ਬਠਿੰਡਾ, 16 ਜਨਵਰੀ, 2017 : ਕੇਂਦਰੀ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਰਾਮ ਵਿਲਾਸ ਪਾਸਵਾਨ ਦੀ ਅਗਵਾਈ ਵਾਲੀ ਲੋਕ ਜਨਸ਼ਕਤੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਲੋਜਪਾ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਵੱਲੋਂ ਬਠਿੰਡਾ ਪ੍ਰੈਸ ਕਲੱਬ ਵਿੱਚ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ। ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਖੁਦ ਭੱੁਚੋ ਮੰਡੀ ਤੋਂ, ਬਠਿੰਡਾ ਦਿਹਾਤੀ ਤੋਂ ਗੁਰਜੰਟ ਸਿੰਘ ਖਾਲਸਾ, ਤਲਵੰਡੀ ਸਾਬੋ ਤੋਂ ਲਾਲ ਚੰਦ ਸ਼ਰਮਾ, ਫਰੀਦਕੋਟ ਤੋਂ ਪ੍ਰੇਮ ਸਿੰਘ ਸਫਰੀ, ਜੈਤੋ ਤੋਂ ਬੋਹੜ ਸਿੰਘ ਘਾਰੂ, ਮੋਗਾ ਤੋਂ ਪ੍ਰੇਮੀ ਗੁਰਚਰਨ ਸਿੰਘ ਘਾਲੀ, ਗੜਸ਼ੰਕਰ ਤੋਂ ਐਡਵੋਕੇਟ ਹਰਮੇਸ਼ ਅਜਾਦ, ਬਰਨਾਲਾ ਤੋਂ ਅਜਮੇਰ ਸਿੰਘ ਖੁਡੀ, ਮਹਿਲਕਲਾਂ ਤੋਂ ਬਾਬਾ ਰਣਜੀਤ ਸਿੰਘ, ਸ਼੍ਰੀ ਮੁਕਤਸਰ ਸਹਿਬ ਤੋਂ ਬੀਬੀ ਜਸਵਿੰਦਰ ਕੌਰ ਧਾਲੀਵਾਲ, ਮੌੜ ਮੰਡੀ ਤੋਂ ਸਰਪੰਚ ਮਿੱਠੂ ਸਿੰਘ, ਫਤਿਹਗੜ੍ਹ ਸਹਿਬ ਤੋਂ ਰਾਮ ਸਿੰਘ ਰੁੜਕੀ, ਅੰਮ੍ਰਿਤਸਰ ਤੋਂ ਰੇਨੂੰ ਦੇਵੀ, ਹੁਸ਼ਿਆਰਪੁਰ ਤੋਂ ਓਮ ਪ੍ਰਕਾਸ਼ ਜੱਖੂ ਨੂੰ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ[ ਗਹਿਰੀ ਨੇ ਕਿਹਾ ਕਿ ਇਸੇ ਤਰਾਂ ਲੰਬੀ, ਗਿੱਦੜਬਾਹਾ,ਮਲੋਟ, ਰਾਮਪੂਰਾ ਫੂਲ, ਲਹਿਰਾਗਾਗਾ, ਕੋਟਕਾਪੂਰਾ, ਨਿਹਾਲ ਸਿੰਘ ਵਾਲਾ, ਬਾਘਾ ਪੁਰਾਣਾ, ਜਲੰਧਰ ਸਮੇਤ ਬਾਕੀ ਸਾਰੇ ਹਲਕਿਆਂ ਤੋਂ ਉਮੀਦਵਾਰਾਂ ਦੀ ਅਗਲੀ ਸੂਚੀ ਛੇਤੀ ਜਾਰੀ ਕੀਤੀ ਜਾਵੇਗੀ। ਲੋਜਪਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਨੇ ਕਿਹਾ ਕਿ ਉਹ ਦਲਿਤਾਂ ਦੇ ਮਾਨ-ਸਨਮਾਨ ਤੇ ਉਨਾ ਵੱਲੋਂ ਲੰਬਾ ਸੰਘਰਸ਼ ਕਰਕੇ ਹੁਣੇ-ਹੁਣੇ ਖਤਮ ਕਰਵਾਈ ਗਈ ‘ਲਾਲ ਲਕੀਰ’ ਦੇ ਮਸਲੇ ਨੂੰ ਅਧਾਰ ਬਣਾ ਕੇ ਉਹ ਪਾਰਟੀ ਚੋਣ ਨਿਸ਼ਾਨ ਬੰਗਲਾ ( ਮਕਾਨ) ਉਪਰ ਪੰਜਾਬ ਭਰ ਵਿੱਚ ਚੋਣ ਲੜਣਗੇ। ਗਹਿਰੀ ਨੇ ਕਿਹਾ ਕਿ ਕਿਸੇ ਵੀ ਸਿਆਸ ਪਾਰਟੀ ਨੇ ਲਾਲ ਲਕੀਰ ਦੇ ਮੱੁਦੇ ਬਾਰੇ ਕਦੇ ਅਵਾਜ ਨਹੀਂ ਉਠਾਈ ਪਰ ਉਨਾ ਲੰਬਾ ਸੰਘਰਸ਼ ਕੀਤਾ ਤੇ ਲੋਕਾਂ ਨੂੰ ਇਸ ਗੁਲਾਮੀ ਦੀ ਲਕੀਰ ਤੋਂ ਛੁਟਕਾਰਾ ਦਿਵਾਇਆ ਹੈ। ਗਹਿਰੀ ਨੇ ਕਿਹਾ ਕਿ ਲਾਲ ਲਕੀਰ ਤੋਂ ਛੁਟਕਾਰਾਂ ਸਿਰਫ ਇਕੱਲੇ ਦਲਿਤ ਸਮਾਜ ਨੂੰ ਹੀ ਨਹੀਂ ਹੋਇਆ ਸਗੋਂ ਲਾਲ ਲਕੀਰ ਅੰਦਰ ਰਹਿੰਦੇ ਉਚੱ ਜਾਤੀ ਦੇ ਲੋਕਾਂ ਨੂੰ ਵੀ ਇਸ ਦਾ ਲਾਭ ਮਿਲਿਆ ਹੈ ਇਸ ਲਈ ਲੋਜਪਾ ਉਮੀਦਵਾਰ ਹੀ ਇੰਨਾਂ ਲੋਕਾਂ ਦੀਆਂ ਵੋਟਾਂ ਦੇ ਸਹੀ ਹੱਕਦਾਰ ਹਨ।