← ਪਿਛੇ ਪਰਤੋ
ਚੰਡੀਗੜ੍ਹ, 10 ਜਨਵਰੀ, 2017 : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਦੇ ਆਗੂ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਸ੍ਰੀ ਮਨੀਸ਼ ਸਿਸੋਦੀਆ ਵੱਲੋਂ ਸ੍ਰੀ ਅਰਵਿੰਦ ਕੇਜਰੀਵਾਲ ਦੇ ਪੰਜਾਬ ਦਾ ਮੁੱਖ ਮੰਤਰੀ ਹੋਣ ਸਬੰਧੀ ਦਿੱਤੇ ਬਿਆਨ ਨੂੰ ਪੰਜਾਬੀਆਂ ਲਈ ਵੱਡੀ ਚੁਣੌਤੀ ਅਤੇ ਆਮ ਆਦਮੀ ਪਾਰਟੀ ਦੀ ਪੰਜਾਬ ਲੀਡਰਸ਼ਿਪ ਦੀ ਬੇਇੱਜ਼ਤੀ ਕਰਾਰ ਦਿੱਤਾ ਹੈ। ਇਥੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸਨੇ ਸ੍ਰੀ ਅਰਵਿੰਦ ਕੇਜਰੀਵਾਲ ਦੀ ਲਾਲਸਾ ਤੇ ਭੁੱਖ ਉਜਾਗਰ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਸ੍ਰੀ ਕੇਜਰੀਵਾਲ ਨੂੰ ਰਾਜ ਵਿਚ ਚਲ ਰਹੀਆਂ ਵਿਧਾਨ ਸਭਾ ਚੋਣਾਂ ਲਈ ਆਪ ਦਾ ਚੇਹਰਾ ਐਲਾਨਣ ਨਾਲ ਆਪ ਲੀਡਰਸ਼ਿਪ ਨੇ ਖੁਲ੍ਹੇਆਮ ਪ੍ਰਵਾਨ ਕਰ ਲਿਆ ਹੈ ਕਿ ਪੰਜਾਬ 'ਚੋਂ ਪਾਰਟੀ ਦਾ ਕੋਈ ਵੀ ਆਗੂ ਸੂਬੇ ਵਿਚ ਮੁੱਖ ਮੰਤਰੀ ਦੇ ਅਹੁਦੇ ਲਈ ਪਾਰਟੀ ਦਾ ਚੇਹਰਾ ਬਣਨ ਦੇ ਯੋਗ ਨਹੀਂ ਹੈ। ਡਾ. ਚੀਮਾ ਨੇ ਹੋਰ ਕਿਹਾ ਕਿ ਇਹ ਕਾਰਵਾਈ ਸ੍ਰੀ ਕੇਜਰੀਵਾਲ ਵੱਲੋਂ ਦਿੱਲੀ ਦੇ ਲੋਕਾਂ ਨਾਲ ਵੀ ਵੱਡਾ ਧੋਖਾ ਹੈ ਜਿਹਨਾਂ ਨੇ ਦਿੱਲੀ ਵਿਧਾਨ ਸਭਾ ਚੋਣਾਂ ਵੇਲੇ ਉਹਨਾਂ ਨੂੰ ਅਣਕਿਆਸੀ ਹਮਾਇਤ ਦਿੱਤੀ ਸੀ। ਉਹਨਾਂ ਕਿਹਾ ਕਿ ਦੇਸ਼ ਦੀ ਰਾਜਧਾਨੀ ਦੇ ਲੋਕਾਂ ਦੀਆਂ ਆਸਾਂ ਅਨੁਸਾਰ ਕੰਮ ਕਰਨ ਵਿਚ ਬੁਰੀ ਤਰ੍ਹਾਂ ਅਸਫਲ ਰਹਿਣ ਮਗਰੋਂ ਸ੍ਰੀ ਕੇਜਰੀਵਾਲ ਨੇ ਹੁਣ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦਾ ਮਨ ਬਣਾ ਲਿਆ ਹੈ। ਉਹਨਾ ਕਿਹਾ ਕਿ ਪੰਜਾਬ ਦੇ ਲੋਕ ਸ੍ਰੀ ਕੇਜਰੀਵਾਲ ਨੂੰ ਮੌਜੂਦਾ ਚੋਣਾ ਵਿਚ ਢੁਕਵਾਂ ਜਵਾਬ ਦੇਣਗੇ ਅਤੇ ਅੱਜ ਦੇ ਐਲਾਨ ਨਾਲ ਸੂਬੇ ਵਿਚ ਪਹਿਲਾਂ ਹੀ ਆਪਣੀ ਮਕਬੂਲੀਅਤ ਗੁਆ ਚੁੱਕੀ ਪਾਰਟੀ ਦਾ ਗ੍ਰਾਫ ਹੋਰ ਹੇਠਾਂ ਆ ਜਾਵੇਗਾ।
Total Responses : 267