ਚੰਡੀਗੜ੍ਹ, 29 ਜਨਵਰੀ, 2017 : ਆਮ ਆਦਮੀ ਪਾਰਟੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਬਿਆਨ ਨੂੰ ਕਾਫੀ ਮੰਦਭਾਗਾ ਦੱਸਿਆ ਹੈ, ਜਿਸ ਵਿੱਚ ਉਨਾਂ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੀ ਤੁਲਨਾ ਸਭ ਤੋਂ ਜਿਆਦਾ ਭਿ੍ਰਸ਼ਟਾਚਾਰੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਕੀਤੀ ਹੈ ਅਤੇ ਕਿਹਾ ਹੈ ਕਿ ਅਜਿਹਾ ਕਰਕੇ ਮੋਦੀ ਨੇ ਵਾਜਪਈ ਨੂੰ ਅਪਮਾਨਿਤ ਕੀਤਾ ਹੈ।
ਇੱਥੋਂ ਜਾਰੀ ਇੱਕ ਬਿਆਨ ਵਿੱਚ ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਕੋਟਕਪੂਰਾ ਰੈਲੀ ਵਿੱਚ ਅਕਾਲੀ-ਭਾਜਪਾ ਗਠਜੋੜ ਵੱਲੋਂ ਪਿਛਲੇ 10 ਸਾਲਾਂ ਵਿੱਚ ਕੀਤੇ ਗਏ ਭਿ੍ਰਸ਼ਟਾਚਾਰ ਉਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਵੜੈਚ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਬਾਦਲ ਪਰਿਵਾਰ ਵੱਲੋਂ ਕੀਤੇ ਭਿ੍ਰਸ਼ਟਾਚਾਰ ਅਤੇ ਸੂਬੇ ਦੇ ਸੋਮਿਆਂ ਦੀ ਲੁੱਟ ਲਈ ਭਾਜਪਾ ਬਰਾਬਰ ਦੀ ਜਿੰਮੇਵਾਰ ਹੈ।
ਵੜੈਚ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੇਲੇ ਡਰੱਗ ਅਤੇ ਗੈਰਕਾਨੂੰਨੀ ਮਾਇਨਿੰਗ ਮਾਫੀਆ ਨੇ ਆਪਣੀਆਂ ਜੜਾਂ ਬਹੁਤ ਡੁੰਘੇ ਤੱਕ ਵਿਛਾ ਲਈਆਂ ਸਨ। ਵੜੈਚ ਨੇ ਮੋਦੀ ਨੂੰ ਯਾਦ ਕਰਵਾਇਆ ਕਿ ਉਨਾਂ ਨੇ 2014 ਵਿੱਚ ਭਿ੍ਰਸ਼ਟਾਚਾਰ ਵਿੱਚ ਸ਼ਾਮਿਲ ਮੰਤਰੀਆਂ ਨੂੰ ਹਟਾਉਣਾ ਸੀ, ਪਰ ਉਨਾਂ ਨੇ ਨਹੀਂ ਹਟਾਇਆ। ਉਨਾਂ ਕਿਹਾ ਕਿ ਬੀਜੇਪੀ ਨੇ ਭਿ੍ਰਸ਼ਟਾਚਾਰ ਅਤੇ ਗੈਰਕਾਨੂੰਨੀ ਮਾਇਨਿੰਗ ਦੇ ਖਿਲਾਫ ਕਦੇ ਆਵਾਜ ਨਹੀਂ ਚੁੱਕੀ, ਉਲਟਾ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਵੱਲੋਂ ਕੀਤੇ ਗਏ ਭਿ੍ਰਸ਼ਟਾਚਾਰ ਉਤੇ ਪੋਚੇ ਫੇਰਦੇ ਰਹੇ।
ਵੜੈਚ ਨੇ ਕਿਹਾ ਕਿ ਪੰਜਾਬ ਦੇ ਲੋਕ ਮੋਦੀ ਦੇ ਬਹਿਕਾਵੇ ਵਿੱਚ ਨਹੀਂ ਆਉਣਗੇ ਕਿ ਜੇਕਰ ਅਕਾਲੀ-ਭਾਜਪਾ ਗਠਜੋੜ ਸੱਤਾ ਵਿੱਚ ਨਾ ਆਇਆ ਤਾਂ ਪਾਕਿਸਤਾਨ ਤੋਂ ਖਤਰਾ ਹੋ ਸਕਦਾ ਹੈ। ਉਨਾਂ ਕਿਹਾ ਕਿ ਕੁੱਝ ਮਹੀਨਾਂ ਪਹਿਲਾਂ ਮੋਦੀ ਨੇ ਝੂਠੀ ਅਫਵਾਹ ਫੈਲਾ ਕੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਉਥੋਂ ਜਾਣ ਲਈ ਮਜਬੂਰ ਕਰ ਦਿੱਤਾ ਸੀ। ਵੜੈਚ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਈ ਵਾਰ ਪਾਕਿਸਤਾਨ ਦਾ ਸਾਹਮਣਾ ਕੀਤਾ ਹੈ।
ਆਪ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੀੜ ਵਿਖਾਉਣ ਲਈ ਹੋਰਨਾਂ ਇਲਾਕਿਆਂ ਤੋਂ ਲੋਕ ਲਿਆਂਦੇ ਗਏ ਸਨ ਕਿਉਂਕਿ ਪਿਛਲੀ ਵਾਰ ਜਲੰਧਰ ਰੈਲੀ ਵਿੱਚ ਲੋਕਾਂ ਨੂੰ ਥੋੜੀ ਗਿਣਤੀ ਵਿੱਚ ਵੇਖ ਕੇ ਉਹ ਬਹੁਤ ਨਰਾਜ ਹੋਏ ਸਨ। ਉਨਾਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ-ਭਾਜਪਾ ਗਠਜੋੜ ਤੋਂ ਨਿਜਾਤ ਪਾਉਣ ਦਾ ਮਨ ਬਣਾ ਚੁੱਕੇ ਹਨ ਅਤੇ ਹੁਣ ਕਿਸੇ ਵੀ ਧਮਕੀ ਜਾਂ ਲਾਲਚ ਲੋਕਾਂ ਦਾ ਮਨ ਨਹੀਂ ਬਦਲਿਆ ਜਾ ਸਕਦਾ।