ਬਠਿੰਡਾ, 21 ਜਨਵਰੀ, 2017 : ਭਾਰਤ ਦੇ ਡਿਪਟੀ ਚੋਣ ਕਮਿਸ਼ਨਰ ਵਿਜੇ ਦੇਵ ਨੇ ਅੱਜ ਇਹ ਗੱਲ ਦੁਹਰਾਈ ਕਿ ਭਾਰਤੀ ਚੋਣ ਕਮਿਸ਼ਨ ਪੰਜਾਬ ਵਿੱਚ 4 ਫਰਵਰੀ ਨੂੰ ਪੈਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਅਤੇ ਅੰਮ੍ਰਿਤਸਰ ਲੋਕ ਸਭਾ ਦੀ ਜ਼ਿਮਨੀ ਚੋਣ ਆਜ਼ਾਦ, ਨਿਰਪੱਖ ਤੇ ਭੈਅ ਮੁਕਤ ਚੋਣਾਂ ਕਰਵਾਉਣ ਲਈ ਪੂਰੀ ਤਰਾਂ ਵਚਨਬੱਧ ਹੈ। ਚੋਣਾਂ ਸਬੰਧੀ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਨੂੰ ਹੇਠਲੇ ਪੱਧਰ ਤੱਕ ਇਨ-ਬਿਨ ਲਾਗੂ ਕਰਨ ਲਈ ਸ਼੍ਰੀ ਦੇਵ ਨੇ ਚੋਣ ਕਮਿਸ਼ਨ ਵਲੋਂ ਤਾਇਨਾਤ ਕੀਤੇ ਚੋਣ ਆਬਜ਼ਰਵਰਾਂ ਨਾਲ ਵੀ ਮੀਟਿੰਗ ਕੀਤੀ।
ਅੱਜ ਬਠਿੰਡਾ ਵਿਖੇ ਏ.ਡੀ.ਜੀ.ਪੀ., ਡਿਵੀਜ਼ਨਲ ਕਮਿਸ਼ਨਰ, ਡਿਪਟੀ ਕਮਿਸ਼ਨਰਾਂ, ਡੀ.ਆਈ.ਜੀਜ਼ ਤੇ ਐਸ.ਐਸ.ਪੀਜ਼ ਨਾਲ ਚੋਣਾਂ ਦੀਆਂ ਤਿਆਰੀਆਂ ਸਬੰਧੀ ਰੱਖੀ ਮੀਟਿੰਗ ਵਿੱਚ ਪ੍ਰਬੰਧਾਂ ਦਾ ਜਾਇਜ਼ਾ ਲੈਣ ਤੋਂ ਪਹਿਲਾਂ ਸ੍ਰੀ ਵਿਜੇ ਦੇਵ ਨੇ ਕਿਹਾ ਕਿ ਚੋਣ ਕਮਿਸ਼ਨ ਪੰਜਾਬ ਵਿਧਾਨ ਸਭਾ ਚੋਣਾਂ ਅਤੇ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਸਬੰਧੀ ਪਲ-ਪਲ 'ਤੇ ਨਿਗਾਂ ਰੱਖ ਰਿਹਾ ਹੈ। ਉਨਾਂ ਕਿਹਾ ਕਿ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਕਿਸੇ ਵੀ ਪਾਰਟੀ ਜਾਂ ਉਮੀਦਵਾਰ ਵੱਲੋਂ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦਾ ਕੇਸ ਸਾਹਮਣੇ ਆਉਣ 'ਤੇ ਇਕਸਾਰ ਕਾਰਵਾਈ ਕੀਤੀ ਜਾਵੇ।
ਮਾਲਵੇ ਖਿੱਤੇ ਦੇ ਕੁਝ ਹਿੱਸਿਆਂ ਨੂੰ ਚੋਣਾਂ ਦੇ ਲਿਹਾਜ਼ ਨਾਲ ਸੰਵੇਦਨਸ਼ੀਲ ਦੱਸਦਿਆਂ ਸ੍ਰੀ ਵਿਜੇ ਦੇਵ ਨੇ ਕਿਹਾ ਕਿ ਕਮਿਸ਼ਨ ਵੱਲੋਂ ਅਮਨ-ਆਮਾਨ ਤੇ ਸ਼ਾਂਤੀ ਨਾਲ ਚੋਣਾਂ ਨੂੰ ਨੇਪਰੇ ਚੜਾਉਣ ਲਈ ਸੁਰੱਖਿਆ ਇੰਤਜ਼ਾਮਾਂ ਵਿੱਚ ਵਾਧਾ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਪਿਛਲੀਆਂ ਚੋਣਾਂ ਦੌਰਾਨ ਅਰਧ ਸੈਨਿਕਾਂ ਬਲਾਂ ਦੀਆਂ 225 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਸਨ ਜਦੋਂ ਕਿ ਇਸ ਵਾਰ ਇਸ ਨੂੰ ਦੋਗੁਣੇ ਤੋਂ ਵੱਧ ਕਰਦਿਆਂ 500 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਉਨਾਂ ਕਿਹਾ ਕਿ ਚੋਣਾਂ ਦੌਰਾਨ ਸਭ ਧਿਰਾਂ ਨੂੰ ਇਕ ਬਰਾਬਰ ਮੌਕਾ ਦੇਣ ਦੇ ਦਿਸ਼ਾਂ ਵਿੱਚ ਸਭ ਅਧਿਕਾਰੀਆਂ ਬਿਨਾਂ ਕਿਸੇ ਪੱਖਪਾਤ ਤੋਂ ਆਪਣੀ ਡਿਊਟੀ ਨਿਭਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨਾਂ ਦੱਸਿਆ ਕਿ ਚੋਣਾਂ ਵਿੱਚ ਵੋਟਰਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਲਈ ਕਮਿਸ਼ਨ ਵੱਲੋਂ ਕਾਰਗਾਰ ਕਦਮ ਚੁੱਕੇ ਜਾ ਰਹੇ ਹਨ ਅਤੇ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ।
ਸਰਹੱਦੀ ਖੇਤਰ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਸ੍ਰੀ ਵਿਜੇ ਦੇਵ ਨੇ ਕਿਹਾ ਕਿ ਸਥਾਨਕ ਪੁਲਿਸ ਤੋਂ ਇਲਾਵਾ ਅਰਧ ਸੈਨਿਕ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਦੋਵਾਂ ਬਲਾਂ ਵੱਲੋਂ ਸ਼ਾਂਤਮਈ ਤਰੀਕੇ ਨਾਲ ਚੋਣਾਂ ਕਰਵਾਉਣ ਲਈ ਪੂਰੀ ਮੁਸਤੈਦੀ ਨਾਲ ਡਿਊਟੀ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਚੋਣ ਨਿਗਰਾਨਾਂ ਵੱਲੋਂ ਰੋਜ਼ਾਨਾ ਆਪਣੀ ਰਿਪੋਰਟ ਦਿੱਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਲੋੜ ਪੈਣ 'ਤੇ ਤੁਰੰਤ ਕਾਰਗਾਰ ਕਦਮ ਚੁੱਕਿਆ ਜਾਵੇ।
ਸੂਬੇ ਵਿੱਚ ਚੋਣਾਂ ਦੌਰਾਨ ਨਸ਼ੇ ਅਤੇ ਸ਼ਰਾਬ ਦੀ ਕਿਸੇ ਵਰਤੋਂ ਦੇ ਮਾਮਲੇ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਡਿਪਟੀ ਚੋਣ ਕਮਿਸ਼ਨਰ ਨੇ ਕਿਹਾ ਕਿ ਸੂਬੇ ਵਿੱਚ ਥਾਂ-ਥਾਂ 'ਤੇ ਵੱਡੀ ਗਿਣਤੀ ਵਿੱਚ ਨਾਕੇ ਲਗਾ ਕੇ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ ਅਤੇ ਥਾਂ-ਥਾਂ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕੇਂਦਰੀ ਏਜੰਸੀਆਂ ਵੱਲੋਂ ਸੂਬਾਈ ਚੈਕਿੰਗ ਟੀਮਾਂ ਨਾਲ ਮਿਲ ਕੇ ਅਜਿਹੀਆਂ ਗਤੀਵਿਧੀਆਂ 'ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ। ਇਕ ਹੋਰ ਸਵਾਲ ਦੇ ਜਵਾਬ ਵਿੱਚ ਸ੍ਰੀ ਵਿਜੇ ਦੇਵ ਨੇ ਕਿਹਾ ਕਿ ਕਿਸੇ ਵੀ ਰਾਜਸੀ ਪਾਰਟੀ ਜਾਂ ਉਮੀਦਵਾਰ ਵਲੋਂ ਰਾਜਸੀ ਮੰਤਵ ਲਈ ਧਾਰਮਿਕ ਥਾਵਾਂ ਦੀ ਵਰਤੋਂ ਵੀ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੈ ਅਤੇ ਇਸ ਸਬੰਧੀ ਕੋਈ ਮਾਮਲਾ ਧਿਆਨ ਵਿੱਚ ਆਉਣ 'ਤੇ ਕਮਿਸ਼ਨ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਚੋਣ ਸੁਧਾਰਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਸ੍ਰੀ ਵਿਜੇ ਦੇਵ ਨੇ ਕਿਹਾ ਕਿ ਕਮਿਸ਼ਨ ਵੱਲੋਂ ਇਸ ਦਿਸ਼ਾਂ ਵਿੱਚ ਇਨਕਲਾਬੀ ਕਦਮ ਚੁੱਕੇ ਗਏ ਹਨ। ਉਨਾਂ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਨ ਦੇ ਮੰਤਵ ਨਾਲ ਸਰਕਾਰੀ ਇਮਾਰਤਾਂ ਅਤੇ ਹੋਰ ਜਾਇਦਾਦਾਂ ਤੋਂ ਸਰਕਾਰੀ ਇਸ਼ਤਿਹਾਰਬਾਜ਼ੀ ਨੂੰ ਹਟਾਉਣ ਲਈ ਵਿਸ਼ੇਸ਼ ਮੁਹਿੰਮਚਲਾਈ ਗਈ। ਇਸ ਤੋਂ ਇਲਾਵਾ ਬਿਨਾਂ ਕਿਸੇ ਕਾਰਨ ਤੋਂ ਪਾਰਟੀ ਆਗੂਆਂ ਨੂੰ ਦਿੱਤੀ ਗਈ ਸੁਰੱਖਿਆ ਵਾਪਸਲਈ ਗਈ। ਵੱਖ-ਵੱਖ ਤਰਾਂ ਦੀਆਂ ਜਾਗਰੂਕਤਾਂ ਮੁਹਿੰਮਾਂ ਚਲਾਈਆਂ ਗਈਆਂ ਤਾਂ ਜੋ ਵੋਟਰਾਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਣੂੰ ਕਰਵਾਇਆ ਜਾਵੇ। ਇਸ ਤੋਂ ਇਲਾਵਾ ਵੀ.ਵੀ.ਪੀ.ਏ.ਟੀ. ਮਸ਼ੀਨਾਂ ਵੀ ਕਮਿਸ਼ਨ ਵੱਲੋਂ ਵਰਤੀਆਂ ਜਾ ਰਹੀਆਂ ਹਨ।
ਇਸ ਮੌਕੇ ਵਧੀਕ ਮੁਖ ਚੋਣ ਅਫ਼ਸਰ ਪੰਜਾਬ ਸ਼੍ਰੀ ਡੀ. ਲਾਕਰਾ, ਏ.ਡੀ.ਜੀ.ਪੀ. ਸ੍ਰੀ ਵੀ.ਕੇ.ਭਾਵੜਾ, ਮੰਡਲ ਕਮਿਸ਼ਨਰ ਸ਼੍ਰੀ ਵੀ.ਕੇ. ਮੀਨਾ, ਆਈ.ਜੀ.ਬਠਿੰਡਾ ਜ਼ੋਨ ਸ਼੍ਰੀ ਨਿਲਾਭ ਕਿਸ਼ੋਰ, ਡੀ.ਆਈ.ਜੀ. ਸ਼੍ਰੀ ਯੁਰਿੰਦਰ ਹੇਅਰ, ਡੀ.ਆਈ.ਜੀ. ਸ਼੍ਰੀ ਸੁਖਚੈਨ ਸਿੰਘ ਗਿੱਲ, ਡਿਪਟੀ ਕਮਿਸ਼ਨਰ ਫਾਜ਼ਿਲਕਾ ਸ਼੍ਰੀਮਤੀ ਈਸ਼ਾ ਕਾਲੀਆ, ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਸ਼੍ਰੀ ਸੁਮੀਤ ਜਾਰੰਗਲ, ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਵਰਿੰਦਰ ਸ਼ਰਮਾ, ਡੀ.ਸੀ ਬਠਿੰਡਾ ਸ਼੍ਰੀ ਘਣਸ਼ਿਆਮ ਥੋਰੀ, ਐਸ.ਐਸ.ਪੀਜ਼ ਸ਼੍ਰੀ ਸਵਪਨ ਸ਼ਰਮਾ, ਸ਼੍ਰੀ ਧਰੁਮਨ ਐਚ ਨਿੰਬਲੇ ਅਤੇ ਸ਼੍ਰੀ ਕੇਤਨ ਪਾਟਿਲ ਬਾਲੀਰਾਮ ਆਦਿ ਮੌਜੂਦ ਸਨ।