ਚੰਡੀਗੜ੍ਹ, 13 ਜਨਵਰੀ, 2017 : 4 ਫਰਵਰੀ ਨੂੰ ਪੰਜਾਬ ਕਾਂਗਰਸ ਦੀ ਮਿਆਨ ਦੇ ਸਾਰੇ ਤੀਰ ਬਾਹਰਲੇ ਉਮੀਦਵਾਰ ਨਹੀਂ ਸਗੋਂ ਇਸ ਦੇ ਆਪਣੇ ਬਾਗੀ ਹੀ ਤੋੜਣਗੇ। ਕਾਂਗਰਸੀ ਉਮੀਦਵਾਰਾਂ ਦੀ ਹਰ ਨਵੀ ਸੂਚੀ ਆਉਣ ਮਗਰੋਂ ਘੱਟੋ ਘੱਟ ਅੱਧੀ ਦਰਜਨ ਬਾਗੀ ਪਾਰਟੀ ਵਿਰੁੱਧ ਹਥਿਆਰ ਚੁੱਕ ਲੈਂਦੇ ਹਨ।
ਇਹ ਸ਼ਬਦ ਸ੍ਰæੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਉਪ ਮੁੱਖ ਮੰਤਰੀ ਸ਼ ਮਨਜਿੰਦਰ ਸਿੰਘ ਸਿਰਸਾ ਨੇ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹਨਾਂ ਕਿਹਾ ਕਿ ਕਾਂਗਰਸ ਦੀ ਤੀਜੀ ਸੂਚੀ ਜਾਰੀ ਹੁੰਦੇ ਹੀ ਵੱਖ ਵੱਖ ਹਲਕਿਆਂ ਵਿਚ ਬਗਾਵਤ ਦੇ ਝੰਡੇ ਉੱਠਣੇ ਸ਼ੁਰੂ ਹੋ ਗਏ ਹਨ। ਜਲੰਧਰ ਹਲਕੇ ਤੋਂ ਸੀਨੀਅਰ ਕਾਂਗਰਸੀ ਆਗੂ ਅਵਤਾਰ ਹੈਨਰੀ ਦੇ ਪਰਿਵਾਰ ਨੂੰ ਮਿਲਣ ਵਾਲੀ ਟਿਕਟ ਤੇਜਿੰਦਰ ਬਿੱਟੂ ਕੋਲ ਚਲੀ ਗਈ ਹੈ ਅਤੇ ਹੈਨਰੀ ਪਰਿਵਾਰ ਵੱਖਰਾ ਮੋਰਚਾ ਖੋਲ੍ਹਣ ਵਿਚ ਜੁਟ ਗਿਆ ਹੈ। ਇਸੇ ਤਰ੍ਹਾਂ ਪਠਾਨਕੋਟ ਤੋਂ ਟਿਕਟ ਦੇ ਵੱਡੇ ਦਾਅਵੇਦਾਰ ਅਸ਼ੋਕ ਸ਼ਰਮਾ ਦਾ ਪੱਤਾ ਕੱਟ ਕੇ ਅਮਿਤ ਵਿੱਜ ਨੂੰ ਟਿਕਟ ਦੇ ਦਿੱਤੀ ਗਈ ਹੈ, ਜਿਸ ਮਗਰੋਂ ਦਾਅਵੇਦਾਰ ਨੇ ਪਾਰਟੀ ਉਮੀਦਵਾਰ ਨੂੰ ਸ਼ਰੀਕ ਬਣ ਕੇ ਘੇਰਣ ਦਾ ਐਲਾਨ ਕਰ ਦਿੱਤਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਪਾਰਟੀ ਅੰਦਰ ਏਕਤਾ ਦੇ ਢੋਲ ਸਿਰਫ ਟਿਕਟਾਂ ਦੀ ਵੰਡ ਤੋਂ ਪਹਿਲਾਂ ਵੱਜਦੇ ਹਨ। ਉਮੀਦਵਾਰਾਂ ਦਾ ਐਲਾਨ ਹੁੰਦੇ ਹੀ ਕਾਂਗਰਸ ਤਾਸ਼ ਦੇ ਪੱਤਿਆਂ ਵਾਂਗ ਡਿੱਗਣੀ ਸ਼ੁਰੂ ਹੋ ਜਾਂਦੀ ਹੈ। ਉਮੀਦਵਾਰਾਂ ਦੀਆਂ ਪਹਿਲੀਆਂ ਦੋ ਸੂਚੀਆਂ ਦੇ ਐਲਾਨ ਸਮੇਂ ਵੀ ਅਜਿਹਾ ਹੀ ਹੋਇਆ ਹੈ। ਜਿਸ ਮਗਰੋਂ ਵਿਧਾਨ ਸਭਾ ਹਲਕਿਆਂ ਖੇਮਕਰਨ, ਬੰਗਾ, ਭਦੌੜ, ਸੁਨਾਮ ਅਤੇ ਖਰੜ ਵਿਚ ਬਾਗੀਆਂ ਨੇ ਉਮੀਦਵਾਰਾਂ ਦੇ ਬਰਾਬਰ ਮੋਰਚੇ ਖੋਲ੍ਹੇ ਹੋਏ ਹਨ।
ਉਹਨਾਂ ਕਿਹਾ ਕਿ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਵੱਲੋਂ ਦੂਜੀਆਂ ਪਾਰਟੀਆਂ ਵਿਚੋਂ ਕਾਂਗਰਸ ਲਿਆਂਦੇ ਆਗੂ ਵੀ ਪੁਰਾਣੇ ਕਾਂਗਰਸੀਆਂ ਲਈ ਸਿਰਦਰਦੀ ਬਣੇ ਹੋਏ ਹਨ। ਕਾਂਗਰਸ ਨੇ ਅਜਿਹੇ ਤਿੰਨ ਦਲਬਦਲੂਆਂ ਦੇਵਿੰਦਰ ਘੁਬਾਇਆ, ਕਮਲਜੀਤ ਕਰਵਾਲ ਅਤੇ ਪ੍ਰੀਤਮ ਕੋਟਭਾਈ ਨੂੰ ਟਿਕਟਾਂ ਦੇ ਕੇ ਫਾਜ਼ਿਲਕਾ, ਆਤਮ ਨਗਰ ਅਤੇ ਭੁੱਚੋ ਹਲਕਿਆਂ ਵਿਚ ਆਪਣੀ ਕਬਰ ਆਪ ਪੁੱਟ ਲਈ ਹੈ। ਇਹਨਾਂ ਹਲਕਿਆਂ ਵਿਚ ਪੁਰਾਣੇ ਕਾਂਗਰਸੀਆਂ ਵੱਲੋਂ ਪਾਰਟੀ ਉਮੀਦਵਾਰਾਂ ਖਿਲਾਫ ਬਗਾਵਤ ਦਾ ਝੰਡਾ ਬੁਲੰਦ ਕਰ ਦਿੱਤਾ ਗਿਆ ਹੈ।
ਸ਼ ਸਿਰਸਾ ਨੇ ਕਿਹਾ ਕਿ ਜਦੋਂ ਕਾਂਗਰਸ ਦੀ ਆਖਰੀ ਸੂਚੀ ਆਵੇਗੀ ਤਾਂ ਚੋਣ ਮੈਦਾਨ ਵਿਚ ਇੱਕ-ਇੱਕ ਕਾਂਗਰਸੀ ਉਮੀਦਵਾਰ ਦੇ ਖਿਲਾਫ ਤਿੰਨ-ਤਿੰਨ ਬਾਗੀ ਖੜ੍ਹੇ ਮਿਲਣਗੇ। ਅਮਰਿੰਦਰ ਦੁਆਰਾ ਦੂਜੀਆਂ ਪਾਰਟੀਆਂ ਵਿਚੋਂ ਇਕੱਠੇ ਕੀਤੇ ਸਾਰੇ ਦਲਬਦਲੂਆਂ ਨੂੰ ਟਿਕਟਾਂ ਮਿਲਣੀਆਂ ਤਾਂ ਸੰਭਵ ਨਹੀਂ, ਇਸ ਲਈ ਉਹ ਸਾਰੇ ਵੀ ਕਾਂਗਰਸ ਦੀ ਬੇੜੀ ਵੱਟੇ ਪਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਹਨਾਂ ਕਿਹਾ ਕਿ ਆਪ ਅਤੇ ਕਾਂਗਰਸ ਦੇ ਉਮੀਦਵਾਰਾਂ ਨੂੰ ਆਪਣੀਆਂ ਜ਼ਮਾਨਤਾਂ ਬਚਾਉਣੀਆਂ ਵੀ ਮੁਸ਼ਕਿਲ ਹੋ ਜਾਣਗੀਆਂ ਜਦਕਿ ਅਕਾਲੀ-ਭਾਜਪਾ ਗਠਜੋੜ ਲਗਾਤਾਰ ਤੀਜੀ ਵਾਰ ਸੱਤਾ ਵਿਚ ਆ ਕੇ ਇਤਿਹਾਸ ਸਿਰਜੇਗਾ।