਵਿਧਾਨ ਸਭਾ ਚੋਣਾਂ ਦੌਰਾਨ ਰਾਏਕੋਟ ਤੋਂ ਬਸਪਾ ਉਮੀਦਵਾਰ ਰਹੇ ਬਲਦੇਵ ਸਿੰਘ, 2012 'ਚ ਲੁਧਿਆਣਾ ਦੱਖਣੀ ਤੋਂ ਬਸਪਾ ਉਮੀਦਵਾਰ ਰਹੇ ਭਾਨੂ ਪ੍ਰਸਾਦ ਯਾਦਵ, 2012 'ਚ ਆਤਮ ਨਗਰ ਤੋਂ ਬਸਪਾ ਉਮੀਦਵਾਰ ਰਹੇ ਬਲਦੇਵ ਸਿੰਘ ਦੂਬੇ ਤੇ ਦਲਿਤ ਲੀਡਰ ਤਰਸੇਮ ਲਾਲ ਫਗਵਾੜਾ ਵੀ ਸਨ।
ਇਨ੍ਹਾਂ ਬਸਪਾ ਆਗੂਆਂ ਦੀ ਕਾਂਗਰਸ 'ਚ ਸ਼ਮੂਲੀਅਤ ਕਰਵਾਉਣ 'ਚ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਸਕੱਤਰ ਦਮਨਜੀਤ ਸਿੰਘ ਸੋਹੀ ਦਾ ਯੋਗਦਾਨ ਰਿਹਾ। ਇਸ ਸ਼ਮੂਲੀਅਤ ਦੌਰਾਨ ਹੋਰਨਾਂ ਤੋਂ ਇਲਾਵਾ, ਲੁਧਿਆਣਾ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜੀਵ ਰਾਜਾ, ਪ੍ਰਦੇਸ਼ ਕਾਂਗਰਸ ਸਕੱਤਰ ਅੰਕਿਤ ਬਾਂਸਲ ਤੇ ਯੂਥ ਕਾਂਗਰਸ ਦੇ ਵਿਧਾਨ ਸਭਾ ਪ੍ਰਧਾਨ ਰਮਨਦੀਪ ਸਿੰਘ ਰਿੱਕੀ ਵੀ ਮੌਜ਼ੂਦ ਰਹੇ।