ਚੰਡੀਗੜ੍ਹ, 30 ਜਨਵਰੀ, 2017 : ਅਕਾਲੀ ਦਲ ਦੇ ਪ੍ਰਧਾਨ ਸ਼ ਸੁਖਬੀਰ ਸਿੰਘ ਬਾਦਲ ਨੇ ਅੱਜ ਚੋਣ ਕਮਿਸ਼ਨ ਨੂੰ ਕਿਹਾ ਹੈ ਕਿ ਉਹ ਆਪ ਆਗੂ ਅਰਵਿੰਦ ਕੇਜਰੀਵਾਲ ਵੱਲੋਂ ਮੋਗਾ ਵਿਚ ਇੱਕ ਅੱਤਵਾਦੀ ਦੇ ਘਰ ਵਿਚ ਰਾਤ ਕੱਟਣ ਦੀ ਘਟਨਾ ਦਾ ਤੁਰੰਤ ਨੋਟਿਸ ਲਵੇ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸ਼ ਬਾਦਲ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਖਾਲਿਸਤਾਨ ਕਮਾਂਡੋ ਫੋਰਸ ਦੇ ਜਨਰਲ ਗੁਰਿੰਦਰ ਸਿੰਘ ਉਰਫ ਜਸਵਿੰਦਰ ਸਿੰਘ ਘਾਲੀ ਦੇ ਘਰ ਵਿਚ ਰਾਤ ਕੱਟਣ ਦੀ ਘਟਨਾ ਨੇ ਪੰਜਾਬ ਦੇ ਚੋਣ ਮਾਹੌਲ ਨੂੰ ਖਰਾਬ ਕਰ ਦਿੱਤਾ ਹੈ ਅਤੇ ਗਰਮ ਖਿਆਲੀਆਂ ਦੇ ਹੌਂਸਲੇ ਵਧਾ ਦਿੱਤੇ ਹਨ। ਇਸ ਕਿਸਮ ਦੇ ਵਿਵਹਾਰ ਨੂੰ ਤੁਰੰਤ ਨੱਥ ਪਾਈ ਜਾਣੀ ਚਾਹੀਦੀ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੇਜਰੀਵਾਲ ਦੀ ਇੱਕ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪੰਜਾਬੀਆਂ ਨੂੰ ਦੱਸੇ ਕਿ ਦੋ ਦਿਨ ਪਹਿਲਾਂ ਮੋਗਾ ਵਿਖੇ ਉਸ ਨੇ ਖਤਰਨਾਕ ਅੱਤਵਾਦੀ ਦੇ ਘਰ ਵਿਚ ਰਾਤ ਕਿਉਂ ਕੱਟੀ? ਉਹਨਾਂ ਕੇਜਰੀਵਾਲ ਨੂੰ ਕਿਹਾ ਕਿ ਤੁਸੀਂ ਕੇਸੀਐਫ ਦੇ ਅੱਤਵਾਦੀ ਦੇ ਘਰ ਸਿਰਫ ਰਾਤ ਹੀਂ ਨਹੀਂ ਕੱਟੀ, ਸਗੋਂ ਉੱਥੇ ਗਰਮ ਖਿਆਲੀਆਂ ਨਾਲ ਮੀਟਿੰਗ ਵੀ ਕੀਤੀ ਅਤੇ ਬਾਹਰਲੇ ਮੁਲਕਾਂ ਵਿਚ ਫੋਨ ਵੀ ਕੀਤੇ।
ਸ਼ ਬਾਦਲ ਨੇ ਕਿਹਾ ਕਿ ਪੰਜਾਬੀਆਂ ਨੂੰ ਇਹ ਜਾਣਨ ਦਾ ਅਧਿਕਾਰ ਹੈ ਕਿ ਕੇਜਰੀਵਾਲ ਕਿਉਂ ਵਾਰ ਵਾਰ ਗਰਮ ਖਿਆਲੀਆਂ ਨਾਲ ਮੀਟਿੰਗਾਂ ਕਰ ਰਿਹਾ ਹੈ। ਇਸ ਤੋਂ ਪਹਿਲਾਂ ਉਹ ਬੱਬਰ ਖਾਲਸਾ ਇੰਟਰਨੈਸ਼ਨਲ ਦੀ ਮੋਹਰੀ ਜਥੇਬੰਦੀ ਅਖੰਡ ਕੀਰਤਨੀ ਜਥਾ ਦੇ ਆਗੂ ਆਰਪੀ ਸਿੰਘ ਨੂੰ ਮੁਹਾਲੀ ਵਿਚ ਮਿਲਿਆ ਸੀ। ਇੱਕ ਸਾਲ ਪਹਿਲਾਂ ਸਰਬਤ ਖਾਲਸਾ ਸੱਦਣ ਵਾਲੇ ਗਰਮ ਖਿਆਲੀਆਂ ਨਾਲ ਵੀ ਤੁਸੀਂ ਮੀਟਿੰਗਾਂ ਕੀਤੀਆਂ ਹਨ।
ਸ਼ ਬਾਦਲ ਨੇ ਕਿਹਾ ਕਿ ਇਹ ਸਾਰੀਆਂ ਘਟਨਾਵਾਂ ਸਾਬਿਤ ਕਰਦੀਆਂ ਹਨ ਕਿ ਕੇਜਰੀਵਾਲ ਗਰਮ ਖਿਆਲੀਆਂ ਨਾਲ ਮਿਲਿਆ ਹੋਇਆ ਹੈ। ਉਹਨਾਂ ਕਿਹਾ ਕਿ ਇਹ ਵੀ ਸਾਬਿਤ ਹੋ ਗਿਆ ਹੈ ਕਿ ਕੁੱਝ ਵਾਧੂ ਵੋਟਾਂ ਲੈਣ ਵਾਸਤੇ ਕੇਜਰੀਵਾਲ ਕਿਸੇ ਵੀ ਹੱਦ ਤਕ ਜਾ ਸਕਦਾ ਹੈ। ਇੱਥੋਂ ਤਕ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਨਾਲ ਵੀ ਸਮਝੌਤਾ ਕਰ ਸਕਦਾ ਹੈ।
ਉਹਨਾਂ ਕਿਹਾ ਕਿ ਇਸ ਗੱਲ ਉੱਤੇ ਯਕੀਨ ਕਰਨਾ ਅਸੰਭਵ ਹੈ ਕਿ ਮੋਗਾ ਦੀ ਆਪ ਲੀਡਰਸ਼ਿਪ ਇਹ ਗੱਲ ਨਹੀਂ ਜਾਣਦੀ ਸੀ ਕਿ ਉਹ ਕੇਜਰੀਵਾਲ ਨੂੰ ਇੱਕ ਅੱਤਵਾਦੀ ਦੀ ਰਿਹਾਇਸ਼ ਉੱਤੇ ਠਹਿਰਾ ਰਹੇ ਸਨ। ਉਹਨਾਂ ਕਿਹਾ ਕਿ ਇਹ ਸਭ ਜਾਣਬੁੱਝ ਕੇ ਕੀਤਾ ਗਿਆ ਸੀ। ਆਪ ਲੀਡਰਸ਼ਿਪ ਗਰਮ ਖਿਆਲੀਆਂ ਨੂੰ ਇਹ ਸੁਨੇਹਾ ਭੇਜਣਾ ਚਾਹੁੰਦੀ ਸੀ ਕਿ ਉਹ ਉਹਨਾਂ ਵਿਚੋਂ ਇੱਕ ਹੈ।
ਸ਼ ਬਾਦਲ ਨੇ ਕਿਹਾ ਕਿ ਇਸ ਕਿਸਮ ਦੀ ਸਿਆਸਤ ਪੰਜਾਬ ਲਈ ਬਹੁਤ ਹੀ ਖਤਰਨਾਕ ਹੈ। ਉਹਨਾਂ ਕਿਹਾ ਕਿ ਅੱਤਵਾਦੀ ਗੁਰਿੰਦਰ ਸਿੰਘ ਉਰਫ ਜਸਵਿੰਦਰ ਘਾਲੀ ਨੇ ਬਾਘਾਪੁਰਾਣਾ ਦੀ ਮੰਡੀ ਮੁਸਤਫਾ ਕਲੋਨੀ ਵਿਚ ਬੰਬ ਧਮਾਕਾ ਕੀਤਾ ਸੀ, ਜਿਸ ਵਿਚ ਇੱਕ ਪਾਦਰੀ ਮਾਰਿਆ ਗਿਆ ਸੀ। ਉਹਨਾਂ ਕਿਹਾ ਕਿ ਗੁਰਿੰਦਰ ਨੇ ਫਿਰਕੂ ਸ਼ਾਂਤੀ ਭੰਗ ਕਰਨ ਲਈ ਮੰਦਿਰਾਂ ਵਿਚ ਗਊਆਂ ਦੀਆਂ ਪੂਛਾਂ ਸੁਟਵਾਈਆਂ ਸਨ।
ਅਕਾਲੀ ਦਲ ਦੇ ਪ੍ਰਧਾਨ ਨੇ ਕੇਜਰੀਵਾਲ ਨੂੰ ਪੁੱਿਛਆ ਕਿ ਉਹ ਦੱਸੇ ਕਿ ਫਿਰਕੂ ਨਫਰਤ ਫੈਲਾਉਣ ਵਾਲੀਆਂ ਤਾਕਤਾਂ ਨਾਲ ਗੰਢਤੁਪ ਕਰਕੇ ਉਹ ਹਿੰਦੂ ਭਾਈਚਾਰੇ ਨੂੰ ਕੀ ਸੁਨੇਹਾ ਦੇ ਰਿਹਾ ਹੈ?
ਉਹਨਾਂ ਕਿਹਾ ਕਿ ਪੰਜਾਬ ਵਿਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਲੰਬੇ ਸੰਘਰਸ਼ ਤੋਂ ਬਾਅਦ ਹਾਸਿਲ ਕੀਤੀ ਗਈ ਸੀ। ਅਸੀਂ ਇਸ ਨੂੰ ਕੁੱਝ ਮੌਕਾਪ੍ਰਸਤ ਬਾਹਰਲੇ ਵਿਅਕਤੀਆਂ ਨੂੰ ਖਰਾਬ ਕਰਨ ਦੀ ਇਜਾਜ਼ਤ ਨਹੀ ਦੇ ਸਕਦੇ, ਜੋ ਕਿ ਸੱਤਾ ਹਾਸਿਲ ਕਰਨ ਲਈ ਗਰਮ ਖਿਆਲੀਆਂ ਦੇ ਮੋਢੇ ਉੱਤੇ ਰੱਖ ਕੇ ਬੰਦੂਕ ਚਲਾ ਰਹੇ ਹਨ।