ਚੱਬੇਵਾਲ/ਸ਼ਾਮ ਚੁਰਾਸੀ, 25 ਜਨਵਰੀ, 2017 : ਅਕਾਲੀ ਦਲ ਦੇ ਪ੍ਰਧਾਨ ਸ਼ ਸੁਖਬੀਰ ਸਿੰਘ ਬਾਦਲ ਨੇ ਅੱਜ ਲੋਕਾਂ ਨੂੰ ਕਿਹਾ ਕਿ ਉਹ 4 ਫਰਵਰੀ ਨੂੰ ਆਪਣਾ ਵੋਟ ਦੇਣ ਤੋਂ ਪਹਿਲਾਂ ਅਕਾਲੀ-ਭਾਜਪਾ ਗਠਜੋੜ ਸਰਕਾਰ ਦੁਆਰਾ ਕੀਤੇ ਵਿਕਾਸ ਕਾਰਜਾਂ ਦੀ ਕਾਂਗਰਸ ਸਰਕਾਰ ਦੇ ਕੰਮਾਂ ਨਾਲ ਤੁਲਨਾ ਜਰੂਰ ਕਰਨ।
ਵਿਧਾਨ ਸਭਾ ਹਲਕਾ ਚੱਬੇਵਾਲ ਅਤੇ ਸ਼ਾਮ ਚੁਰਾਸੀ ਵਿਖੇ ਕ੍ਰਮਵਾਰ ਪਾਰਟੀ ਉਮੀਦਵਾਰਾਂ ਸੋਹਨ ਸਿੰਘ ਠੰਡਲ ਅਤੇ ਮਹਿੰਦਰ ਕੌਰ ਜੋਸ਼ ਦੇ ਹੱਕ ਵਿਚ ਵੱਡੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ਼ ਬਾਦਲ ਨੇ ਕਿਹਾ ਕਿ ਇੱਕ ਪਾਸੇ ਤੁਹਾਡੇ ਕੋਲ ਅਕਾਲੀ-ਭਾਜਪਾ ਗਠਜੋੜ ਹੈ, ਜਿਸ ਨੇ ਆਪਣੇ ਸਾਰੇ ਵਾਅਦਿਆਂ ਨੂੰ ਪੂਰਾ ਵਿਖਾਇਆ ਹੈ। ਅਸੀਂ ਕਿਹਾ ਸੀ ਕਿ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਵਾਂਗੇ, ਅਸੀ ਬਣਾ ਦਿੱਤਾ। ਅਸੀਂ ਸੂਬੇ ਦੇ ਸਾਰੇ ਮੁੱਖ ਸ਼ਹਿਰਾਂ ਅਤੇ ਕਸਬਿਆਂ ਨੂੰ ਜੋੜਣ ਲਈ ਵਿਸ਼ਵ ਪੱਧਰ ਦੀਆਂ ਸੜਕਾਂ ਬਣਾਉਣ ਦਾ ਵਾਅਦਾ ਕੀਤਾ ਸੀ, ਅਸੀਂ ਇਸ ਨੂੰ ਪੂਰਾ ਕੀਤਾ। ਅਸੀਂ ਸੂਬੇ ਦੇ 165 ਕਸਬਿਆਂ ਵਿਚ ਸਾਫ ਪੀਣ ਵਾਲੇ ਪਾਣੀ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਹਨ। ਸ਼ ਬਾਦਲ ਨੇ ਕਿਹਾ ਕਿ ਦੂਜੇ ਪਾਸੇ ਅਮਰਿੰਦਰ ਸਿੰਘ ਸਰਕਾਰ ਕਿਸਾਨਾਂ ਦੀ ਮੁਫਤ ਬਿਜਲੀ ਦੀ ਸਹੂਲਤ ਅਤੇ ਲੋਕ ਭਲਾਈ ਦੀਆਂ ਸਕੀਮਾਂ ਬੰਦ ਕਰਨ ਲਈ ਜਾਣੀ ਜਾਂਦੀ ਹੈ। ਉਹਨਾਂ ਕਿਹਾ ਕਿ ਅਮਰਿੰਦਰ ਸਿੰਘ ਨੇ ਸਰਕਾਰੀ ਨੌਕਰੀਆਂ ਦੀ ਭਰਤੀ ਬੰਦ ਕਰ ਦਿੱਤੀ ਸੀ। ਅਜਿਹੇ ਵਿਅਕਤੀ ਉੱਤੇ ਤੁਸੀਂ ਕਿਵੇਂ ਭਰੋਸਾ ਕਰ ਸਕਦੇ ਹੋ ਕਿ ਉਹ ਤੁਹਾਨੂੰ ਨੌਕਰੀਆਂ ਦੇਵੇਗਾ?
ਸ਼ ਬਾਦਲ ਨੇ ਕਿਹਾ ਕਿ ਸਾਰੇ ਖੇਤਰਾਂ ਵਿਚ ਪੰਜਾਬ ਦੀ ਕਾਇਆ ਕਲਪ ਕਰਨ ਮਗਰੋਂ ਅਕਾਲੀ-ਭਾਜਪਾ ਨੇ ਹੁਣ ਅਗਲੇ ਪੰਜ ਸਾਲਾਂ ਲਈ ਆਪਣੀ ਰਣਨੀਤੀ ਘੜ ਲਈ ਹੈ। ਗਠਜੋੜ ਸਰਕਾਰ ਪੰਜਾਬ ਦੇ ਸਾਰੇ 12000 ਪਿੰਡਾਂ ਵਿਚ ਸੀਵਰੇਜ ਸਿਸਟਮ ਅਤੇ ਸੋਲਰ ਲਾਇਟਾਂ ਵਰਗੀਆਂ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਸ ਤੋਂ ਇਲਾਵਾ ਸਾਰੇ ਗਰੀਬ ਤਬਕਿਆਂ ਨੂੰ ਪੱਕੇ ਮਕਾਨ ਬਣਾ ਕੇ ਦਿੱਤੇ ਜਾਣਗੇ। ਇਹ ਕੰਮ ਕੇਂਦਰ ਸਰਕਾਰ ਨਾਲ ਮਿਲ ਕੇ ਕੀਤਾ ਜਾਵੇਗਾ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਦਾ ਐਨਡੀਏ ਸਰਕਾਰ ਦੀ ਸਹਿਯੋਗੀ ਪਾਰਟੀ ਹੋਣਾ ਵੀ ਪੰਜਾਬ ਲਈ ਫਾਇਦੇਮੰਦ ਸਾਬਿਤ ਹੋਇਆ ਹੈ। ਕੇਂਦਰ ਸਰਕਾਰ ਨੇ ਵਿਭਿੰਨ ਸੜਕੀ ਪ੍ਰਾਜੈਕਟਾਂ ਲਈ ਪੰਜਾਬ ਨੂੰ 32000 ਕਰੋੜ ਰੁਪਏ ਦੀ ਗਰਾਂਟ ਦਿੱਤੀ ਹੈ। ਇਸ ਤੋਂ ਇਲਾਵਾ ਕੇਂਦਰ ਨੇ ਸਾਨੂੰ ਏਮਜ਼ ਵਰਗੀਆਂ ਵੱਕਾਰੀ ਸੰਸਥਾਵਾਂ ਵੀ ਦਿੱਤੀਆਂ ਹਨ। ਇਹ ਸਭ ਇਸ ਲਈ ਸੰਭਵ ਹੋਇਆ ਹੈ, ਕਿਉਂਕਿ ਅਸੀਂ ਐਨਡੀਏ ਸਰਕਾਰ ਦਾ ਹਿੱਸਾ ਹਾਂ।
ਲੋਕਾਂ ਨੂੰ ਕਿਸੇ ਵੀ ਹਾਲਤ ਵਿਚ ਆਪ ਨੂੰ ਸਮਰਥਨ ਦੇਣ ਤੋਂ ਵਰਜਦਿਆਂ ਸ਼ ਬਾਦਲ ਨੇ ਕਿਹਾ ਕਿ ਆਪ ਮੁਖੀ ਅਰਵਿੰਦ ਕੇਜਰੀਵਾਲ ਪ੍ਰਧਾਨ ਮੰਤਰੀ ਮੋਦੀ ਖਿਲਾਫ ਲੜਾਈ ਲਈ ਪੰਜਾਬ ਨੂੰ ਜੰਗ ਦੇ ਮੈਦਾਨ ਵਜੋਂ ਇਸਤੇਮਾਲ ਕਰੇਗਾ। ਉਹਨਾਂ ਕਿਹਾ ਕਿ ਕੇਜਰੀਵਾਲ ਦੀ ਮੋਦੀ ਨਾਲ ਲੜਾਈ ਦਾ ਸਭ ਤੋਂ ਵੱਧ ਨੁਕਸਾਨ ਕਿਸਾਨਾਂ ਅਤੇ ਆਮ ਆਦਮੀ ਨੂੰ ਹੋਵੇਗਾ।ਇਸ ਦਾ ਅਸਰ ਕਣਕ ਅਤੇ ਝੋਨੇ ਦੀਆਂ ਫਸਲਾਂ ਦੀ ਖਰੀਦ ਉੱਤੇ ਪਵੇਗਾ।