ਅੰਮ੍ਰਿਤਸਰ (ਭੋਏਵਾਲ), 29 ਜਨਵਰੀ, 2017 : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੋਚ ਅਤੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਰਵਾਏ ਗਏ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਮੈਂਬਰ ਅਤੇ ਸਾਬਕਾ ਮੀਤ ਪ੍ਰਧਾਨ ਗੁਰਮੀਤ ਸਿੰਘ ਮੱਤੇਵਾਲ ਆਪਣੇ ਸਾਥੀਆਂ ਸਮੇਤ ਭੋਏਵਾਲ ਪਿੰਡ ਵਿੱਚ ਅਰਵਿੰਦ ਕੇਜਰੀਵਾਲ ਦੇ ਦੌਰੇ ਦੌਰਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ।
ਮਜੀਠਾ ਤੋਂ ਪਾਰਟੀ ਦੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਅਤੇ ਲੋਕਸਭਾ ਉਪ ਚੋਣ ਲਈ ਉਮੀਦਵਾਰ ਉਪਕਾਰ ਸਿੰਘ ਸੰਧੂ ਦੀ ਮੌਜੂਦਗੀ ਵਿੱਚ ਅਰਵਿੰਦ ਕੇਜਰੀਵਾਲ ਨੇ ਉਨਾਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਪਹਿਲਾਂ ਮਜੀਠਾ ਦੇ ਲੋਕ ਬਿਕਰਮ ਸਿੰਘ ਮਜੀਠੀਆ ਅਤੇ ਉਸਦੇ ਗੁੰਡਿਆਂ ਦੇ ਡਰ ਦੇ ਕਾਰਨ ਖੁੱਲ ਕੇ ਆਉਣੋਂ ਡਰਦੇ ਸਨ, ਪਰ ਹੁਣ ਜਦੋਂ ਪੂਰਾ ਪੰਜਾਬ ਆਮ ਆਦਮੀ ਪਾਰਟੀ ਦੇ ਸਮਰਥਨ ਵਿੱਚ ਉਠ ਖੜਾ ਹੋਇਆ ਹੈ, ਤਾਂ ਹੁਣ ਲੋਕਾਂ ਨੇ ਬਿਕਰਮ ਮਜੀਠੀਆ ਤੋਂ ਭੈਅ-ਮੁਕਤ ਹੁੰਦਿਆਂ ਖੁਲ ਕੇ ਸਾਹਮਣੇ ਆਉਣਾ ਸ਼ੁਰੂ ਕਰ ਦਿੱਤਾ ਹੈ।
ਇਸ ਮੌਕੇ ਗੁਰਮੀਤ ਸਿੰਘ ਮੱਤੇਵਲ ਨੇ ਕਿਹਾ ਕਿ ਉਹ ਅਤੇ ਉਨਾਂ ਦੇ ਸਮਰਥਕ ਅਕਾਲੀ ਦਲ ਵਿੱਚ ਘੁਟਣ ਮਹਿਸੂਸ ਕਰਦੇ ਸਨ ਕਿਉਂਕਿ ਮੌਜੂਦਾ ਆਗੂਆਂ ਕਾਰਨ ਅਕਾਲੀ ਦਲ ਆਪਣੇ ਅਸਲ ਉਦੇਸ਼ ਤੋਂ ਭਟਕ ਗਿਆ ਹੈ। ਉਨਾਂ ਕਿਹਾ ਕਿ ਅਕਾਲੀ ਦਲ ਆਮ ਲੋਕਾਂ ਦੀ ਪਾਰਟੀ ਨਾ ਹੋ ਕੇ ਪਿਓ-ਪੁੱਤਰ ਦੀ ਪਾਰਟੀ ਰਹਿ ਗਈ ਹੈ ਅਤੇ ਪਾਰਟੀ ਵਿੱਚ ਸਿਰਫ ਉਹੀ ਲੋਕ ਰਹਿ ਗਏ ਹਨ, ਜਿਹੜੇ ਅੱਖਾਂ ਬੰਦ ਕਰਕੇ ਆਪਣੇ ਆਗੂਆਂ ਦੀਆਂ ਲੋਕ ਵਿਰੋਧੀ ਨੀਤੀਆਂ ਉਤੇ ਚਲਦੇ ਹਨ। ਇਸ ਮੌਕੇ ਸਰਕਲ ਮੈਨੇਜਰ ਡਾ. ਸਰਤਾਜ ਸਿੰਘ ਮੱਤੇਵਾਲ ਅਤੇ ਮੈਨੇਜਰ ਜਗੀਰ ਸਿੰਘ ਵੀ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਸ਼ਾਮਿਲ ਹੋਏ।