← ਪਿਛੇ ਪਰਤੋ
ਪਟਿਆਲਾ, 30 ਜਨਵਰੀ, 2017 : ਰਾਜਸੀ ਪਾਰਟੀਆਂ ਦੇ ਕੁਝ ਉਮੀਦਵਾਰਾਂ ਵੱਲੋਂ ਬਿਨਾਂ ਪ੍ਰਿੰਟ ਲਾਈਨ ਵਾਲੇ ਪੈਂਫਲੈਟ ਅਖਬਾਰਾਂ ਵਿੱਚ ਪਾ ਕੇ ਵੰਡਵਾਉਣ ਦਾ ਗੰਭੀਰ ਨੋਟਿਸ ਲੈਂਦਿਆਂ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਰਾਮਵੀਰ ਸਿੰਘ ਨੇ ਅਜਿਹੇ ਢੰਗ ਨਾਲ ਪ੍ਰਚਾਰ ਕਰਨ ਵਾਲੇ ਉਮੀਦਵਾਰਾਂ ਉਹਨਾਂ ਦੇ ਸਮੱਰਥਕਾਂ ਤੇ ਨਾਲ ਹੀ ਅਖ਼ਬਾਰਾਂ ਦੇ ਏਜੰਟਾਂ ਤੇ ਹਾਕਰਾਂ ਨੂੰ ਕਿਹਾ ਕਿ ਉਹ ਅਜਿਹੇ ਢੰਗ ਤਰੀਕੇ ਅਪਨਾਉਣ ਤੋਂ ਗੁਰੇਜ ਕਰਨ। ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਅਜਿਹੇ ਮਾਮਲੇ ਵਿੱਚ ਦੋਸ਼ੀ ਪਾਏ ਗਏ ਵਿਅਕਤੀਆਂ ਖਿਲਾਫ ਚੋਣ ਜਾਬਤੇ ਦੀ ਉਲੰਘਣਾ ਤਹਿਤ ਪੁਲਿਸ ਕੇਸ ਦਰਜ਼ ਕੀਤੇ ਜਾਣਗੇ। ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਇਹ ਦੇਖਣ ਵਿੱਚ ਆਇਆ ਹੈ ਕਿ ਕੁਝ ਰਾਜਸੀ ਪਾਰਟੀਆਂ ਬਿਨਾਂ ਪ੍ਰਿੰਟਰ ਤੇ ਪਬਲੀਸ਼ਰ ਦੇ ਨਾਮ ਵਾਲੇ ਭੜਕਾਊ ਤੇ ਗਲਤ ਜਾਣਕਾਰੀ ਵਾਲੇ ਪੋਸਟਰ ਛਪਵਾ ਕੇ ਅਖਬਾਰਾਂ ਵਿੱਚ ਪਾ ਕੇ ਵੰਡਵਾ ਰਹੇ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਅਜਿਹੀਆਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਇਸ ਲਈ ਦੋਸ਼ੀ ਪਾਏ ਗਏ ਵਿਅਕਤੀਆਂ ਖਿਲਾਫ ਚੋਣ ਜਾਬਤੇ ਦੀ ਉਲੰਘਣਾ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਹਨਾਂ ਕਿਹਾ ਕਿ ਅਜਿਹੇ ਪੋਸਟਰ ਵੋਟਰਾਂ ਵਿੱਚ ਭੁਲੇਖੇ ਪੈਦਾ ਕਰਦੇ ਹਨ। ਸ਼੍ਰੀ ਰਾਮਵੀਰ ਸਿੰਘ ਨੇ ਅਖਬਾਰਾਂ ਵੰਡਾਉਣ ਵਾਲੇ ਏਜੰਟਾਂ ਨੂੰ ਤਾੜਨਾਂ ਕੀਤੀ ਹੈ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਬਿਨਾਂ ਪ੍ਰਿੰਟ ਲਾਈਨ ਵਾਲਾ ਪੋਸਟਰ ਕਿਸੇ ਵੀ ਹਾਲਤ ਵਿੱਚ ਨਾ ਵੰਡਵਾਇਆ ਜਾਵੇ ਅਤੇ ਪੋਸਟਰ/ਪੈਂਫਲੈਟ ਵੰਡਾਉਣ ਵਾਲੇ ਵਿਅਕਤੀ ਦਾ ਪਹਿਚਾਣ ਪੱਤਰ ਲੈਣਾ ਯਕੀਨੀ ਬਣਾਇਆ ਜਾਵੇ। ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਜੇ ਅਖਬਾਰਾਂ ਦੇ ਕਿਸੇ ਏਜੰਟ/ਹਾਕਰ ਜਾਂ ਕਿਸੇ ਹੋਰ ਵਿਅਕਤੀ, ਸੰਸਥਾ ਜਾਂ ਪਾਰਟੀ ਨੇ ਬਿਨਾਂ ਪ੍ਰਿੰਟ ਲਾਈਨ ਵਾਲੇ ਅਜਿਹੇ ਪੋਸਟਰ/ਪੈਂਫਲੈਟ ਵੰਡਵਾਏ ਤਾਂ ਇਸ ਲਈ ਉਸ ਵਿਰੁੱਧ ਚੋਣ ਜਾਬਤੇ ਦੀ ਉਲੰਘਣਾ ਤਹਿਤ ਪੁਲਿਸ ਕੇਸ ਦਰਜ ਕੀਤਾ ਜਾਵੇਗਾ।
Total Responses : 267