ਜਲੰਧਰ, 8 ਜਨਵਰੀ, 2017 : ਪੰਜਾਬ ਵਿਧਾਨ ਸਭਾ ਚੋਣਾਂ-2017 ਵਿੱਚ ਜਲੰਧਰ ਦੇ ਵੋਟਰਾਂ ਦਾ ਰੰਗੋਲੀ ਅਤੇ ਰੈਡ ਕਾਰਪੈਟ ਵਿਛਾ ਕੇ ਸਵਾਗਤ ਕੀਤਾ ਜਾਵੇਗਾ ਅਤੇ ਖਾਣ-ਪੀਣ ਤੋਂ ਇਲਾਵਾ ਵੋਟਰਾਂ ਨੂੰ ਮੈਡੀਕਲ ਸਹੂਲਤ ਵੀ ਮਿਲੇਗੀ। ਜਲੰਧਰ ਜਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਦੇ ਕੁੱਲ 1832 ਪੋਲਿੰਗ ਸਟੇਸ਼ਨਾਂ ਵਿੱਚੋਂ ਮਾਡਲ ਪੋਲਿੰਗ ਸਟੇਸ਼ਨਾਂ ਵਜੋਂ ਸਥਾਪਤ ਕੀਤੇ ਗਏ 363 ਪੋਲਿੰਗ ਸਟੇਸ਼ਨਾਂ ਵਿੱਚ ਵੋਟਰਾਂ ਦੇ ਸਵਾਗਤ ਦੇ ਨਾਲ ਨਾਲ ਉਹਨਾਂ ਦੀ ਪ੍ਰਾਹੁਣਚਾਰੀ ਦੇ ਵੀ ਪੁਖਤਾ ਪ੍ਰਬੰਧ ਜਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਗਏ ਹਨ। ਜਿਲ੍ਹਾ ਚੋਣ ਅਫਸਰ ਸ੍ਰੀ ਕਮਲ ਕਿਸ਼ੌਰ ਯਾਦਵ ਨੇ ਦੱਸਿਆ ਕਿ ਮਾਡਲ ਪੋਲਿੰਗ ਸਟੇਸ਼ਨ ਸਥਾਪਤ ਕਰਨ ਦਾ ਮੰਤਵ ਵੋਟਰਾਂ ਨੂੰ ਵੋਟ ਪਾਉਣ ਵੇਲੇ ਮਾਣ ਸਤਿਕਾਰ ਦੇਣ ਦੇ ਨਾਲ ਨਾਲ ਵੋਟਰਾਂ ਵਿੱਚ ਚੋਣ ਪ੍ਰਕ੍ਰਿਆ ਪ੍ਰਤੀ ਉਤਸ਼ਾਹ ਪੈਦਾ ਕਰਨਾ ਹੈ।
ਉਹਨਾਂ ਦੱਸਿਆ ਕਿ ਕੁੱਲ 363 ਮਾਡਲ ਪੋਲਿੰਗ ਸਟੇਸ਼ਨਾਂ ਵਿੱਚ ਫਿਲੌਰ ਵਿਧਾਨ ਸਭਾ ਹਲਕੇ ਵਿੱਚ 43, ਨਕੋਦਰ ਵਿੱਚ 49, ਸ਼ਾਹਕੋਟ ਵਿੱਚ 43, ਕਰਤਾਰਪੁਰ 42, ਜਲੰਧਰ ਪੱਛਮੀ ਵਿੱਚ 32, ਜਲੰਧਰ ਕੇਂਦਰੀ ਵਿੱਚ 32, ਜਲੰਧਰ ਉੱਤਰੀ ਵਿੱਚ 39, ਜਲੰਧਰ ਕੈਂਟ ਵਿੱਚ 41 ਅਤੇ ਆਦਮਪੁਰ ਵਿਧਾਨ ਸਭਾ ਹਲਕੇ ਵਿੱਚ 42 ਮਾਡਲ ਪੋਲਿੰਗ ਸਟੇਸ਼ਨ ਸ਼ਾਮਿਲ ਹਨ।
ਜਿਲ੍ਹਾ ਚੋਣ ਅਫਸਰ ਨੇ ਦੱਸਿਆ ਗਿਆ ਫਿਲੌਰ, ਨਕੋਦਰ, ਸ਼ਾਹਕੋਟ ਅਤੇ ਜਲੰਧਰ ਕੈਂਟ ਵਿਧਾਨ ਸਭਾ ਹਲਕਿਆਂ ਦੇ ਮਾਡਲ ਪੋਲਿੰਗ ਸਟੇਸ਼ਨਾਂ ਵਿੱਚ ਵੋਟਰਾਂ ਨੂੰ ਰਿਫਰੈਸ਼ਮੈਂਟ ਜਿਸ ਵਿੱਚ ਮੁੱਖ ਤੌਰ ਤੇ ਪਕੌੜੇ, ਸਮੋਸੇ, ਬਿਸਕੂਟ, ਚਾਹ ਆਦਿ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਵੋਟਿੰਗ ਵੇਲੇ ਕਤਾਰ ਜ਼ਿਆਦਾ ਲੰਬੀ ਹੋਣ ਦੀ ਸੂਰਤ ਵਿੱਚ ਵੋਟਰਾਂ ਦੇ ਬੈਠਣ ਲਈ ਕੁਰਸੀਆਂ ਦਾ ਵਿਸ਼ੇਸ਼ ਇਤਜਾਮ ਕੀਤਾ ਗਿਆ। ਇਹਨਾਂ ਵਿਧਾਨ ਸਭਾ ਹਲਕਿਆਂ ਦੇ ਪੋਲਿੰਗ ਸਟੇਸ਼ਨਾਂ ਤੇ ਵੋਟਰਾਂ ਨੂੰ ਮੈਡੀਕਲ ਸਹੂਲਤਾਂ ਵੀ ਮਿਲਣਗੀਆਂ । ਇਸੇ ਤਰ੍ਹਾਂ ਕਰਤਾਰਪੁਰ ਵਿਧਾਨ ਸਭਾ ਹਲਕੇ ਦੇ ਮਾਡਲ ਪੋਲਿੰਗ ਸਟੇਸ਼ਨਾਂ ਵਿੱਚ ਵੋਟਰਾਂ ਦੇ ਸਵਾਗਤ ਲਈ ਰੰਗੋਲੀ ਬਣਾਈ ਜਾਵੇਗੀ। ਇਸ ਤੋਂ ਇਲਾਵਾ ਵੋਟਰ ਦੇ ਪੋਲਿੰਗ ਕੇਂਦਰ ਵਿੱਚ ਦਾਖਲ ਹੋਣ ਵੇਲੇ ਉਸ ਦਾ ਸਵਾਗਤ ਕੀਤਾ ਜਾਵੇਗਾ ਅਤੇ ਲੋੜ ਪੈਣ ਮਿਨਰਲ ਵਾਟਰ ਵੀ ਮੁਹੱਈਆਂ ਕਰਵਾਇਆ ਜਾਵੇਗਾ।ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ ਵੋਟਰਾਂ ਲਈ ਵਿਸ਼ੇਸ਼ ਸਕਰੀਨਾਂ ਲਗਾਈਆਂ ਜਾਣਗੀਆਂ। ਇਸ ਤੋਂ ਇਲਾਵਾਂ ਵੇਟਿੰਗ ਹਾਲ, ਚਾਹ ਪਾਣੀ ਆਦਿ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਵਿਧਾਨ ਸਭਾ ਹਲਕਾ ਫਿਲੌਰ ਵਿੱਚ ਪੋਲਿੰਗ ਸਟਾਫ ਲਈ ਵਿਸ਼ੇਸ਼ ਪਹਿਰਾਵਾ ਹੋਵੇਗਾ ਅਤੇ ਵੋਟਰਾਂ ਦੇ ਸਵਾਗਤ ਲਈ ਮਾਡਲ ਪੋਲਿੰਗ ਸਟੇਸ਼ਨਾਂ ਤੇ ਰੈਡ ਕਾਰਪੈਟ ਵਿਛਾਇਆ ਜਾਵੇਗਾ।