ਮੋਗਾ, 9 ਫ਼ਰਵਰੀ, 2017 : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰੀ ਪ੍ਰਵੀਨ ਕੁਮਾਰ ਥਿੰਦ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਹਲਕਾ ਮੋਗਾ ਦੇ ਬੂਥ ਨੰਬਰ 145 ਸਰਕਾਰੀ ਪ੍ਰਾਇਮਰੀ ਸਕੂਲ ਮੁਹੱਲਾ ਸੋਢੀਆਂ, ਮੋਗਾ 'ਤੇ ਅੱਜ ਹੋਈਆਂ ਮੁੜ ਵੋਟਾਂ 'ਚ 81.26 ਪ੍ਰਤੀਸ਼ਤ ਮਤਦਾਤਾਵਾਂ ਨੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ, ਜਦ ਕਿ ਬੀਤੀ 4 ਫ਼ਰਵਰੀ ਨੂੰ ਹੋਏ ਮਤਦਾਨ ਦੌਰਾਨ ਇਸ ਬੂਥ ਦੀ ਪੋਲ ਪ੍ਰਤੀਸ਼ਤਤਾ 76.84 ਸੀ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਪੋਲਿੰਗ ਬੂਥ ਦੇ ਕੁੱਲ 1,062 ਮਤਦਾਤਾ ਹਨ ਅਤੇ 863 ਵੋਟਰਾਂ ਨੇ ਮੁੜ ਮਤਦਾਨ ਦੌਰਾਨ ਵੋਟਾਂ ਪਾਈਆਂ, ਜਿੰਨ੍ਹਾਂ ਵਿੱਚ 478 ਮਰਦ ਵੋਟਰ ਤੇ 385 ਔਰਤ ਵੋਟਰ ਹਨ, ਜਦ ਕਿ ਬੀਤੀ 4 ਫ਼ਰਵਰੀ ਨੂੰ ਇਸ ਪੋਲਿੰਗ ਬੂਥ 'ਤੇ 816 ਮਤਦਾਤਾਵਾਂ ਨੇ ਮਤਦਾਨ ਕੀਤਾ ਸੀ। ਉਨ੍ਹਾਂ ਦੱਸਿਆ ਕਿ ਬੂਥ ਨੰਬਰ 145 'ਤੇ ਵੋਟਾਂ ਪਾਉਣ ਦਾ ਕੰਮ ਅਮਨ-ਅਮਾਨ ਤੇ ਸ਼ਾਂਤੀ ਪੂਰਵਿਕ ਸਮਾਪਤ ਹੋ ਗਿਆ ਹੈ ਅਤੇ ਲੋਕਾਂ ਨੇ ਭਾਰੀ ਉਤਸ਼ਾਹ ਨਾਲ ਮੁੜ ਮਤਦਾਨ 'ਚ ਹਿੱਸਾ ਲਿਆ। ਉਨ੍ਹਾਂ ਇਸ ਪੋਲਿੰਗ ਬੂਥ ਦੇ ਮਤਦਾਤਾਵਾਂ ਵੱਲੋਂ ਬਿਨਾਂ ਕਿਸੇ ਡਰ, ਭੈਅ ਅਤੇ ਲੋਭ ਲਾਲਚ ਦੇ ਵੱਡੀ ਗਿਣਤੀ 'ਚ ਵੋਟਾਂ ਪਾਉਣ ਦੀ ਪ੍ਰਸੰਸਾ ਵੀ ਕੀਤੀ। ਉਨ੍ਹਾਂ ਦੱਸਿਆ ਕਿ ਪੋਲ ਹੋਈਆਂ ਵੋਟਾਂ ਦੀ ਗਿਣਤੀ 11 ਮਾਰਚ, 2017 ਨੂੰ ਹੋਵੇਗੀ।
ਜ਼ਿਕਰਯੋਗ ਹੈ ਕਿ ਦੁਪਹਿਰ 12 ਵਜੇ ਤੱਕ ਪੋਲ ਪ੍ਰਤੀਸ਼ਤਤਾ 36.53 ਸੀ। ਬਾਅਦ ਦੁਪਹਿਰ 2.00 ਵਜੇ ਤੱਕ 56.49 ਪ੍ਰਤੀਸਤ, ਸ਼ਾਮ 4.00 ਵਜੇ ਤੱਕ 75.80 ਪ੍ਰਤੀਸ਼ਤ ਅਤੇ ਸ਼ਾਮ 5.00 ਵਜੇ ਤੱਕ 81.26 ਪ੍ਰਤੀਸ਼ਤ ਮਤਦਾਤਾਵਾਂ ਵੱਲੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।