ਫਾਈਲ ਫੋਟੋ
ਨਿਹਾਲ ਸਿੰਘ ਵਾਲਾ/ਬਾਘਾਪੁਰਾਣਾ, 27 ਜਨਵਰੀ, 2017 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ ਆਪ ਪੰਜਾਬ ਵਿਚ ਕਦੇ ਵੀ ਸਰਕਾਰ ਨਹੀਂ ਬਣਾ ਸਕਦੀ, ਕਿਉਂਕਿ ਇਹ ਸਿਰਫ ਮਾਲਵੇ ਤਕ ਸੀਮਤ ਹੈ। ਮਾਝਾ ਅਤੇ ਦੋਆਬਾ ਖੇਤਰਾਂ ਵਿਚ ਆਪ ਦੀ ਕੋਈ ਹੋਂਦ ਨਹੀਂ ਹੈ।
ਵਿਧਾਨ ਸਭਾ ਹਲਕਿਆਂ ਨਿਹਾਲ ਸਿੰਘ ਵਾਲਾ ਅਤੇ ਬਾਘਾਪੁਰਾਣਾ ਵਿਖੇ ਕ੍ਰਮਵਾਰ ਪਾਰਟੀ ਉਮੀਦਵਾਰਾਂ ਐਸ ਆਰ ਕਲੇਰ ਅਤੇ ਤੀਰਥ ਸਿੰਘ ਮਹੀਲਾ ਦੇ ਹੱਕ ਵਿਚ ਵੱਡੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ਼ ਬਾਦਲ ਨੇ ਕਿਹਾ ਕਿ ਆਪ ਮਾਲਵੇ 'ਚ ਵੀ ਸਿਰਫ 21-22 ਸੀਟਾਂ ਉਤੇ ਤਿਕੋਣਾ ਮੁਕਾਬਲਾ ਦੇ ਰਹੀ ਹੈ। ਇਹ ਕਿੰਨੀਆਂ ਕੁ ਸੀਟਾਂ ਜਿੱਤ ਸਕਦੀ ਹੈ?
ਉਹਨਾਂ ਕਿਹਾ ਕਿ ਜਿੱਥੋਂ ਤਕ ਮਾਝਾ ਅਤੇ ਦੋਆਬਾ ਖੇਤਰਾਂ ਦਾ ਸੁਆਲ ਹੈ, ਉੱਥੇ ਆਪ ਦੀ ਬਿਲਕੁੱਲ ਵੀ ਹੋਂਦ ਨਹੀਂ ਹੈ। ਇਹਨਾਂ ਦੋਵੇਂ ਖੇਤਰਾਂ ਵਿਚ ਅਕਾਲੀ-ਭਾਜਪਾ ਦੀ ਕਾਂਗਰਸ ਨਾਲ ਸਿੱਧੀ ਟੱਕਰ ਹੈ। ਅਜਿਹੇ ਹਾਲਾਤ ਵਿਚ ਆਪ ਕਦੇ ਵੀ ਸੂਬੇ ਅੰਦਰ ਸਰਕਾਰ ਨਹੀਂ ਬਣਾ ਸਕਦੀ।
ਬਾਦਲ ਨੇ ਕਿਹਾ ਕਿ ਇੱਥੋਂ ਤਕ ਕਿ ਮਾਲਵੇ ਵਿਚ ਵੀ ਲੋਕਾਂ ਨੂੰ ਆਪ ਦੇ ਖਤਰਨਾਕ ਇਰਾਦਿਆਂ ਨੂੰ ਸਮਝਣ ਦੀ ਲੋੜ ਹੈ। ਅਰਵਿੰਦ ਕੇਜਰੀਵਾਲ ਗਰਮ ਖਿਆਲੀ ਧਿਰਾਂ ਨਾਲ ਹੱਥ ਮਿਲਾ ਕੇ ਪੰਜਾਬ ਵਿਚ ਗੜਬੜ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਕਿਹਾ ਕਿ ਆਪ ਨੂੰ ਵੋਟ ਦੇਣ ਦਾ ਮਤਲਬ ਅਸਥਿਰਤਾ ਨੂੰ ਵੋਟ ਦੇਣਾ ਹੈ। ਕੇਜਰੀਵਾਲ ਆਪਣੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਖਿਲਾਫ ਲੜਾਈ ਵਾਸਤੇ ਪੰਜਾਬ ਨੂੰ ਜੰਗ ਦੇ ਮੈਦਾਨ ਵਜੋਂ ਵਰਤਣਾ ਚਾਹੁੰਦਾ ਹੈ। ਆਪ ਨੂੰ ਸਮਰਥਨ ਦੇਣ ਦੀ ਗਲਤੀ ਨਾ ਕਰ ਬੈਠਿਓ। ਕੇਂਦਰ ਨਾਲ ਟਕਰਾਅ ਦਾ ਸਿੱਧਾ ਅਸਰ ਪੰਜਾਬ ਵਿਚ ਕਣਕ ਅਤੇ ਝੋਨੇ ਦੀਆਂ ਫਸਲਾਂ ਦੀ ਖਰੀਦ ਉੱਤੇ ਪਵੇਗਾ। ਇਸ ਤੋਂ ਇਲਾਵਾ ਵਿਕਾਸ ਕਾਰਜਾਂ ਉੱਤੇ ਵੀ ਅਸਰ ਪੈਣਾ ਲਾਜ਼ਮੀ ਹੈ। ਅਸੀਂ ਸੂਬੇ ਨੂੰ ਤਰੱਕੀ ਦੀ ਲੀਹ ਉੱਤੇ ਚੜਾਇਆ ਹੈ। ਅਸੀਂ ਇਸ ਨੂੰ ਲੀਹੋਂ ਨਹੀ ਲਾਹ ਸਕਦੇ।
ਉਹਨਾਂ ਕਿਹਾ ਕਿ ਅਕਾਲੀ -ਭਾਜਪਾ ਗਠਜੋੜ ਕਿਸਾਨਾਂ ਅਤੇ ਗਰੀਬ ਤਬਕਿਆਂ ਦੀ ਭਲਾਈ ਲਈ ਵਚਨਬੱਧ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਗਠਜੋੜ ਨੇ ਕਣਕ ਅਤੇ ਝੋਨੇ ਉੱਤੇ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਦੀ ਪੇਸ਼ਕਸ਼ ਕੀਤੀ ਹੈ। ਅਸੀਂ ਬੇਘਰੇ ਲੋਕਾਂ ਨੂੰ 5 ਲੱਖ ਪੱਕੇ ਮਕਾਨ ਬਣਾ ਕੇ ਦੇਣ ਦਾ ਵੀ ਫੈਸਲਾ ਲਿਆ ਹੈ। ਇਸ ਤੋਂ ਇਲਾਵਾ ਅਸੀਂ ਗਰੀਬ ਤਬਕਿਆਂ ਨੂੰ 5 ਕਿਲੋ ਖੰਡ 10 ਰੁਪਏ ਕਿਲੋ ਅਤੇ 2 ਕਿਲੋ ਘਿਓ 25 ਰੁਪਏ ਕਿਲੋ ਦੇਣ ਦਾ ਫੈਸਲਾ ਲਿਆ ਹੈ। ਇੱਥੋਂ ਤੱਕ ਕਿ ਕੁਦਰਤੀ ਆਫਤਾਂ ਨਾਲ ਨੁਕਸਾਨੀਆਂ ਫਸਲਾਂ ਦੇ ਮੁਆਵਜ਼ੇ ਵਿਚ ਖੇਤ ਮਜ਼ਦੂਰਾਂ ਨੂੰ ਵੀ ਰਾਹਤ ਦਿੱਤੀ ਜਾਵੇਗੀ।
ਲੋਕਾਂ ਨੂੰ ਵਿਕਾਸ ਵਾਸਤੇ ਵੋਟ ਪਾਉਣ ਲਈ ਕਹਿੰਦੇ ਹੋਏ ਸ਼ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਆਪਣੀ ਕਾਰਗੁਜ਼ਾਰੀ ਵਾਸਤੇ ਤੁਹਾਡੀ ਵੋਟ ਮੰਗਦਾ ਹੈ। ਅਸੀਂ ਨਾ ਸਿਰਫ ਕੀਤੇ ਹੋਏ ਵਾਅਦੇ ਪੂਰੇ ਕੀਤੇ ਹਨ, ਸਗੋਂ ਬਹੁਤ ਸਾਰੀ ਲੋਕ ਪੱਖੀ ਸਕੀਮਾਂ ਵੀ ਸ਼ੁਰੂ ਕੀਤੀਆਂ ਹਨ। ਅਸੀਂ ਅਗਲੇ ਪੰਜ ਸਾਲਾ ਵਿਚ ਪੂਰੇ ਪੰਜਾਬ ਅੰਦਰ ਖਾਸ ਕਰਕੇ ਪੇਂਡੂ ਖੇਤਰਾਂ ਵਿਚ ਵਿਕਾਸ ਦੀ ਹਨੇਰੀ ਲਿਆ ਦੇਵਾਂਗੇ।