ਚੰਡੀਗੜ੍ਹ, 20 ਜਨਵਰੀ, 2017 : ਸਾਬਕਾ ਭਾਜਪਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਕੀਤੇ ਗਏ ਵੱਖ-ਵੱਖ ਕਾਰਨਾਮਿਆਂ ਦਾ ਵ੍ਹਾਈਟ ਪੇਪਰ ਜਾਰੀ ਕਰਦਿਆਂ ਕਿਹਾ ਕਿ ਸ਼ਾਸਤਰਾਂ ਵਿਚ ਲਿਖਿਆ ਹੈ ਕਿ ਨੀਤੀ ਤਾਂ ਹੀ ਸਫ਼ਲ ਹੁੰਦੀ ਹੈ ਜੇ ਨੀਅਤ ਸਾਫ਼ ਹੋਵੇ ਤੇ ਫਿਰ ਵਿਕਾਸ ਹੁੰਦਾ ਹੈ ਪਰ ਜਦ ਨੀਅਤ ਠੀਕ ਨਹੀਂ ਤਾਂ ਵਿਨਾਸ਼ ਹੀ ਹੁੰਦਾ ਹੈ। ਸਿੱਧੂ ਨੇ ਕਿਹਾ ਕਿ ਬਾਦਲਾਂ ਨੂੰ ਪੰਜਾਬ ਦੇ ਲੋਕਾਂ ਨੂੰ ਦੱਸਣਾ ਹੋਵੇਗਾ ਕਿ ਉਹ ਸਰਕਾਰ ਚਲਾਉਣ ਆਏ ਸਨ ਜਾਂ ਆਪਣਾ ਵਪਾਰ ਚਲਾਉਣ?
ਉਨ੍ਹਾਂ ਨੇ ਸਾਰੀਆਂ ਮਰਿਆਦਾਵਾਂ ਲੰਘ ਕੇ ਸਰਕਾਰੀ ਤੰਤਰ ਦਾ ਪ੍ਰਯੋਗ ਆਪਣਾ ਵਪਾਰ ਤੇ ਨਿੱਜੀ ਜਾਇਦਾਦ ਵਧਾਉਣ ਵਿਚ ਕੀਤਾ ਹੈ। ਉਨ੍ਹਾਂ ਪੰਜਾਬ ਤੇ ਤਾਮਿਲਨਾਡੂ ਵਿਚ ਸ਼ਰਾਬ ਦੇ ਵਪਾਰ ਦੀ ਤੁਲਨਾ ਕਰਦਿਆਂ ਕਿਹਾ ਕਿ ਪੰਜਾਬ ਵਿਚ 12,500 ਸ਼ਰਾਬ ਦੀਆਂ ਦੁਕਾਨਾਂ ਹਨ, ਜਿਨ੍ਹਾਂ ਤੋਂ 5610 ਕਰੋੜ ਰੁਪਏ ਦੀ ਸਾਲਾਨਾ ਆਮਦਨ ਹੁੰਦੀ ਹੈ, ਜਦਕਿ ਤਾਮਿਲਨਾਡੂ ਵਿਚ ਇਸ ਤੋਂ ਵੀ ਅੱਧੀਆਂ 6,323 ਸ਼ਰਾਬ ਦੀਆਂ ਦੁਕਾਨਾਂ ਤੋਂ 26,188 ਕਰੋੜ ਰੁਪਏ ਦੀ ਸਾਲਾਨਾ ਆਮਦਨ ਹੁੰਦੀ ਹੈ। ਪੰਜਾਬ ਵਿਚ ਸ਼ਰਾਬ ਦੀ ਸਭ ਤੋਂ ਵੱਧ ਪ੍ਰਤੀ ਵਿਅਕਤੀ ਖਪਤ ਹੈ, ਫਿਰ ਵੀ ਇਸ ਤੋਂ ਹੋਣ ਵਾਲੀ ਆਮਦਨ ਤਾਮਿਲਨਾਡੂ ਤੋਂ ਕਿਤੇ ਘੱਟ ਹੈ।
ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿਚ ਸ਼ਰਾਬ ਦੇ ਕਾਰੋਬਾਰ 'ਤੇ ਬਾਦਲਾਂ ਦਾ ਕਬਜ਼ਾ ਹੈ। ਅਪ੍ਰਤੱਖ ਰੂਪ ਨਾਲ ਪੰਜਾਬ ਵਿਚ ਹਰ ਬੋਤਲ ਬਾਦਲਾਂ ਵੱਲੋਂ ਵੇਚੀ ਜਾਂਦੀ ਹੈ। ਜੇਕਰ 10 ਸਾਲਾਂ ਦਾ ਹਿਸਾਬ ਲਾਇਆ ਜਾਵੇ ਤਾਂ ਇਸ ਵਪਾਰ ਤੋਂ ਬਾਦਲਾਂ ਨੂੰ 1 ਲੱਖ ਕਰੋੜ ਦਾ ਫਾਇਦਾ ਹੋਇਆ। ਜੇਕਰ ਸਰਕਾਰ ਸ਼ਰਾਬ ਦਾ ਕਾਰੋਬਾਰ ਖੁਦ ਆਪਣੇ ਹੱਥ ਵਿਚ ਲੈ ਲਵੇ ਤਾਂ ਜਨਤਾ ਨੂੰ 60 ਹਜ਼ਾਰ ਨੌਕਰੀਆਂ ਮਿਲ ਸਕਦੀਆਂ ਹਨ।
ਸਿੱਧੂ ਨੇ ਕਿਹਾ ਕਿ ਪੰਜਾਬ ਟੂਰਿਜ਼ਮ ਦੇ ਸਾਰੇ ਕੰਪਲੈਕਸ ਇਕ-ਇਕ ਕਰ ਕੇ ਬੰਦ ਕਰ ਦਿੱਤੇ ਗਏ ਹਨ। ਅੰਮ੍ਰਿਤਸਰ, ਲੁਧਿਆਣਾ, ਰੋਪੜ, ਫਰੀਦਕੋਟ, ਮਸੂਰੀ, ਮਨਾਲੀ, ਧਰਮਸ਼ਾਲਾ, ਜੈਪੁਰ ਅਤੇ ਗੋਆ 'ਚ ਸਾਰੇ ਹੋਟਲ ਜਾਂ ਤਾਂ ਵਿਕ ਗਏ ਹਨ ਜਾਂ ਫਿਰ ਵਿਕ ਰਹੇ ਹਨ। ਦੂਸਰੇ ਪਾਸੇ ਬਾਦਲਾਂ ਦਾ ਚੰਡੀਗੜ੍ਹ ਕੋਲ 7 ਸਿਤਾਰਾ ਹੋਟਲ ਬਣ ਕੇ ਤਿਆਰ ਹੋ ਗਿਆ ਹੈ। ਸਾਲ 2007 ਵਿਚ ਬਾਦਲ ਪਰਿਵਾਰ ਕੋਲ ਸਿਰਫ਼ 2 ਬੱਸ ਕੰਪਨੀਆਂ ਸਨ, ਜਿਨ੍ਹਾਂ ਵਿਚ ਕੁਲ 50 ਬੱਸਾਂ ਸਨ। ਹੁਣ ਇਨ੍ਹਾਂ ਕੰਪਨੀਆਂ ਦੀ ਗਿਣਤੀ 8 ਹੋ ਗਈ ਹੈ ਤੇ ਬੱਸਾਂ ਦੀ ਗਿਣਤੀ 600 ਤੋਂ ਵੱਧ ਹੋ ਗਈ ਹੈ।