ਪਟਿਆਲਾ, 19 ਜਨਵਰੀ, 2017 : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਪੰਜਾਬੀ ਦੇ ਇਕ ਪ੍ਰਮੁੱਖ ਅਖਬਾਰ ਵਿਚ ਛਪੀ ਇਸ ਖ਼ਬਰ ਦਾ ਜ਼ੋਰਦਾਰ ਖੰਡਨ ਕੀਤਾ ਹੈ ਕਿ ਉਨ੍ਹਾਂ ਦੇ ਸਮਰਥਕਾਂ ਨੇ ਘਨੌਰ ਹਲਕੇ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਮਦਨ ਲਾਲ ਜਲਾਲਪੁਰ ਦੀ ਹਮਾਇਤ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਇਸ ਖਬਰ ਨੂੰ ਪੂਰੀ ਤਰ੍ਹਾਂ ਗੁੰਮਰਾਹਕੁੰਨ, ਤੱਥਾਂ ਤੋਂ ਕੋਰੀ ਅਤੇ ਮਨਘੜ੍ਹਤ ਦੱਸਿਆ ਹੈ।
ਪ੍ਰੋ. ਚੰਦੂਮਾਜਰਾ ਨੇ ਅੱਜ ਇਥੇ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਕਿ ਉਨ੍ਹਾਂ ਦਾ ਕੋਈ ਵੀ ਸਮਰਥਕ ਕਾਂਗਰਸ ਪਾਰਟੀ ਦੀ ਭੁਲ ਕੇ ਵੀ ਮਦਦ ਨਹੀਂ ਕਰ ਸਕਦਾ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਹਮਾਇਤ ਕਰਨ ਵਾਲੇ ਕਿਸੇ ਵੀ ਵਿਅਕਤੀ ਦਾ ਉਨ੍ਹਾਂ ਨਾਲ ਕੋਈ ਸਿਆਸੀ ਸਬੰਧ ਨਹੀਂ ਰਹਿ ਸਕਦਾ। ਉਨ੍ਹਾਂ ਕਿਹਾ ਕਿ ਹਲਕਾ ਘਨੌਰ ਵਿਚ ਕਾਂਗਰਸ ਪਾਰਟੀ ਦੀ ਹਮਾਇਤ ਕਰਨ ਵਾਲੇ ਕਥਿਤ ਵਿਅਕਤੀਆਂ ਦਾ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਹੈ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਹ ਖਬਰ ਉਨ੍ਹਾਂ ਦਾ ਸਿਆਸੀ ਅਕਸ ਖਰਾਬ ਕਰਨ ਅਤੇ ਸਨੌਰ ਹਲਕੇ ਵਿਚ ਭੰਬਲਬਭੂਸਾ ਖੜ੍ਹਾ ਕਰਨ ਦੀ ਸਾਜਿਸ਼ ਦਾ ਹਿੱਸਾ ਹੈ, ਜਿਥੋਂ ਉਨ੍ਹਾਂ ਦਾ ਬੇਟਾ ਹਰਿੰਦਰਪਾਲ ਸਿੰਘ ਚੰਦੂਮਾਜਰਾ ਚੋਣ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਸਬੰਧਤ ਪੱਤਰਕਾਰ ਵਲੋਂ ਇਸ ਖਬਰ ਦਾ ਖੰਡਨ ਨਾ ਛਾਪਣ ਦੀ ਸੂਰਤ ਵਿਚ ਉਸਨੂੰ ਕਾਨੂੰਨੀ ਨੋਟਿਸ ਦਿੱਤਾ ਜਾਵੇਗਾ।