ਫਿਰੋਜ਼ਪੁਰ, 18 ਜਨਵਰੀ, 2017 : ਫਿਰੋਜ਼ਪੁਰ ਦੀ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ 'ਤੇ ਬੀ. ਐੱਸ. ਐੱਫ. ਨੇ ਸਪੈਸ਼ਲ ਸਰਚ ਆਪ੍ਰੇਸ਼ਨ ਦੌਰਾਨ 3 ਪੈਕੇਟ ਹੈਰੋਇਨ, ਇਕ ਪਿਸਤੌਲ, 2 ਮੈਗਜ਼ੀਨ ਅਤੇ 13 ਕਾਰਤੂਸ ਬਰਾਮਦ ਕੀਤੇ ਹਨ। ਜਾਣਕਾਰੀ ਦਿੰਦਿਆਂ ਬੀ. ਐੱਸ. ਐੱਫ. ਅਧਿਕਾਰੀਆਂ ਨੇ ਦੱਸਿਆ ਕਿ ਬੀ. ਐੱਸ. ਐੱਫ. ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਵੱਧਦੇ ਕੋਹਰੇ ਨੂੰ ਦੇਖਦਿਆਂ ਪਾਕਿਸਤਾਨ ਸਮੱਗਲਰ ਭਾਰਤ 'ਚ ਨਸ਼ੀਲੇ ਪਦਾਰਥ ਅਤੇ ਹਥਿਆਰ ਭੇਜਣ ਦੀ ਤਾਕ 'ਚ ਹਨ। ਉਨ੍ਹਾਂ ਦੱਸਿਆ ਕਿ ਬੁੱਧਵਾਰ ਦੁਪਹਿਰ ਸਮੇਂ ਬੀ. ਐੱਸ. ਐੱਫ. ਦੀ 77 ਬਟਾਲੀਅਨ ਨੇ ਬੀ. ਓ. ਪੀ. ਬਸਤੀ ਰਾਮ ਲਾਲ ਦੇ ਖੇਤਰ 'ਚ ਜਦੋਂ ਸਪੈਸ਼ਲ ਸਰਚ ਆਪ੍ਰੇਸ਼ਨ ਚਲਾਇਆ ਤਾਂ ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਪਿੱਲਰ ਨੰ. 178/3 ਕੋਲ ਸਰਕੰਡੇ 'ਚ ਪਇਆ ਉਕਤ ਸਾਮਾਨ ਮਿਲਿਆ।
ਬੀ. ਐੱਸ. ਐੱਫ. ਦੇ ਅਧਿਕਾਰੀਆਂ ਨੇ ਦੱਸਿਆ ਕਿ ਫੜੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ 'ਚ ਕਰੋੜਾਂ ਰੁਪਏ ਦੀ ਹੈ। ਬੀ. ਐੱਸ. ਐੱਫ. ਇਸ ਗੱਲ ਦਾ ਪਤਾ ਲਾ ਰਹੀ ਹੈ ਕਿ ਉਕਤ ਸਾਮਾਨ ਭੇਜਣ ਵਾਲੇ ਸਮੱਗਲਰ ਕੌਣ ਹਨ ਅਤੇ ਬੀ. ਓ. ਪੀ. ਬਸਤੀ ਰਾਮ ਲਾਲ ਦੇ ਖੇਤਰ 'ਚ ਕਿਹੜੇ ਭਾਰਤੀ ਸਮੱਲਗਰਾਂ ਨੇ ਇਹ ਡਿਲੀਵਰੀ ਲੈਣੀ ਸੀ।