ਬਠਿੰਡਾ, 28 ਜਨਵਰੀ, 2017 : ਸ੍ਰੋਮਣੀ ਅਕਾਲੀ ਦਲ ਨੂੰ ਸ਼ਨੀਵਾਰ ਨੂੰ ਉਸ ਵੇਲੇ ਇਕ ਹੋਰ ਝਟਕਾ ਲੱਗਿਆ, ਜਦੋਂ ਖੇਮਕਰਨ ਤੋਂ ਉਸਦੇ ਦੋ ਸੀਨੀਅਰ ਆਗੂਆਂ ਨੇ ਵਿਧਾਨ ਸਭਾ ਚੋਣਾਂ ਤੋਂ ਸਿਰਫ ਇਕ ਹਫਤੇ ਪਹਿਲਾਂ ਪੰਜਾਬ ਕਾਂਗਰਸ 'ਚ ਸ਼ਾਮਿਲ ਹੋਣ ਲਈ ਪਾਰਟੀ ਨੂੰ ਛੱਡ ਦਿੱਤਾ।
ਇਸ ਮੌਕੇ ਪੰਜਾਬ ਦੇ ਸਾਬਕਾ ਮੰਤਰੀ ਤੇ ਸ੍ਰੋਅਦ ਦੀ ਜਨਰਲ ਕਾਉਂਸਿਲ ਦੇ ਮੈਂਬਰ ਪ੍ਰੋ. ਜਗਬੀਰ ਸਿੰਘ ਭੁੱਲਰ ਦੇ ਬੇਟੇ ਜਸਬੀਰ ਸਿੰਘ ਭੁੱਲਰ ਦਾ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ 'ਚ ਸਵਾਗਤ ਕੀਤਾ।
ਕੈਪਟਨ ਅਮਰਿੰਦਰ ਨੇ ਜਸਬੀਰ ਦੇ ਬੇਟੇ ਤੇ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਰਾਜਬੀਰ ਸਿੰਘ ਭੁੱਲਰ ਦੇ ਕਾਂਗਰਸ 'ਚ ਸ਼ਾਮਿਲ ਹੋਣ 'ਤੇ ਵੀ ਖੁਸ਼ੀ ਪ੍ਰਗਟਾਈ ਅਤੇ ਕਿਹਾ ਕਿ ਸੀਨੀਅਰ ਆਗੂਆਂ ਦਾ ਲਗਾਤਾਰ ਅਕਾਲੀ ਦਲ ਨੂੰ ਛੱਡਣਾ, ਪੰਜਾਬ ਅੰਦਰ ਪਾਰਟੀ ਦੇ ਪੂਰੀ ਤਰ੍ਹਾਂ ਹੋ ਰਹੇ ਪਤਨ ਵੱਲ ਇਸ਼ਾਰਾ ਕਰਦਾ ਹੈ।
ਸ੍ਰੋਅਦ ਆਗੂ ਤੇ ਵਰਕਰ ਪਾਰਟੀ ਦੀਆਂ ਤਾਨਾਸ਼ਾਹੀ ਤੇ ਲੋਕ ਵਿਰੋਧੀ ਨੀਤੀਆਂ ਤੋਂ ਪੂਰੀ ਤਰ੍ਹਾਂ ਤੰਗ ਆ ਚੁੱਕੇ ਹਨ, ਜਿਹੜੀਆਂ ਉਨ੍ਹਾਂ ਨੂੰ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਛੱਡਣ ਵਰਗੇ ਗੰਭੀਰ ਕਦਮ ਚੁੱਕਣ ਲਈ ਮਜ਼ਬੂਰ ਕਰ ਰਹੀਆਂ ਹਨ।
ਭੁੱਲਰ ਪਿਓ-ਪੁੱਤ ਨੇ ਕਿਹਾ ਕਿ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਬਾਦਲ ਸ਼ਾਸਨ ਦੌਰਾਨ ਸੂਬਾ ਪੂਰੀ ਤਰ੍ਹਾਂ ਨਾਲ ਤਬਾਹ ਹੋ ਚੁੱਕਾ ਹੈ ਅਤੇ ਅਜਿਹੇ 'ਚ, ਪੰਜਾਬ ਨੂੰ ਤਰੱਕੀ ਦੀ ਪੱਟੜੀ 'ਤੇ ਵਾਪਿਸ ਲਿਆਉਣ ਵਾਸਤੇ ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਕਾਂਗਰਸ ਦੀਆਂ ਕੋਸ਼ਿਸ਼ਾਂ ਦਾ ਸਾਥ ਦੇਣਾ ਜ਼ਰੂਰੀ ਹੈ।