ਚੰਡੀਗੜ੍ਹ, 7 ਜਨਵਰੀ, 2017 : ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸ਼ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਬੰਧਤ ਯੂਨੀਵਰਸਿਟੀ, ਕਾਲਜ਼ਾਂ ਅਤੇ ਕਾਲਜ਼ੀਏਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਾਹਿਬੇ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਣ ਤੇ ਵਿਚਾਰਧਾਰਾ ਤੋਂ ਸੇਧ ਲੈ ਕੇ ਸਿੱਖ ਨੌਜਵਾਨਾਂ ਅੰਦਰ ਆਪਣੇ ਇਤਿਹਾਸ, ਧਰਮ ਅਤੇ ਵਿਰਸੇ ਪ੍ਰਤੀ ਜਾਗਰੂਕ ਕਰਨ ਲਈ 10 ਜਨਵਰੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਤਖ਼ਤ ਸ਼੍ਰੀ ਕੇਸਗੜ ਸਾਹਿਬ ਜੀ ਦੇ ਦਸ਼ਮੇਸ਼ ਦੀਵਾਨ ਹਾਲ ਵਿੱਚ ਕਰਵਾਏ ਜਾ ਰਹੇ ਸਿੱਖ ਨੌਜਵਾਨ ਗੁਰਮਤਿ ਚੇਤਨਾ ਸਮਾਗਮ ਸਿੱਖ ਨੌਜਵਾਨਾਂ ਲਈ ਪ੍ਰੇਰਨਾਦਾਇਕ ਸਿੱਧ ਹੋਵੇਗਾ। ਇਹ ਵਿਚਾਰ ਅੱਜ ਇਥੇ ਸ਼ਗੁ: ਪ੍ਰ: ਕਮੇਟੀ ਦੇ ਸਬ-ਆਫਿਸ, ਚੰਡੀਗੜ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਉਚ-ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ।ਉਨਾਂ ਕਿਹਾ ਕਿ ਅਜੋਕੇ ਯੁੱਗ ਅੰਦਰ ਨੌਜਵਾਨ ਅਤੇ ਵਿਦਿਆਰਥੀ ਵਰਗ ਨੂੰ ਦਰਪੇਸ਼ ਚੁਣੌਤੀਆਂ ਅਤੇ ਸਮਾਜੀ ਚਕਾ-ਚੌਂਧ ਦਾ ਮੁਕਾਬਲਾ ਕਰਨ ਲਈ ਇਨਾਂ ਸਮਾਗਮਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਪ੍ਰੋ. ਬਡੂੰਗਰ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਸ਼ਤਾਬਦੀ ਸਿੱਖ ਜਗਤ ਨੂੰ ਜਾਗਰੂਕ ਕਰਨ ਅਤੇ ਆਪਣੇ ਧਰਮ ਪ੍ਰਤੀ ਸੁਚੇਤ ਹੋਣ ਦਾ ਸੁਨੇਹਾ ਦੇ ਕੇ ਗਈ ਹੈ।ਜਿਸ ਨੂੰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਘਰ-ਘਰ ਪਹੁੰਚਾਉਣ ਦਾ ਯਤਨ ਕਰੇਗੀ।
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਜੀ ਚਾਵਲਾ ਨੇ ਕਿਹਾ ਕਿ ਇਸ ਸਮਾਗਮ ਵਿੱਚ ਨੌਜਵਾਨਾਂ ਅਤੇ ਵਿਦਿਆਰਥੀਆਂ ਅੰਦਰ ਖ਼ਾਲਸਾਈ ਜਾਹੋ-ਜਲਾਲ ਵੇਖਣ ਵਾਲਾ ਹੋਵੇਗਾ ਜਿਸ ਲਈ ਪੰਜਾਬ ਭਰ ਤੋਂ ਪਹੁੰਚ ਰਹੇ ਵਿਦਿਆਰਥੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਥਾਪਤ ਕੀਤੇ ਪੰਜ ਕਿਲਿਆਂ ਤੋਂ ਵੱਖ-ਵੱਖ ਮਾਰਚ ਪਾਸਟ ਕਰਦੇ ਹੋਏ ਤਖ਼ਤ ਸ੍ਰੀ ਕੇਸਗੜ ਸਾਹਿਬ ਵਿਖੇ ਪੁੱਜਣਗੇ।ਇਸ ਮੌਕੇ 'ਤੇ ਸਿੱਖ ਨੌਜਵਾਨਾਂ ਦਰਮਿਆਨ ਦੁਮਾਲੇ, ਦਸਤਾਰ ਅਤੇ ਰਵਾਇਤੀ ਬਾਣਿਆਂ ਦੇ ਮੁਕਾਬਲਿਆਂ ਦੇ ਨਾਲ-ਨਾਲ ਖ਼ਾਲਸਾਈ ਯੁੱਧ ਕਲਾ ਗੱਤਕਾ ਦਾ ਪ੍ਰਦਰਸ਼ਨ ਵੀ ਵੇਖਣ ਵਾਲਾ ਹੋਵੇਗਾ।
ਭਾਈ ਚਾਵਲਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸਮਾਗਮ ਅੰਦਰ ਵੱਖ ਵੱਖ ਮੁਕਾਬਲਿਆਂ ਵਿੱਚੋਂ ਜੇਤੂ ਰਹਿਣ ਵਾਲੇ ਵਿਦਿਆਰਥੀ ਹੀ ਕੀਰਤਨ, ਢਾਡੀ ਵਾਰਾਂ, ਕਵਿਸ਼ਰੀ, ਕਵਿਤਾ ਅਤੇ ਭਾਸ਼ਣ ਕਲਾ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਿਖਿਆਨ ਕਰਨਗੇ।
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ੍ਰ: ਹਰਚਰਨ ਸਿੰਘ ਮੁੱਖ ਸਕੱਤਰ, ਡਾ. ਗੁਰਮੋਹਨ ਸਿੰਘ ਵਾਲੀਆ ਵਾਈਸ ਚਾਂਸਲਰ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਸ੍ਰ. ਅਵਤਾਰ ਸਿੰਘ ਸਕੱਤਰ, ਸ੍ਰ: ਸੁਖਦੇਵ ਸਿੰਘ ਭੂਰਾਕੋਹਨਾ ਐਡੀਸ਼ਨਲ ਸਕੱਤਰ, ਸ੍ਰ: ਪਰਮਜੀਤ ਸਿੰਘ ਸਰੋਆ ਐਡੀਸ਼ਨਲ ਸਕੱਤਰ, ਸ੍ਰ: ਕੇਵਲ ਸਿੰਘ ਐਡੀਸ਼ਨਲ ਸਕੱਤਰ, ਡਾ. ਧਰਮਿੰਦਰ ਸਿੰਘ ਉਭਾ, ਡਾਇਰੈਕਟਰ ਸਿੱਖਿਆ ਸ਼੍ਰੋਮਣੀ ਕਮੇਟੀ, ਡਾ. ਕਸ਼ਮੀਰ ਸਿੰਘ ਡਿਪਟੀ ਡਾਇਰੈਕਟਰ ਸਿੱਖਿਆ, ਪ੍ਰਿੰਸੀਪਲ ਸਤਵੰਤ ਕੌਰ ਸਹਾਇਕ ਡਾਇਰੈਕਟਰ ਸਿੱਖਿਆ (ਸਕੂਲਜ਼), ਮੇਜਰ ਜਨਰਲ ਜੀ.ਐਸ.ਲਾਂਭਾ ਪ੍ਰਿੰਸੀਪਲ ਬਾਬਾ ਬੰਦਾ ਸਿੰਘ ਜੀ ਬਹਾਦਰ ਕਾਲਜ਼, ਸ਼੍ਰੀ ਫ਼ਤਹਿਗੜ ਸਾਹਿਬ, ਡਾ. ਜਤਿੰਦਰ ਸਿੰਘ ਸਿੱਧੂ ਪ੍ਰਿੰਸੀਪਲ ਮਾਤਾ ਗੁਜਰੀ ਕਾਲਜ਼, ਸ਼੍ਰੀ ਫ਼ਤਹਿਗੜ ਸਾਹਿਬ, ਪ੍ਰਿੰਸੀਪਲ ਗੁਰਪ੍ਰੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਤਰਨਤਾਰਨ ਲਵਪ੍ਰੀਤ ਸਿੰਘ ਪ੍ਰਚਾਰਕ ਆਦਿ ਤੋਂ ਇਲਾਵਾ ਹੋਰ ਬਹੁਤ ਸਾਰੇ ਕਾਲਜ਼ਾਂ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਪ੍ਰੋਫੈਸਰ ਸਾਹਿਬਾਨ ਹਾਜਰ ਹੋਏ।