ਫਾਈਲ ਫੋਟੋ
ਚੰਡੀਗੜ੍ਹ, 29 ਜਨਵਰੀ, 2017 : ਆਮ ਆਦਮੀ ਪਾਰਟੀ ਨੇ ਅੱਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਹਰਾਉਣ ਲਈ ਕਾਂਗਰਸ ਨੂੰ ਸਮਰਥਨ ਦੇਣ ਬਾਰੇ ਸਵਾਲ ਕੀਤਾ ਹੈ।
ਇੱਥੋਂ ਜਾਰੀ ਇੱਕ ਬਿਆਨ ਵਿੱਚ ਆਮ ਆਦਮੀ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਗਵੰਤ ਮਾਨ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਉਤੇ ਵਰਦਿਆਂ ਕਾਂਗਰਸ ਨਾਲ ਮਿਲ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਲਈ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾਏ ਜਾਣ ਦੀ ਕਰੜੀ ਨਿੰਦਾ ਕੀਤੀ। ਉਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਸੂਬੇ ਦੇ ਗ੍ਰਹਿ ਮੰਤਰੀ ਸਨ ਅਤੇ ਬੇਅਦਬੀ ਦੀਆਂ ਘਟਨਾਵਾਂ ਲਈ ਸਿੱਧੇ ਤੌਰ ਉਤੇ ਜਿੰਮੇਵਾਰ ਹਨ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਉਤੇ ਆਰੋਪ ਲਗਾਉਣ ਤੋਂ ਪਹਿਲਾਂ ਉਹ ਸਪਸ਼ਟ ਕਿਓਂ ਨਹੀਂ ਕਰਦੇ ਕਿ ਦੋਸ਼ੀਆਂ ਨੂੰ ਹਾਲੇ ਤੱਕ ਕਿਓਂ ਨਹੀਂ ਫੜਿਆ ਗਿਆ।
ਭਗਵੰਤ ਮਾਨ ਨੇ ਕਿਹਾ ਕਿ ਚੋਣ ਮੀਟਿੰਗਾਂ ਦੌਰਾਨ ਸੱਚ ਨੂੰ ਛੁਪਾਉਂਦਿਆਂ ਹੋਇਆਂ ਉਨਾਂ ਦੀ ਜੁਬਾਨ ਫਿਸਲ ਜਾਂਦੀ ਹੈ। ਮੋਗਾ ਵਿੱਚ ਸਖਬੀਰ ਬਾਦਲ ਨੇ ਕੱਲ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਬੇਅਦਬੀ ਦੀਆਂ ਘਟਨਾਵਾਂ ਵਿੱਚ ਸ਼ਾਮਿਲ ਸੀ ਅਤੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਲਈ ਜਿੰਮੇਵਾਰ ਸੀ। ਪਿਛਲੇ ਹਫਤੇ ਅੰਮਿ੍ਰਤਸਰ ਵਿੱਚ ਉਨਾਂ ਕਿਹਾ ਸੀ ਕਿ ਉਹ ਅੰਮਿ੍ਰਤਸਰ ਨੂੰ ਸਭ ਤੋਂ ਬਦਸੂਰਤ ਸ਼ਹਿਰ ਬਣਾਉਣਾ ਚਾਹੁੰਦੇ ਹਨ।
ਮਾਨ ਨੇ ਕਿਹਾ ਕਿ ਜਦੋਂ ਬੇਅਦਬੀ ਦੀ ਪਹਿਲੀ ਘਟਨਾ ਵਾਪਰੀ ਸੀ, ਤਾਂ ਉਦੋਂ ਸੁਖਬੀਰ ਬਾਦਲ ਨੇ ਪਾਕਿਸਤਾਨ ਦੀ ਆਈਐਸਆਈ ਅਤੇ ਜਰਮਨ ਦੀ ਇੰਟੈਲੀਜੈਂਸ ਏਜੰਸੀ ਨੂੰ ਜਿੰਮੇਵਾਰ ਦੱਸਿਆ ਸੀ। ਕਈ ਵਾਰ ਉਨਾਂ ਨੇ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਰੂਸ ਦਾ ਹੱਥ ਹੋ ਸਕਦਾ ਹੈ। ਹਾਲ ਹੀ ਵਿੱਚ ਉਹਨੂੰ ਅਹਿਸਾਸ ਹੋਇਆ ਕਿ ਆਮ ਆਦਮੀ ਪਾਰਟੀ ਅਸਲ ਦੋਸ਼ੀ ਹੈ। ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਆਪਣੀ ਸਹੂਲਤ ਦੇ ਨਾਲ ਬਿਆਨ ਬਦਲਦੇ ਰਹਿੰਦੇ ਹਨ। ਉਨਾਂ ਕਿਹਾ ਕਿ ਹਾਲ ਹੀ ਵਿੱਚ ਉਸਨੇ ਕਾਂਗਰਸ ਨਾਲ ਆਪਣੇ ਰਿਸ਼ਤਿਆਂ ਨੂੰ ਛੁਪਾਉਣ ਲਈ ਆਮ ਆਦਮੀ ਪਾਰਟੀ ਦੇ ਕਾਂਗਰਸ ਨਾਲ ਮਿਲੇ ਹੋਣ ਦੇ ਆਰੋਪ ਲਗਾਏ ਸਨ।
ਭਗਵੰਤ ਮਾਨ ਨੇ ਪ੍ਰਕਾਸ਼ ਸਿੰਘ ਬਾਦਲ ਉਤੇ ਦੋਸ਼ ਲਗਾਇਆ ਕਿ ਉਸਨੇ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਨੂੰ ਨਸ਼ੇ ਦਾ ਕਾਰੋਬਾਰ ਅਤੇ ਗੈਰ ਕਾਨੂੰਨੀ ਮਾਇਨਿੰਗ ਕਰਨ ਦੀ ਖੁੱਲੀ ਛੁੱਟ ਦਿੱਤੀ ਹੋਈ ਸੀ। ਉਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਕੈਬਿਨੇਟ ਮੰਤਰੀਆਂ ਵੱਲੋਂ ਕੀਤੇ ਜਾਂਦੇ ਭਿ੍ਰਸ਼ਟਾਚਾਰ ਉਤੇ ਮੂਕ ਦਰਸ਼ਕ ਬਣੇ ਹੋਏ ਸਨ। ਸਰਕਾਰ ਨੂੰ ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵੱਲੋਂ ਚਲਾਇਆ ਗਿਆ, ਜਦਕਿ ਪ੍ਰਕਾਸ਼ ਸਿੰਘ ਬਾਦਲ ਦਾ ਇਸਤੇਮਾਲ ਰਬੜ ਸਟੈਂਪ ਦੀ ਤਰਾਂ ਕੀਤਾ ਗਿਆ।
ਉਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਅਕਾਲੀ ਦਲ ਵੱਲੋਂ ਕਮਜੋਰ ਸੀਟਾਂ ਉਤੇ ਕਾਂਗਰਸ ਨੂੰ ਸਮਰਥਨ ਦੇਣ ਬਾਰੇ ਸਪਸ਼ਟੀਕਰਨ ਦੀ ਮੰਗ ਕੀਤੀ। ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਮੀਨੀ ਆਧਾਰ ਗੁਆ ਚੁੱਕਾ ਹੈ ਅਤੇ ਹੁਣ ਸੱਤਾ ਕਾਂਗਰਸ ਦੇ ਹੱਥਾਂ ਵਿੱਚ ਦੇਣਾ ਚਾਹੁੰਦਾ ਹੈ। ਉਨਾਂ ਕਿਹਾ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਬਹੁਤ ਸਾਰੀਆਂ ਚੋਣਾਂ ਮਿਲ ਕੇ ਲੜੀਆਂ ਗਈਆਂ ਹਨ। ਉਨਾਂ ਕਿਹਾ ਕਿ ਦੋਵਾਂ ਪਾਰਟੀਆਂ ਨੂੰ ਆਮ ਆਦਮੀ ਪਾਰਟੀ ਦਾ ਡਰ ਸਤਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਨਾਲ ਦੋਹਾਂ ਪਾਰਟੀਆਂ ਦੇ ਗਠਜੋੜ ਦਾ ਭੇਤ ਖੁੱਲ ਜਾਵੇਗਾ।
ਮਾਨ ਨੇ ਕਿਹਾ ਕਿ ਜੇਕਰ ਸਾਬਕਾ ਸਾਂਸਦ ਨਵਜੋਤ ਸਿੰਘ ਸਿੱਧੂ 15 ਸਾਲ ਭਾਜਪਾ ਵਿੱਚ ਕੰਮ ਕਰਕੇ ਇਹ ਕਹਿ ਸਕਦੇ ਹਨ ਕਿ ਉਨਾਂ ਦੀਆਂ ਰਗਾਂ ਵਿੱਚ ਕਾਂਗਰਸ ਦਾ ਖੂਨ ਦੌੜ ਰਿਹਾ ਹੈ, ਤਾਂ ਇਸਦਾ ਮਤਲਬ ਹੈ ਕਿ ਬਾਦਲ ਨੂੰ ਕਾਂਗਰਸ ਪਾਰਟੀ ਪ੍ਰਤਿ ਵਫਾਦਾਰ ਹੋਣਾ ਚਾਹੀਦਾ ਹੈ ਕਿਉਂਕਿ ਉਨਾਂ ਨੇ ਵੀ ਆਪਣੀ ਪਹਿਲੀ ਚੋਣ ਕਾਂਗਰਸ ਦੀ ਟਿਕਟ ਉਤੇ ਲੜੀ ਸੀ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਾਦਲ ਨੂੰ ਪੂਰਾ ਪਿਆਰ ਅਤੇ ਸਤਿਕਾਰ ਦਿੱਤਾ ਅਤੇ ਉਸਨੂੰ ਪੰਜ ਵਾਰੀ ਮੁੱਖ ਮੰਤਰੀ ਬਣਾਇਆ, ਜੋ ਕਿ ਕਿਸੇ ਸਿਆਸਦਾਨ ਲਈ ਬਹੁਤ ਵੱਡੀ ਪ੍ਰਾਪਤੀ ਹੈ। ਉਨਾਂ ਕਿਹਾ ਕਿ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਬਾਦਲ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ, ਜਿਸਦੇ ਲਈ ਪੰਜਾਬ ਦੇ ਲੋਕ ਉਨਾਂ ਨੂੰ ਕਦੇ ਮੁਆਫ ਨਹੀਂ ਕਰਨਗੇ।