ਡੀ.ਸੀ. ਤੇ ਐਸ.ਐਸ.ਪੀ. ਨੇ ਪੋਲਿੰਗ ਟੀਮਾਂ ਨੂੰ ਰਵਾਨਾਂ ਕਰਨ ਮੌਕੇ ਪ੍ਰਬੰਧਾਂ ਦਾ ਲਿਆ ਜਾਇਜਾ
ਫ਼ਤਹਿਗੜ੍ਹ ਸਾਹਿਬ, 3 ਫਰਵਰੀ, 2017 : ਜ਼ਿਲ੍ਹੇ ਵਿੱਚ 4 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੈਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਅਮਨ ਸ਼ਾਂਤੀ ਤੇ ਪਾਰਦਰਸ਼ੀ ਢੰਗ ਨਾਲ ਮੁਕੰਮਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਸਮੂਹ ਪੋਲਿੰਗ ਪਾਰਟੀਆਂ ਆਪੋ ਆਪਣੇ ਪੋਲਿੰਗ ਸਟੇਸ਼ਨਾਂ 'ਤੇ ਪਹੁੰਚ ਗਈਆਂ ਹਨ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ ਸ. ਕਮਲਦੀਪ ਸਿੰਘ ਸੰਘਾ ਨੇ ਜ਼ਿਲ੍ਹਾ ਪੁਲਿਸ ਮੁਖੀ ਸ. ਗੁਰਪ੍ਰੀਤ ਸਿੰਘ ਭੁੱਲਰ ਦੇ ਨਾਲ ਵਿਧਾਨ ਸਭਾ ਚੋਣਾਂ ਦੇ ਪ੍ਰਬੰਧਾਂ ਦਾ ਜਾਇਜਾ ਲੈਣ ਮੌਕੇ ਦਿੱਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਜ਼ਿਲ੍ਹੇ ਵਿੱਚ ਪੈਂਦੇ 54-ਬਸੀ ਪਠਾਣਾਂ, 55-ਫ਼ਤਹਿਗੜ੍ਹ ਸਾਹਿਬ ਤੇ 56 ਅਮਲੋਹ ਵਿਧਾਨ ਸਭਾ ਹਲਕਿਆਂ ਦੇ 523 ਪੋਲਿੰਗ ਸਟੇਸ਼ਨਾਂ 'ਤੇ ਸਿਵਲ ਪ੍ਰਸ਼ਾਸਨ ਦੇ 2286 ਅਤੇ ਪੁਲਿਸ ਪ੍ਰਸ਼ਾਸਨ ਦੇ ਲਗਭਗ 2000 ਅਧਿਕਾਰੀ ਤੇ ਕਰਮਚਾਰੀ ਡਿਊਟੀ ਦੇਣਗੇ ਜਦੋਂ ਕਿ 374 ਅਧਿਕਾਰੀ ਤੇ ਕਰਮਚਾਰੀ ਰਿਜ਼ਰਵ ਰੱਖੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਵੋਟਰਾਂ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਜ਼ਿਲ੍ਹੇ ਦੇ 118 ਵਲਨਰੇਬਲ ਪੋਲਿੰਗ ਸਟੇਸ਼ਨਾਂ 'ਤੇ ਕੇਂਦਰੀ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹੇ ਦੇ ਕੁੱਲ 429 ਪੋਲਿੰਗ ਸਟੇਸ਼ਨਾਂ 'ਤੇ ਕੇਂਦਰੀ ਹਥਿਆਰਬੰਦ ਬਲਾਂ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ ਜਦੋਂ ਕਿ 60 ਪੋਲਿੰਗ ਸਟੇਸ਼ਨਾਂ 'ਤੇ ਮਾਈਕਰੋ ਅਬਜ਼ਰਬਰ ਤਾਇਨਾਤ ਕੀਤੇ ਗਏ ਹਨ ਜਦੋਂ ਕਿ 34 ਪੋਲਿੰਗ ਸਟੇਸ਼ਨਾਂ 'ਤੇ ਵੀਡੀਓਗ੍ਰਾਫੀ ਵਾਲੀਆਂ ਟੀਮਾਂ ਲਗਾਈਆਂ ਗਈਆਂ ਹਨ, ਤਾਂ ਜੋ ਜ਼ਿਲ੍ਹੇ ਦੇ ਹਰੇਕ ਪੋਲਿੰਗ ਬੂਥ 'ਤੇ ਵੋਟਾਂ ਪੈਣ ਦੀ ਪ੍ਰਕ੍ਰਿਆ 'ਤੇ ਤਿੱਖੀ ਨਜ਼ਰ ਰੱਖੀ ਜਾ ਸਕੇ।
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ 4 ਫਰਵਰੀ ਨੂੰ ਜ਼ਿਲ੍ਹੇ ਦੇ 4 ਲੱਖ 26 ਹਜਾਰ 175 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਜਿਨ੍ਹਾਂ ਵਿੱਚ 2 ਲੱਖ 25 ਹਜਾਰ 508 ਮਰਦ ਅਤੇ 2 ਲੱਖ 662 ਇਸਤਰੀਆਂ ਅਤੇ 5 ਥਰਡ ਜੈਂਡਰ ਦੇ ਵੋਟਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 54-ਬਸੀ ਪਠਾਣਾਂ ਦੇ ਕੁੱਲ 1 ਲੱਖ 42 ਹਜਾਰ 156 ਵੋਟਰਾਂ ਵਿੱਚ 75495 ਮਰਦ, 66657 ਮਹਿਲਾ ਅਤੇ 4 ਥਰਡ ਜੈਂਡਰ ਦੇ ਵੋਟਰ ਹਨ। ਇਸੇ ਤਰ੍ਹਾਂ 55-ਫ਼ਤਹਿਗੜ੍ਹ ਸਾਹਿਬ ਵਿਧਾਨ ਸਭਾ ਹਲਕੇ ਦੇ ਕੁੱਲ 1 ਲੱਖ 48 ਹਜਾਰ 913 ਵੋਟਰਾਂ ਵਿੱਚ 78610 ਮਰਦ ਅਤੇ 70303 ਮਹਿਲਾ ਵੋਟਰ ਹਨ। ਜਦੋਂ ਕਿ ਵਿਧਾਨ ਸਭਾ ਹਲਕਾ 56-ਅਮਲੋਹ 'ਚ ਕੁੱਲ 1 ਲੱਖ 35 ਹਜਾਰ 106 ਵੋਟਰਾਂ ਵਿੱਚ 71403 ਮਰਦ, 63702 ਮਹਿਲਾ ਅਤੇ 1 ਥਰਡ ਜੈਂਡਰ ਦਾ ਵੋਟਰ ਹੈ। ਉਨ੍ਹਾਂ ਹੋਰ ਦੱਸਿਅ ਕਿ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਦੇ 2005 ਸਰਵਿਸ ਵੋਟਰ ਵੀ ਹਨ ਜੋ ਕਿ ਪੋਸਟਲ ਬੈਲਟ ਪੇਪਰ ਨਾਲ ਆਪਣੀ ਵੋਟ ਦਾ ਇਸਤੇਮਾਲ ਕਰਨਗੇ।
ਸ. ਸੰਘਾ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ ਦਾ ਐਲਾਨ ਕਰਨ ਦੇ ਨਾਲ ਹੀ ਜ਼ਿਲ੍ਹੇ ਵਿੱਚ ਵੱਖ-ਵੱਖ ਨਿਗਰਾਨ ਟੀਮਾਂ ਤੇ ਉਡਨ ਦਸਤਿਆਂ ਦਾ ਗਠਨ ਕੀਤਾ ਗਿਆ ਹੈ ਜੋਕਿ ਲਗਾਤਾਰ ਨਾਕੇ ਲਗਾ ਕੇ ਆਦਰਸ਼ ਚੋਣ ਜਾਬਤੇ ਨੂੰ ਸਖਤੀ ਨਾਲ ਲਾਗੂ ਕਰਨ ਵਾਸਤੇ ਪੂਰੀ ਮਸ਼ਤੈਦੀ ਨਾਲ ਡਿਊਟੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਅਤੇ ਉਡਨ ਦਸਤਿਆਂ ਵੱਲੋਂ ਲਗਾਏ ਗਏ ਨਾਂਕਿਆਂ 'ਤੇ ਕੀਤੀ ਗਈ ਸਾਂਝੀ ਕਾਰਵਾਈ ਦੌਰਾਨ ਨਗਦੀ, ਐਨ.ਡੀ.ਪੀ.ਐਸ. ਐਕਟ ਤੇ ਐਕਸਾਈਜ ਐਕਟ ਅਧੀਨ ਕੁੱਲ 40 ਕੇਸ ਦਰਜ ਕੀਤੇ ਗਏ ਹਨ ਅਤੇ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ 36 ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਚੋਣਾਂ ਦੌਰਾਨ ਲਗਾਏ ਗਏ ਨਾਕਿਆਂ 'ਤੇ ਕੁੱਲ 42 ਲੱਖ 82 ਹਜਾਰ 723 ਰੁਪਏ ਦੀ ਨਗਦੀ ਬਰਾਮਦ ਕੀਤੀ ਗਈ ਸੀ ਜਿਸ ਵਿੱਚੋਂ ਨਗਦੀ ਸਬੰਧੀ ਦਸਤਾਵੇਜ ਵਿਖਾਉਣ ਉਪਰੰਤ 20 ਲੱਖ 9 ਹਜਾਰ 250 ਰੁਪਏ ਰੀਲੀਜ ਕੀਤੇ ਗਏ ਹਨ ਅਤੇ 14 ਲੱਖ ਰੁਪਏ ਦੀ ਨਗਦੀ ਆਮਦਨ ਕਰ ਵਿਭਾਗ ਦੇ ਹਵਾਲੇ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 8 ਲੱਖ 73 ਹਜਾਰ 473 ਰੁਪਏ ਦੀ ਨਗਦੀ ਸਬੰਧੀ ਪੁਲਿਸ ਵਿਭਾਗ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਨਾਕਿਆਂ 'ਤੇ 1294 ਲੀਟਰ ਸ਼ਰਾਬ ਵੀ ਸੀਲ ਕੀਤੀ ਗਈ ਹੈ।