ਨਵੀਂ ਦਿੱਲੀ, 3 ਫਰਵਰੀ, 2017 : ਅਰਵਿੰਦ ਕੇਜਰੀਵਾਲ ਨੇ ਪੰਜਾਬ ਅਤੇ ਗੋਆ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਕਰਾਰਾ ਵਾਰ ਕਰਦੇ ਹੋਏ ਉਨ੍ਹਾਂ ਨੂੰ 'ਤਾਨਾਸ਼ਾਹ' ਕਰਾਰ ਦਿੱਤਾ ਅਤੇ ਦੋਸ਼ ਲਾਇਆ ਕਿ ਉਹ ਆਮ ਆਦਮੀ ਪਾਰਟੀ (ਆਪ) ਦਾ ਰਜਿਸਟਰੇਸ਼ਨ ਰੱਦ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਆਮਦਨ ਟੈਕਸ ਵਿਭਾਗ ਵੱਲੋਂ ਕਥਿਤ ਤੌਰ 'ਤੇ ਚੋਣ ਕਮਿਸ਼ਨ ਨੂੰ ਆਮ ਆਦਮੀ ਪਾਰਟੀ ਦਾ ਸਿਆਸੀ ਪਾਰਟੀ ਦਾ ਦਰਜਾ ਰੱਦ ਕਰਨ ਲਈ ਕੀਤੀ ਗਈ ਸਿਫਾਰਿਸ਼ ਸਮੇਂ ਪ੍ਰਸ਼ਨ ਖੜ੍ਹਾ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਨੇ ਟਵਿੱਟਰ 'ਤੇ ਲਿਖਿਆ,''ਮੋਦੀ ਜੀ ਦੀ ਗੰਦੀ ਚਾਲ। ਗੋਆ ਅਤੇ ਪੰਜਾਬ 'ਚ ਬੁਰੀ ਤਰ੍ਹਾਂ ਹਾਰਨ ਜਾ ਰਹੇ ਲੋਕ ਚੋਣਾਂ ਤੋਂ ਸਿਰਫ 24 ਘੰਟੇ ਪਹਿਲਾਂ ਜਿੱਤਣ ਵਾਲੀ ਪਾਰਟੀ ਦਾ ਰਜਿਸਟਰੇਸ਼ਨ ਰੱਦ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ।''
'ਆਪ' ਪੰਜਾਬ 'ਚ ਆਪਣੀ ਜਿੱਤ ਦੀ ਆਸ ਪਾਲੇ ਹੋਏ ਹੈ, ਜਿੱਥੇ ਉਸ ਦਾ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਨਾਲ ਤ੍ਰਿਕੋਣੀ ਮੁਕਾਬਲਾ ਹੈ। ਗੋਆ 'ਚ 'ਆਪ' ਨੂੰ ਆਸ ਹੈ ਕਿ ਸੱਤਾਧਾਰੀ ਭਾਜਪਾ ਦੀਆਂ ਸੰਭਾਵਨਾਵਾਂ 'ਤੇ ਅਸਰ ਪਾ ਸਕਦੀ ਹੈ। ਮੀਡੀਆ ਰਿਪੋਰਟ ਅਨੁਸਾਰ ਆਮਦਨ ਟੈਕਸ ਵਿਭਾਗ ਨੇ ਵੀਰਵਾਰ ਨੂੰ ਚੋਣ ਕਮਿਸ਼ਨ ਨੂੰ ਕਿਹਾ ਸੀ ਕਿ 27 ਕਰੋੜ ਰੁਪਏ ਤੋਂ ਵਧ ਦੇ ਚੰਦੇ 'ਤੇ ਕਥਿਤ ਤੌਰ 'ਤੇ ਝੂਠੀ ਅਤੇ ਫਰਜ਼ੀ ਰਿਪੋਰਟ ਦਾਇਰ ਕਰਨ ਨੂੰ ਲੈ ਕੇ 'ਆਪ' ਦਾ ਬਤੌਰ ਸਿਆਸੀ ਦਲ ਅਤੇ ਟਰੱਸਟ ਦਰਜਾ ਰੱਦ ਕਰ ਦਿੱਤਾ ਜਾਵੇ।