ਅਬੋਹਰ, 29 ਜਨਵਰੀ, 2017 : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇਸ ਹਲਕੇ ਦੇ ਲੋਕਾਂ ਨੂੰ 'ਹੰਕਾਰੀ ਜਾਖੜ' (ਸੁਨੀਲ ਜਾਖੜ) ਦੀ ਹਕੂਮਤ ਖਤਮ ਕਰਨ ਅਤੇ ਵਿਕਾਸ ਦਾ ਇੱਕ ਨਵਾਂ ਯੁੱਗ ਸ਼ੁਰੂ ਕਰਨ ਦਾ ਸੱਦਾ ਦਿੱਤਾ ਹੈ।
ਇੱਥੇ ਭਾਜਪਾ ਉਮੀਦਵਾਰ ਅਰੁਣ ਨਾਰੰਗ ਦੇ ਹੱਕ ਵਿਚ ਇੱਕ ਵੱਡੀ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਾਖੜ ਪਰਿਵਾਰ ਨੇ ਅਬੋਹਰ ਨੂੰ ਆਪਣੀ ਨਿੱਜੀ ਜਾਗੀਰ ਸਮਝਣਾ ਸ਼ੁਰੂ ਕਰ ਦਿੱਤਾ ਅਤੇ ਉਹ ਕਿਸੇ ਨਾਲ ਵੀ ਸਿੱਧੇ ਮੂੰਹ ਗੱਲ ਨਹੀਂ ਕਰਦੇ। ਉਹਨਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਜਾਖੜ ਦਾ ਬੋਰੀ ਬਿਸਤਰਾ ਗੋਲ ਕਰਕੇ ਉਸ ਦੀ ਮਾੜੀ ਹਕੂਮਤ ਦਾ ਅੰਤ ਕੀਤਾ ਜਾਵੇ।
ਅਕਾਲੀ ਦਲ ਦੇ ਪ੍ਰਧਾਨ ਨੇ ਭਾਜਪਾ ਉਮੀਦਵਾਰ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਨਾਰੰਗ ਇੱਕ ਬਹੁਤ ਹੀ ਸਿੱਧਾ ਸਾਦਾ ਵਿਅਕਤੀ ਹੈ, ਜਿਸ ਨੂੰ ਉਸ ਦਾ ਭਾਈਚਾਰਾ ਹੀ ਨਹੀਂ, ਸਗੋਂ ਪੂਰਾ ਹਲਕਾ ਪਸੰਦ ਕਰਦਾ ਹੈ। ਮੈਨੂੰ ਇਸ ਹਲਕੇ ਵਿਚ ਭਾਜਪਾ ਪੱਖੀ ਲਹਿਰ ਸਾਫ ਨਜ਼ਰ ਆ ਰਹੀ ਹੈ। ਤੁਸੀਂ ਇੱਥੋਂ ਜਾਖੜ ਦੀ ਜ਼ਮਾਨਤ ਜ਼ਬਤ ਕਰਵਾਉਣੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਚੋਣ ਮਨੋਰਥ ਪੱਤਰ ਬਾਰੇ ਬੋਲਦਿਆਂ ਸ਼ ਬਾਦਲ ਨੇ ਕਿਹਾ ਕਿ ਸਾਡੀ ਪਾਰਟੀ ਨੇ ਹਮੇਸ਼ਾਂ ਹੀ ਆਪਣੇ ਕੀਤੇ ਵਾਅਦੇ ਨਿਭਾਏ ਹਨ। ਇਹ ਚਾਹੇ ਸੂਬੇ ਨੂੰ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਉਣ ਦਾ ਵਾਅਦਾ ਹੋਵੇ ਜਾਂ 165 ਕਸਬਿਆਂ ਵਿਚ ਸੀਵਰੇਜ ਅਤੇ ਪੀਣ ਵਾਲੇ ਸਾਫ ਪਾਣੀ ਦੀਆਂ ਸਹੂਲਤਾਂ ਪ੍ਰਦਾਨ ਕਰਨਾ ਹੋਵੇ। ਉਹਨਾਂ ਕਿਹਾ ਕਿ ਹੁਣ ਅਸੀਂ ਸਾਰੇ ਛੋਟੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦਾ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ ਕਣਕ ਅਤੇ ਝੋਨੇ ਉੱਤੇ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਦਾ ਵੀ ਵਾਅਦਾ ਕੀਤਾ ਹੈ। ਅਸੀਂ ਬੇਘਰੇ ਲੋਕਾਂ ਨੂੰ ਪੱਕੇ ਮਕਾਨ ਬਣਾ ਕੇ ਦੇਣ ਅਤੇ ਗਰੀਬ ਤਬਕਿਆਂ ਨੂੰ 5 ਕਿਲੋ ਖੰਡ 10 ਰੁਪਏ ਕਿਲੋ ਅਤੇ 2 ਕਿਲੋ ਘਿਓ 25 ਰੁਪਏ ਕਿਲੋ ਦੇਣ ਦਾ ਵੀ ਫੈਸਲਾ ਲਿਆ ਹੈ। ਅਸੀਂ ਕੁਦਰਤੀ ਆਫਤਾਂ ਨਾਲ ਨੁਕਸਾਨੀਆਂ ਫਸਲਾਂ ਦਾ ਮੁਆਵਜ਼ਾ ਦੇਣ ਸਮੇਂ ਖੇਤ ਮਜ਼ਦੂਰਾਂ ਨੂੰ ਵੀ ਰਾਹਤ ਦੇਣ ਦਾ ਫੈਸਲਾ ਕੀਤਾ ਹੈ।
ਲੋਕਾਂ ਤੋਂ ਵਿਕਾਸ ਦੇ ਨਾਂ 'ਤੇ ਵੋਟ ਮੰਗਦੇ ਹੋਏ ਸ਼ ਬਾਦਲ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਸਿਰਫ ਆਪਣੀ ਕਾਰਗੁਜ਼ਾਰੀ ਦੇ ਸਿਰ 'ਤੇ ਲੋਕਾਂ ਦੀਆਂ ਵੋਟਾਂ ਮੰਗ ਰਿਹਾ ਹੈ। ਅਸੀਂ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਹਨ ਅਤੇ ਅਗਲੇ ਪੰਜ ਸਾਲਾਂ ਦਾ ਵੀ ਨਕਸ਼ਾ ਤਿਆਰ ਕਰ ਲਿਆ ਹੈ। ਅਸੀਂ ਵਿਕਾਸ ਦੇ ਇਸ ਨਕਸ਼ੇ ਨੂੰ ਵੀ ਉਸੇ ਤਰ੍ਹਾਂ ਅਮਲ ਵਿਚ ਲਿਆਵਾਂਗੇ, ਜਿਸ ਤਰ੍ਹਾਂ ਅਸੀਂ ਆਪਣੇ ਪਿਛਲੇ ਵਾਅਦੇ ਪੂਰੇ ਕੀਤੇ ਸਨ।