ਚੰਡੀਗੜ੍ਹ, 13 ਜਨਵਰੀ, 2017 : ਚੋਣ ਕਮਿਸ਼ਨ ਭਾਰਤ ਦੇ ਨਿਰਦੇਸ਼ਾਂ ਤੇ ਪੰਜਾਬ ਵਿਧਾਨ ਸਭਾ ਚੋਣਾਂ 2017 ਸਬੰਧੀ ਲਾਗੂ ਮਾਡਲ ਕੋਡ ਆਫ਼ ਕੰਡਕਟ ਦੌਰਾਨ ਵੱਖ-ਵੱਖ ਮਾਮਲਿਆਂ ਦਾ ਨਿਬੇੜਾ ਕਰਨ ਲਈ ਮੁੱਖ ਸਕੱਤਰ ਪੰਜਾਬ ਦੀ ਅਗਵਾਈ ਹੇਠ ਇਕ ਸਕ੍ਰੀਨਿੰਗ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦਫਤਰ ਮੁੱਖ ਚੋਣ ਅਫਸਰ ਪੰਜਾਬ ਦੇ ਇਕ ਬੁਲਾਰੇ ਨੇ ਦੱਸਿਆ ਕਿ ਚੋਣ ਕਮਿਸ਼ਨ ਭਾਰਤ ਦੇ ਨਿਰਦੇਸ਼ਾਂ ਅਨੁਸਾਰ ਗਠਿਤ ਕੀਤੀ ਗਈ ਇਸ ਤਿੰਨ ਮੈਂਬਰੀ ਕਮੇਟੀ ਵਿਚ ਕਮੇਟੀ ਦਾ ਚੇਅਰਮੈਨ ਮੁੱਖ ਸਕੱਤਰ ਪੰਜਾਬ ਨੂੰ ਨਿਯੁਕਤ ਕੀਤਾ ਗਿਆ ਹੈ ਜਦਕਿ ਬਾਕੀ ਮੈਂਬਰਾਂ ਵਿਚ ਸਬੰਧਤ ਵਿਭਾਗ ਜਿਸਦਾ ਪ੍ਰਸਤਾਵ ਪ੍ਰਵਾਨਗੀ ਹਿੱਤ ਭੇਜਿਆ ਜਾਣਾ ਹੈ ਉਸਦਾ ਵਧੀਕ ਮੁੱਖ ਸਕੱਤਰ/ ਵਿੱਤ ਕਮਿਸ਼ਨਰ/ਪ੍ਰਮੁੱਖ ਸਕੱਤਰ/ਪ੍ਰਬੰਧ ਸਕੱਤਰ ਮੈਂਬਰ ਅਤੇ ਸਕੱਤਰ/ ਪ੍ਰਮੁੱਖ ਸਕੱਤਰ ਤਾਲਮੇਲ ਵਿਭਾਗ ਵੀ ਮੈਂਬਰ ਹੋਣਗੇ।
ਉਨ੍ਹਾਂ ਦੱਸਿਆ ਕੀ ਇਹ ਕਮੇਟੀ ਮੁੱਖ ਚੋਣ ਅਫਸਰ ਪੰਜਾਬ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰਵਾਨਗੀ ਹਿੱਤ ਭੇਜੀ ਜਾਣ ਵਾਲੇ ਹਰੇਕ ਤਜਵੀਜ਼ ਦੀ ਪੜਚੋਲ ਕਰਨ ਉਪਰੰਤ ਹੀ ਅਗਲੇਰੀ ਕਾਰਵਾਈ ਹਿੱਤ ਭੇਜੇਗੀ ਅਤੇ ਆਈ ਹੋਈ ਕਿਸੇ ਵੀ ਪ੍ਰਸਤਾਵ ਦਾ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਇਕ ਨੋਟ ਤਿਆਰ ਕਰਕੇ ਮਾਮਲੇ ਦੀ ਗੰਭੀਰਤਾ/ਜ਼ਰੂਰਤ ਬਾਰੇ ਮੁੱਖ ਚੋਣ ਅਫਸਰ ਨੂੰ ਵੀ ਲਿਖੇਗੀ ਅਤੇ ਨਾਲ ਹੀ ਦੱਸੇ ਗੀ ਇਸ ਨੂੰ ਮਾਡਲ ਕੋਡ ਆਫ਼ ਕੰਡਕਟ ਲਾਗੂ ਹੋਣ ਤਕ ਕਿਊਂ ਨਹੀ ਰੋਕਿਆ ਜਾ ਸਕਦਾ ਹੈ।
ਬੁਲਾਰੇ ਨੇ ਦੱਸਿਆ ਕਿ ਰਾਜ ਦੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਸ ਕਮੇਟੀ ਦੇ ਰਾਹੀਂ ਆਪਣੇ ਪ੍ਰਸਤਾਵ ਦਫਤਰ ਮੁੱਖ ਚੋਣ ਅਫਸਰ ਨੂੰ ਭੇਜਣ।