ਜਲੰਧਰ, 6 ਮਾਰਚ 2017 : ਪੰਜਾਬ ਵਿਧਾਨ ਸਭਾ ਚੋਣਾਂ 2017 ਦੀ 11 ਮਾਰਚ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਲਈ ਕਾਊਂਟਿੰਗ ਸਟਾਫ਼ ਦੀ ਸਿਖਲਾਈ ਅੱਜ ਸਥਾਨਿਕ ਕੇ.ਐਮ.ਵੀ.ਕਾਲਜ ਵਿਖੇ ਸੁਰੂ ਹੋਈ। ਜਲੰਧਰ ਦੇ 9 ਵਿਧਾਨ ਸਭਾ ਹਲਕਿਆਂ ਲਈ ਵੋਟਾਂ ਦੀ ਗਿਣਤੀ ਦਾ ਕੰਮ ਦਫ਼ਤਰ ਡਾਇਰੈਕਟਰ ਲੈਂਡ ਰਿਕਾਰਡ ਅਤੇ ਸਪੋਰਟਸ ਕਾਲਜ ਵਿਖੇ ਸਵੇਰੇ 8 ਵਜੇ ਤੋਂ ਸੁਰੂ ਹੋਵੇਗਾ। ਜ਼ਿਲ੍ਹਾ ਚੋਣ ਅਫਸਰ ਸ੍ਰੀ ਕਮਲ ਕਿਸ਼ੋਰ ਯਾਦਵ ਦੀ ਅਗਵਾਈ ਹੇਠ ਅੱਜ ਵਧੀਕ ਜ਼ਿਲ੍ਹਾ ਚੋਣ ਅਫਸਰ ਕਮ ਵਧੀਕ ਡਿਪਟੀ ਕਮਿਸ਼ਨਰ (ਵਿਕਾਸ ) ਸ੍ਰੀ ਗਿਰੀਸ਼ ਦਯਾਲਨ ਵਲੋਂ ਕਾਊਂਟਿੰਗ ਸਟਾਫ਼ ਨੂੰ ਟਰੇਨਿੰਗ ਕਰਵਾਈ ਗਈ। ਉਨ੍ਹਾਂ ਵਲੋਂ ਸਾਰੇ ਰਿਟਰਨਿੰਗ ਅਫ਼ਸਰਾਂ , ਕਾਊਂਟਿੰਗ ਏਜੰਟਾਂ, ਕਾਊਂਟਿੰਗ ਸੁਪਰਵਾਈਜ਼ਰਾਂ, ਮਾਈਕਰੋ ਆਬਜ਼ਰਵਰਾਂ ਅਤੇ ਸਹਾਇਕ ਕਾਊਂਟਿੰਗ ਏਜੰਟਾਂ ਨੂੰ ਸਾਰੀ ਗਿਣਤੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਗਈ।
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਸਾਰੀ ਗਿਣਤੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕਰਵਾਈ ਜਾਵੇਗੀ ਅਤੇ ਦੋਨਾਂ ਗਿਣਤੀ ਕੇਂਦਰਾਂ ਦੇ ਆਸੇ-ਪਾਸੇ ਸੁਰੱਖਿਆ ਦੇ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਹਨ । ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਾਰੇ ਹਲਕਿਆਂ ਦੇ ਗਿਣਤੀ ਸਟਾਫ਼ ਨੂੰ ਹੋਰ ਵਧੇਰੇ ਸਿਖਲਾਈ ਦੇਣ ਲਈ ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਜਲੰਧਰ ਵਿਖੇ ਦਿੱਤੀ ਜਾਵੇਗੀ। ਇਸ ਤਹਿਤ ਫਿਲੌਰ ਹਲਕੇ ਲਈ ਸਿਖਲਾਈ 7 ਮਾਰਚ ਨੂੰ ਸਵੇਰੇ 9 ਤੋਂ 11 ਵਜੇ, ਨਕੋਦਰ ਲਈ ਸਵੇਰੇ 11 ਤੋਂ ਦੁਪਹਿਰ 1 ਵਜੇ ਤੱਕ, ਸ਼ਾਹਕੋਟ ਹਲਕੇ ਲਈ ਦੁਪਹਿਰ 1 ਤੋਂ 3 ਵਜੇ ਤੱਕ, ਕਰਤਾਰਪੁਰ ਹਲਕੇ ਲਈ ਦੁਪਹਿਰ 3 ਤੋਂ 5 ਵਜੇ ਤੱਕ , ਜਲੰਧਰ ਪੱਛਮੀ ਹਲਕੇ ਲਈ ਸ਼ਾਮ 5 ਵਜੇ ਤੋਂ 7 ਵਜੇ ਤੱਕ ਸਿਖਲਾਈ ਹੋਵੇਗੀ ਅਤੇ 8 ਮਾਰਚ ਨੂੰ ਜਲੰਧਰ ਕੇਂਦਰੀ ਹਲਕੇ ਲਈ ਸਵੇਰੇ 9 ਤੋਂ 11 ਵਜੇ ਤੱਕ,ਜਲੰਧਰ ਉੱਤਰੀ ਹਲਕੇ ਲਈ 11 ਤੋਂ ਦੁਪਹਿਰ 1 ਵਜੇ ਤੱਕ, ਜਲੰਧਰ ਕੈਂਟ ਹਲਕੇ ਲਈ ਦੁਪਹਿਰ 1 ਤੋਂ 3 ਵਜੇ ਤੱਕ ਅਤੇ ਆਦਮਪੁਰ ਹਲਕੇ ਲਈ ਦੁਪਹਿਰ 3 ਵਜੇ ਤੋਂ ਸ਼ਾਮ 5 ਵਜੇ ਤੱਕ ਸਿਖਲਾਈ ਹੋਵੇਗੀ। ਇਸ ਮੌਕੇ ਤਹਿਸੀਲਦਾਰ ਚੋਣਾਂ ਸ੍ਰੀ ਰਾਜ ਕੁਮਾਰ ਟਾਂਗਰੀ ਅਤੇ ਕਾਊਂਟਿੰਗ ਸਟਾਫ਼ ਹਾਜ਼ਰ ਸਨ।