ਚੰਡੀਗੜ੍ਹ, 13 ਜਨਵਰੀ, 2017 : ਨਵਜੋਤ ਸਿੱਧੂ ਨੇ ਕਾਂਗਰਸ ਤੋਂ ਮੇਵਾ ਤਾਂ ਲੈ ਲਿਆ, ਪਰ ਕਾਂਗਰਸ ਨਾਲ ਗਲਵਕੜੀ ਪਾਉਣ ਲਈ ਉਸ ਨੂੰ 'ਟੇਵਾ' ਨਹੀਂ ਮਿਲ ਰਿਹਾ। ਉਹ ਕਾਂਗਰਸ ਵਿਚ ਲਈ ਸ਼ਾਮਿਲ ਨਹੀਂ ਹੋ ਰਿਹਾ, ਕਿਉਂਕਿ ਉਸ ਨੂੰ ਸਹੀ 'ਮਹੂਰਤ' ਨਹੀਂ ਲੱਭ ਰਿਹਾ। ਬੇਸੱæਕ ਰਾਹੁਲ ਗਾਂਧੀ ਨੂੰ ਮਿਲ ਕੇ ਉਹ ਬਾਕੀ ਸਾਰੀ ਸੌਦੇਬਾਜ਼ੀ ਮੁਕੰਮਲ ਕਰ ਚੁੱਕਿਆ ਹੈ।
ਇਹ ਸ਼ਬਦ ਰਾਜ ਸਭਾ ਮੈਂਬਰ ਅਤੇ ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ਼ ਸੁਖਦੇਵ ਸਿੰਘ ਢੀਂਡਸਾ ਨੇ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹਨਾਂ ਕਿਹਾ ਕਿ ਸਿੱਧੂ ਇੰਨਾ ਵੱਡਾ ਅੰਧ-ਵਿਸ਼ਵਾਸ਼ੀ ਹੈ ਕਿ ਘਰੋਂ ਬਾਹਰ ਨਿਕਲਣ ਵੇਲੇ, ਕਿਸੇ ਨੂੰ ਮਿਲਣ ਵੇਲੇ ਜਾਂ ਇੱਥੋਂ ਤਕ ਕੱਪੜੇ ਪਾਉਣ ਵੇਲੇ ਵੀ ਪਹਿਲਾ ਟੇਵਾ ਵੇਖਦਾ ਹੈ।
ਉਹਨਾਂ ਕਿਹਾ ਕਿ ਸਿੱਧੂ ਨੇ 6 ਮਹੀਨੇ ਪਹਿਲਾਂ ਰਾਜ ਸਭਾ ਮੈਂਬਰ ਵਜੋਂ ਅਸਤੀਫਾ ਦਿੱਤਾ ਸੀ। ਇੰਨੇ ਸਮੇਂ ਤੋਂ ਉਸ ਨੂੰ ਕਾਂਗਰਸ ਵਿਚ ਸ਼ਾਮਿਲ ਹੋਣ ਵਾਸਤੇ ਸ਼ੁਭ-ਮਹੂਰਤ ਨਹੀਂ ਲੱਭਿਆ। ਹੈਰਾਨੀ ਦੀ ਗੱਲ ਇਹ ਹੈ ਕਿ ਉਹ ਉਸ ਕਾਂਗਰਸ ਵਿਚ ਸ਼ਾਮਿਲ ਹੋਣ ਵਾਸਤੇ ਚੰਗਾ ਮਹੂਰਤ ਲੱਭ ਰਿਹਾ ਹੈ, ਜਿਸ ਨੂੰ ਕਦੀ ਉਸ ਨੇ 'ਮੁੰਨੀ ਤੋਂ ਵੀ ਵੱਧ ਬਦਨਾਮ' ਕਿਹਾ ਸੀ ਅਤੇ ਜਿਸ ਦੀ ਪ੍ਰਧਾਨ ਸੋਨੀਆ ਗਾਂਧੀ ਬਾਰੇ ਇਹ ਟਿੱਪਣੀ ਕੀਤੀ ਸੀ ਕਿ ਉਹ ਇਸ ਦੇਸ਼ ਯਾਨਿ 'ਸੋਨੇ ਦੀ ਚਿੜੀ' ਨੂੰ 'ਸੋਨੀਆ ਦੀ ਚਿੜੀ' ਬਣਾਉਣਾ ਚਾਹੁੰਦੀ ਹੈ।
ਸ਼ ਢੀਂਡਸਾ ਨੇ ਕਿਹਾ ਕਿ ਪੰਜਾਬ ਦੇ ਵੋਟਰ ਅਜਿਹੇ ਉਮੀਦਵਾਰ ਨੂੰ ਵੋਟ ਪਾਉਣ ਤੋਂ ਪਹਿਲਾਂ ਦੋ ਵਾਰ ਸੋਚਣਗੇ, ਜਿਹੜਾ ਐਡਾ ਅੰਧ-ਵਿਸ਼ਵਾਸ਼ੀ ਹੋਵੇ ਕਿ ਟੇਵਾ ਕਢਵਾਏ ਬਿਨਾਂ ਘਰੋਂ ਬਾਹਰ ਪੈਰ ਨਾ ਪੁੱਟਦਾ ਹੋਵੇ। ਲੋਕ ਜਾਣਦੇ ਹਨ ਕਿ ਜੇਕਰ ਸਿੱਧੂ ਜਿੱਤ ਕੇ ਮੰਤਰੀ ਬਣ ਗਿਆ ਤਾਂ ਲੋਕਾਂ ਦੀਆਂ ਫਾਇਲਾਂ ਬਾਰੇ ਆਪਣੇ ਸਕੱਤਰ ਦੀ ਨਹੀਂ ਸਗੋਂ ਜੋਤਸ਼ੀ ਦੀ ਸਲਾਹ ਮੰਗਿਆ ਕਰੇਗਾ ਕਿ ਕਿਹੜੀ ਫਾਇਲ ਪਾਸ ਕੀਤੀ ਜਾਵੇ ਅਤੇ ਕਿਹੜੀ ਠੰਡੇ ਬਸਤੇ ਵਿਚ ਸੁੱਟੀ ਜਾਵੇ? ਇੰਨਾ ਹੀ ਨਹੀਂ ਉਹ ਇਹ ਗੱਲ ਵੀ ਜੋਤਸ਼ੀ ਤੋਂ ਪੁੱਛੇਗਾ ਕਿ ਕਿਹੜੇ ਦਿਨ ਸਕੱਤਰੇਤ ਜਾਵੇ ਅਤੇ ਕਿਸ ਦਿਨ ਘਰ ਬੈਠ ਕੇ ਕੰਮ ਕਰੇ ਜਾਂ ਫਿਰ ਕਿਸ ਦਿਨ ਬਿਲਕੁੱਲ ਵੀ ਕੰਮ ਨਾ ਕਰੇ।
ਅਕਾਲੀ ਆਗੂ ਨੇ ਕਿਹਾ ਕਿ ਅਮਰਿੰਦਰ ਸਮੇਤ ਪੰਜਾਬ ਕਾਂਗਰਸ ਦੇ ਆਗੂ ਨਵਜੋਤ ਸਿੱਧੂ ਦੇ ਕਾਂਗਰਸ ਵਿਚ ਆਉਣ ਤੇ ਖੁਸ਼ ਨਹੀਂ ਹਨ। ਅਮਰਿੰਦਰ ਨੇ ਤਾਂ ਕੁੱਝ ਸਮਾਂ ਪਹਿਲਾਂ ਸਿੱਧੂ ਨੂੰ 'ਜੋਕਰ' ਵੀ ਕਿਹਾ ਸੀ। ਇਸ ਲਈ ਕਾਂਗਰਸ ਵਿਚ ਆਉਂਦੇ ਹੀ ਆਪਣੇ ਜੋਤਸ਼ੀ ਤੋਂ ਪੁੱਛ ਕੇ ਨਵਜੋਤ ਸਿੱਧੂ ਸਭ ਤੋਂ ਪਹਿਲਾਂ ਅਮਰਿੰਦਰ ਦੀ ਬੇੜੀ ਡੋਬੇਗਾ।
ਸ਼ ਢੀਂਡਸਾ ਨੇ ਕਿਹਾ ਕਿ ਪੰਜਾਬ ਵਰਗੇ ਅਗਾਂਹਵਧੂ ਸੋਚ ਅਤੇ ਕਦਰਾਂ-ਕੀੰਮਤਾਂ ਵਾਲੇ ਸੂਬੇ ਲਈ ਸਿੱਧੂ ਵਰਗਾ ਅੰਧ-ਵਿਸ਼ਵਾਸ਼ੀ ਆਗੂ ਇੱਕ ਸਰਾਪ ਸਾਬਿਤ ਹੋਵੇਗਾ।
ਉਹਨਾਂ ਕਿਹਾ ਕਿ ਆਪ ਮੁਖੀ ਅਰਵਿੰਦ ਕੇਜਰੀਵਾਲ ਨੇ ਖੁਲਾਸਾ ਕੀਤਾ ਸੀ ਕਿ ਉਹਨਾਂ ਦੀ ਪਾਰਟੀ ਨੇ ਸਿੱਧੂ ਨੂੰ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਸੀ, ਪਰ ਸਿੱਧੂ ਨੇ ਉਹ ਪੇਸ਼ਕਸ਼ ਠੁਕਰਾ ਦਿੱਤੀ ਸੀ। ਇਸ ਤੋਂ ਸਾਫ ਹੈ ਕਿ ਸਿੱਧੂ ਕਾਂਗਰਸ ਨਾਲ ਇਸ ਤੋਂ ਵੱਡੀ ਸੌਦੇਬਾਜ਼ੀ ਕੀਤੀ ਹੈ। ਉਹਨਾਂ ਕਿਹਾ ਕਿ ਸਿੱਧੂ ਨੇ ਵਾਰ-ਵਾਰ ਸਿਆਸੀ ਪਲਟੀਆਂ ਮਾਰ ਕੇ ਆਪਣੀ ਵੁੱਕਤ ਗੁਆ ਲਈ ਹੈ। ਇਸ ਤੋਂ ਇਲਾਵਾ ਉਸ ਦਾ ਮੰਤਰਾਂ, ਹਵਨਾਂ ਅਤੇ ਟੇਵਿਆਂ ਨੂੰ ਲੈ ਕੇ ਸਨਕੀਪੁਣਾ ਪੰਜਾਬੀ ਸੱਭਿਆਚਾਰ ਨਾਲ ਉੱਕਾ ਮੇਲ ਨਹੀਂ ਖਾਂਦਾ।