ਚੰਡੀਗੜ, 12 ਜਨਵਰੀ 2017: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ 'ਤੇ ਹਿੰਸਾ ਭੜਕਾਉਣ ਦੇ ਦਿੱਤੇ ਬਿਆਨ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਜੇਕਰ ਉਹਨਾਂ ਨੂੰ ਚੇਤੇ ਹੋਵੇ ਤਾਂ ਇਹ ਉਹ ਆਪ ਹਨ ਜਿਹਨਾ ਨੇ ਸੂਬੇ ਵਿਚ ਹਿੰਸਾ ਦੇ ਸਭਿਆਚਾਰਕ ਨੂੰ ਜਨਮ ਦਿੱਤਾ ਤੇ ਲੋਕਾਂ ਨੂੰ ਭੜਕਾਉਣ ਦੀ ਸ਼ੁਰੂਆਤ ਕੀਤੀ।
ਇਥੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਦੇ ਸਲਾਹਕਾਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਅਮਰਿੰਦਰ ਸਿੰਘ ਅਕਾਲੀ ਦਲ ਦੇ ਖਿਲਾਫ ਆਧਾਰਹੀਣ, ਬੇਤੁਕਾ ਤੇ ਗੁੰਮਰਾਹਕੁੰਨ ਬਿਆਨ ਦਾਗ ਰਹੇ ਹਨ। ਉਹਨਾਂ ਕਿਹਾ ਕਿ ਲੋਕ ਸਮਝ ਸਕਦੇ ਹਨ ਕਿ ਉਹ ਗੱਲਾਂ ਭੁਲਣ ਦੇ ਆਦੀ ਹਨ ਪਰ ਅਸੀਂ ਉਹਨਾਂ ਨੂੰ ਚੇਤੇ ਕਰਵਾਉਣਾ ਚਾਹੁੰਦੇ ਹਾਂ ਕਿ ਆਪਣੇ ਸਿਆਸੀ ਵਿਰੋਧੀਆਂ ਲਈ 'ਖੁੰਟੇ' ਦੀ ਵਰਤੋਂ ਬਾਰੇ ਬਿਆਨ ਦੇਣ ਦੀ ਸ਼ੁਰੂਆਤ ਉਹਨਾਂ ਨੇ ਆਪ ਕੀਤੀ ਸੀ।
ਸ੍ਰੀ ਸਿਰਸਾ ਨੇ ਕਿਹਾ ਕਿ ਕੀ ਉਹ ਇਹ ਵੀ ਭੁੱਲ ਗਏ ਹਨ ਕਿ ਉਹਨਾਂ ਨੇ ਐਲਾਨ ਕੀਤਾ ਸੀ ਕਿ ''ਇਕ ਵਾਰ ਚੋਣ ਜ਼ਾਬਤਾ ਲੱਗ ਲੈਣ ਦਿਓ, ਲੋਕਾਂ ਨੇ ਅਕਾਲੀਆਂ ਨੂੰ ਪਿੰਡਾਂ ਵਿਚ ਨਹੀਂ ਵੜ•ਨ ਦੇਣਾ ।'' ਉਹਨਾਂ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਨੂੰ ਇਹ ਵੀ ਚੇਤੇ ਕਰਵਾਉਣ ਦੀ ਜ਼ਰੂਰਤ ਹੈ ਕਿ ਜਦੋਂ ਚੋਣਾਂ ਦਾ ਐਲਾਨ ਹੋਇਆ ਤਾਂ ਪੰਜਾਬ ਦੇ ਮੁੱਖ ਮੰਤਰੀ ਅਤੇ ਪਾਰਟੀ ਦੇ ਸਰਪ੍ਰਸਤ ਸ੍ਰੀ ਪਰਕਾਸ਼ ਸਿੰਘ ਬਾਦਲ ਨੇ ਇਸਦਾ ਸਵਾਗਤ ਕਰਦਿਆਂ ਸਾਰੀਆਂ ਰਾਜਸੀ ਪਾਰਟੀਆਂ ਨੂੰ ਅਪੀਲ ਕੀਤੀ ਸੀ ਕਿ ਪੰਜਾਬ ਵਿਚ ਸ਼ਾਂਤੀਪੂਰਨ ਤਰੀਕੇ ਨਾਲ ਨਿਰਪੱਖ ਚੋਣਾਂ ਪ੍ਰਵਾਨ ਚੜਾਉਣ ਵਾਸਤੇ ਉਹ ਚੋਣ ਕਮਿਸ਼ਨ ਨੂੰ ਸਹਿਯੋਗ ਦੇਣ।
ਅਕਾਲੀ ਆਗੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿਧਾਂਤਾਂ ਦੀ ਪਾਰਟੀ ਹੈ ਜੋ ਸਰਬ ਸਾਂਝੀਵਾਲਤਾ, ਭਾਈਚਾਰੇ, ਫਿਰਕੂ ਸਦਭਾਵਨਾ ਤੇ ਪੰਜਾਬ ਅਤੇ ਦੇਸ਼ ਵਿਚ ਸ਼ਾਂਤੀ ਤੇ ਤਰੱਕੀ ਵਿਚ ਵਿਸ਼ਵਾਸ ਰੱਖਦੀ ਹੈ ਜਦਕਿ ਦੂਜੇ ਪਾਸੇ ਕਾਂਗਰਸ ਪਾਰਟੀ ਹਮੇਸ਼ਾ ਹੀ ਦੇਸ਼ ਵਿਚ ਫਿਰਕੂ ਦੰਗੇ ਭੜਕਾਉਣ, ਫਸਾਦ ਪੈਦਾ ਕਰਨ ਅਤੇ ਵਿਕਾਸ ਤੇ ਤਰੱਕੀ ਦੇ ਰਾਹ ਵਿਚ ਰੁਕਾਵਟਾਂ ਖੜ•ੀਆਂ ਕਰਨ ਲਈ ਜਾਣੀ ਜਾਂਦੀ ਰਹੀ ਹੈ।