ਚੰਡੀਗੜ੍ਹ, 14 ਜਨਵਰੀ, 2017 : ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਤਲ ਦੇ ਆਰੋਪੀ ਅਤੇ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਦੀ ਸਹਾਇਤਾ ਕੀਤੇ ਜਾਣ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਸ਼ਿਵ ਲਾਲ ਡੋਡਾ ਅਬੋਹਰ ਤੋਂ ਆਜਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ ਅਤੇ ਉਨਾਂ ਨੂੰ ਅਕਾਲੀ ਦਲ ਦਾ ਸਮਰਥਨ ਹੈ।
ਆਮ ਆਦਮੀ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਗਵੰਤ ਮਾਨ ਨੇ ਇੱਥੋਂ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਸੁਖਬੀਰ ਬਾਦਲ ਦੇ ਡੋਡਾ ਨਾਲ ਕਾਰੋਬਾਰੀ ਹਿੱਤ ਹਨ, ਜੋ ਕਿ ਨਸ਼ਿਆਂ ਅਤੇ ਸ਼ਰਾਬ ਦਾ ਕਾਰੋਬਾਰ ਕਰਦਾ ਹੈ। ਉਨਾਂ ਕਿਹਾ ਕਿ ਫਾਜਿਲਕਾ ਜੇਲ ਵਿੱਚ ਡੋਡਾ ਨੂੰ ਵੀਵੀਆਈਪੀ ਸਹੂਲਤਾਂ ਦਿੱਤੀਆਂ ਗਈਆਂ ਅਤੇ ਉਸਨੂੰ ਅਕਾਲੀ ਆਗੂਆਂ ਨਾਲ ਪ੍ਰਾਈਵੇਟ ਮੀਟਿੰਗਾਂ ਕਰਨ ਦੀ ਇਜਾਜਤ ਸੀ। ਉਨਾਂ ਕਿਹਾ ਡੋਡਾ ਅਤੇ ਕਈ ਹੋਰ ਅਕਾਲੀ ਆਗੂਆਂ ਨੂੰ ਪੁਲਿਸ ਵੱਲੋਂ ਕੁੱਝ ਦਿਨ ਪਹਿਲਾਂ ਗ੍ਰਿਫਤਾਰ ਕੀਤਾ ਗਿਆ, ਜਿਸ ਤੋਂ ਡੋਡਾ ਦੇ ਬਾਦਲਾਂ ਨਾਲ ਸਬੰਧ ਜੱਗ ਜਾਹਿਰ ਹੋ ਗਏ।
ਮਾਨ ਨੇ ਮੰਗ ਕੀਤੀ ਕਿ ਸੁਖਬੀਰ ਬਾਦਲ ਅਬੋਹਰ ਹਲਕੇ ਤੋਂ ਡੋਡਾ ਨੂੰ ਸਮਰਥਨ ਦੇਣ ਬਾਰੇ ਆਪਣਾ ਸਪਸ਼ਟੀਕਰਨ ਦੇਣ। ਉਨਾਂ ਕਿਹਾ ਕਿ ਕੇਵਲ ਡੋਡਾ ਹੀ ਅਪਰਾਧੀ ਨਹੀਂ ਹੈ, ਜੋ ਸੁਖਬੀਰ ਦੀ ਪਸੰਦੀਦਾ ਲਿਸਟ ਵਿਚ ਸ਼ਾਮਿਲ ਹੈ, ਇਸ ਤੋਂ ਇਲਾਵਾ ਸੁੱਚਾ ਸਿੰਘ ਲੰਗਾਹ ਅਤੇ ਬੀਬੀ ਜਗੀਰ ਕੌਰ ਦੋ ਹੋਰ ਅਕਾਲੀ ਆਗੂਆਂ ਨੂੰ ਅਦਾਲਤ ਵੱਲੋਂ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਉਨਾਂ ਨੂੰ ਅਸੈਂਬਲੀ ਚੋਣਾਂ ਲੜਨ ਲਈ ਟਿਕਟਾਂ ਵੀ ਦਿੱਤੀਆਂ ਗਈਆਂ ਹਨ। ਉਨਾਂ ਕਿਹਾ ਕਿ ਸੁਖਬੀਰ ਅਤੇ ਮਜੀਠੀਆ ਵੱਲੋਂ ਅਪਰਾਧੀਆਂ ਨੂੰ ਸ਼ਰਣ ਦਿੱਤੀ ਜਾਂਦੀ ਹੈ ਅਤੇ ਵਿਰੋਧੀਆਂ ਨੂੰ ਧਮਕਾਇਆ ਜਾਂਦਾ ਹੈ।