ਸਿਵਲ ਪ੍ਰਸ਼ਾਸਨ ਦੇ ਕਰੀਬ 400 ਤੇ ਪੁਲਿਸ ਵਿਭਾਗ ਦੇ 250 ਅਧਿਕਾਰੀ ਤੇ ਸੁਰੱਖਿਆ ਕਰਮੀ ਦੇਣਗੇ ਡਿਊਟੀ
ਕਿਸੇ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ 3 ਕੁਇਕ ਰਿਐਕਸ਼ਨ ਟੀਮਾਂ ਦਾ ਕੀਤਾ ਗਠਨ, ਐਲ.ਐਮ.ਜੀ. ਨਾਲ ਹੋਣਗੀਆਂ ਲੈਸ
ਗਿਣਤੀ ਕੇਂਦਰ ਦੇ 100 ਮੀਟਰ ਘੇਰੇ ਅੰਦਰ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ 'ਤੇ ਹੋਵੇਗੀ ਪਾਬੰਦੀ
ਚੋਣ ਲੜ ਰਹੇ ਉਮੀਦਵਾਰਾਂ ਨੂੰ ਕਰਵਾਇਆ ਗਿਣਤੀ ਕੇਂਦਰਾਂ ਦਾ ਦੌਰਾ
ਫ਼ਤਹਿਗੜ੍ਹ ਸਾਹਿਬ, 10 ਮਾਰਚ, 2017 : 11 ਮਾਰਚ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਦੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਅੱਜ ਜ਼ਿਲ੍ਹਾ ਚੋਣ ਅਫਸਰ ਸ. ਕਮਲਦੀਪ ਸਿੰਘ ਸੰਘਾ, ਜ਼ਿਲ੍ਹਾ ਪੁਲਿਸ ਮੁਖੀ ਸ. ਗੁਰਪ੍ਰੀਤ ਸਿੰਘ ਭੁੱਲਰ ਨੇ ਚੋਣ ਕਮਿਸ਼ਨ ਵੱਲੋਂ ਗਿਣਤੀ ਲਈ ਤਾਇਨਾਤ ਕੀਤੇ ਗਏ ਗਿਣਤੀ ਅਬਜ਼ਰਬਰਾਂ ਸ੍ਰੀ ਦਿਗਵਿਜੇ ਸਿੰਘ, ਸ੍ਰੀ ਆਰ.ਕੇ. ਪਟੇਲ ਅਤੇ ਸ੍ਰੀ ਝੋਥੀਸਾ ਦੇਵਹੂ ਸਮੇਤ ਗਿਣਤੀ ਕੇਂਦਰਾਂ ਦਾ ਦੌਰਾ ਕੀਤਾ ਅਤੇ ਸਮੁੱਚੇ ਪ੍ਰਬੰਧਾਂ ਦਾ ਵਿਆਪਕ ਨਰੀਖਣ ਕੀਤਾ। ਇਸ ਮੌਕੇ ਉਮੀਦਵਾਰਾਂ ਨੂੰ ਗਿਣਤੀ ਕੇਂਦਰਾਂ ਦਾ ਦੌਰਾ ਵੀ ਕਰਵਾਇਆ ਗਿਆ ਤਾਂ ਜੋ ਗਿਣਤੀ ਵਾਲੇ ਦਿਨ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਗੱਲਬਾਤ ਕਰਦਿਆਂ ਸ. ਸੰਘਾ ਨੇ ਦੱਸਿਆ ਕਿ 11 ਮਾਰਚ ਨੂੰ ਜ਼ਿਲ੍ਹੇ ਦੇ ਤਿੰਨੇ ਵਿਧਾਨ ਸਭਾ ਹਲਕਿਆਂ 54 ਬਸੀ ਪਠਾਣਾਂ, 55 ਫ਼ਤਹਿਗੜ੍ਹ ਸਾਹਿਬ ਤੇ 56 ਅਮਲੋਹ ਲਈ ਵੋਟਾਂ ਦੀ ਗਿਣਤੀ ਮਾਤਾ ਗੁਜਰੀ ਕਾਲਜ ਵਿਖੇ ਹੋਵੇਗੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਿਣਤੀ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਵਾਲੇ ਦਿਨ ਲਗਭਗ 400 ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਗਿਣਤੀ ਕੇਂਦਰਾਂ 'ਤੇ ਸਵੇਰੇ 8 ਵਜੇ ਪਹਿਲਾਂ ਪੋਸਟਲ ਬੈਲਟ ਪੇਪਰਾਂ ਦੀ ਗਿਣਤੀ ਕੀਤੀ ਜਾਵੇਗੀ ਅਤੇ ਫਿਰ ਈ.ਵੀ.ਐਮ. ਰਾਹੀਂ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਅਮਨ ਤੇ ਸ਼ਾਂਤੀ ਬਣਾਈ ਰੱਖਣ ਲਈ 11 ਮਾਰਚ ਨੂੰ ਡਰਾਈ ਡੇਅ ਘੋਸ਼ਿਤ ਕੀਤਾ ਹੋਇਆ ਹੈ ਅਤੇ ਗਿਣਤੀ ਕੇਂਦਰ ਦੇ 100 ਮੀਟਰ ਦੇ ਘੇਰੇ ਅੰਦਰ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਤਰ ਹੋਣ 'ਤੇ ਵੀ ਪਾਬੰਦੀ ਲਗਾਈ ਗਈ ਹੈ।
ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਲਈ ਜ਼ਿਲ੍ਹਾ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਪੁਲਿਸ ਵਿਭਾਗ ਦੇ ਲਗਭਗ 250 ਅਧਿਕਾਰੀ ਤੇ ਸੁਰੱਖਿਆ ਕਰਮੀ ਡਿਊਟੀ ਦੇਣਗੇ। ਜਿਨ੍ਹਾਂ ਵਿੱਚ 2 ਐਸ.ਪੀਜ਼, 3 ਡੀ.ਐਸ.ਪੀਜ਼ ਅਤੇ ਸਾਰੇ ਥਾਣਿਆਂ ਦੇ ਐਸ.ਐਚ.ਓਜ਼ ਸ਼ਾਮਲ ਹਨ। ੳਨ੍ਹਾਂ ਹੋਰ ਦੱਸਿਆ ਕਿ ਪੁਲਿਸ ਵੱਲੋਂ ਚਾਰ ਵੱਖ-ਵੱਖ ਪਾਰਕਿੰਗ ਬਣਾਈਆਂ ਗਈਆਂ ਹਨ ਅਤੇ ਹਰੇਕ ਪਾਰਕਿੰਗ ਵਿੱਚ ਵੀਡੀਓ ਕੈਮਰੇ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਦੌਰਾਨ ਗੈਰ ਸਮਾਜਿਕ ਤੱਤਾਂ 'ਤੇ ਨਜ਼ਰ ਰੱਖਣ ਲਈ ਵਿਸ਼ੇਸ ਟੀਮ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਹੋਰ ਦੱਸਿਆ ਕਿ ਬਾਹਰੀ ਸੁਰੱਖਿਆ ਲਈ ਚਾਰ ਐਸ.ਐਚ.ਓਜ਼ ਦੀ ਡਿਊਟੀ ਲਗਾਈ ਗਈ ਹੈ ਜਿਨ੍ਹਾਂ ਦੀ ਨਿਗਰਾਨੀ ਇੱਕ ਐਸ.ਪੀ. ਅਤੇ ਇੱਕ ਡੀ.ਐਸ.ਪੀ. ਰੈਂਕ ਦਾ ਅਧਿਕਾਰੀ ਕਰੇਗਾ। ਉਨ੍ਹਾਂ ਹੋਰ ਦੱਸਿਆ ਕਿ ਪੁਲਿਸ ਵੱਲੋਂ 3 ਕੁਇਕ ਰਿਐਕਸ਼ਨ ਟੀਮਾਂ ਵੀ ਗਠਿਤ ਕੀਤੀਆਂ ਗਈਆਂ ਹਨ ਜੋ ਕਿ ਐਲ.ਐਮ.ਜੀ. ਨਾਲ ਲੈਸ ਹਨ। ਉਨ੍ਹਾਂ ਹੋਰ ਦੱਸਿਆ ਕਿ ਗਿਣਤੀ ਕੇਂਦਰਾਂ ਦੇ ਗੇਟ 'ਤੇ ਪੰਜਾਬ ਆਰਮਡ ਪੁਲਿਸ ਫੋਰਸ ਦੇ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ ਜਦੋਂ ਕਿ ਗਿਣਤੀ ਕੇਂਦਰ ਵਿੱਚ ਆਉਣ ਵਾਲਿਆਂ ਦੀ ਤਲਾਸ਼ੀ ਲਈ ਸਥਾਨਕ ਪੁਲਿਸ ਮੁਲਾਜਮ ਡਿਊਟੀ ਦੇਣਗੇ। ਉਨ੍ਹਾਂ ਦੱਸਿਆ ਕਿ ਗਿਣਤੀ ਕੇਂਦਰਾਂ ਦੇ ਬਾਹਰ ਪੰਜਾਬ ਪੁਲਿਸ ਦੇ ਅਧਿਕਾਰੀ ਤੇ ਕਰਮਚਾਰੀ ਡਿਊਟੀ ਦੇਣਗੇ ਜਦੋਂ ਕਿ ਗਿਣਤੀ ਕੇਂਦਰਾਂ ਦੇ ਅੰਦਰ ਕੇਂਦਰੀ ਆਰਮਡ ਸੁਰੱਖਿਆ ਫੋਰਸ ਦੇ ਅਧਿਕਾਰੀਆਂ ਦੀ ਡਿਊਟੀ ਹੋਵੇਗੀ।
ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫਸਰ ਸ. ਉਪਕਾਰ ਸਿੰਘ, ਰਿਟਰਨਿੰਗ ਅਫਸਰ ਫ਼ਤਹਿਗੜ੍ਹ ਸਾਹਿਬ ਸ੍ਰੀ ਨਵਰਾਜ ਸਿੰਘ ਬਰਾੜ, ਰਿਟਰਨਿੰਗ ਅਫਸਰ ਬਸੀ ਪਠਾਣਾਂ ਸ੍ਰੀ ਅਰਵਿੰਦ ਗੁਪਤਾ, ਰਿਟਰਨਿੰਗ ਅਫਸਰ ਅਮਲੋਹ ਸ੍ਰੀ ਅਮਨਦੀਪ ਸਿੰਘ ਭੱਟੀ, ਐਸ.ਪੀ. (ਸਥਾਨਕ) ਸ੍ਰੀ ਸ਼ਰਨਜੀਤ ਸਿੰਘ, ਐਸ.ਪੀ. (ਜਾਂਚ) ਸ੍ਰੀ ਦਲਜੀਤ ਸਿੰਘ ਰਾਣਾ, ਡੀ.ਐਸ.ਪੀ. ਫ਼ਤਹਿਗੜ੍ਹ ਸਾਹਿਬ ਸ੍ਰੀ ਗੁਰਦੇਵ ਸਿੰਘ ਧਾਲੀਵਾਲ, ਡੀ.ਐਸ.ਪੀ. ਖਮਾਣੋਂ ਸ੍ਰੀ ਗੁਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜਰ ਸਨ।