ਫ਼ਤਹਿਗੜ੍ਹ ਸਾਹਿਬ, 21 ਜਨਵਰੀ, 2017 : 4 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਦੌਰਾਨ ਅਮਨ ਤੇ ਕਾਨੂੰਨ ਦੀ ਵਿਵਸਥਾ ਕਾਇਮ ਰੱਖਣ ਅਤੇ ਲੋਕ ਹਿੱਤ ਵਿੱਚ ਸ਼ਾਂਤੀ ਬਰਕਰਾਰ ਰੱਖਣ ਲਈ ਜ਼ਿਲ੍ਹਾ ਮੈਜਿਸਟਰੇਟ ਸ. ਕਮਲਦੀਪ ਸਿੰਘ ਸੰਘਾ ਨੇ ' ਪੰਜਾਬ ਐਕਸਾਈਜ ਐਕਟ 1914 ' ਦੀ ਧਾਰਾ 54 ਅਧੀਨ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ 2-2-2017 ਤੋਂ ਮਿਤੀ 4-2-2017 ਤੱਕ ਡਰਾਈ ਡੇਅ ਘੋਸ਼ਿਤ ਕੀਤੇ ਹਨ। ਇਨ੍ਹਾਂ ਦਿਨਾਂ ਦੌਰਾਨ ਜ਼ਿਲ੍ਹੇ ਵਿੱਚ ਪੈਂਦੇ ਸਮੂਹ ਸ਼ਰਾਬ ਦੇ ਠੇਕੇ ਬੰਦ ਕਰਨ, ਸ਼ਰਾਬ ਸਟੋਰ ਕਰਨ ਤੇ ਸ਼ਰਾਬ ਦੀ ਵਰਤੋਂ ਕਰਨ 'ਤੇ ਵੀ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਕੀਤੇ ਗਏ ਇਹ ਹੁਕਮ ਜ਼ਿਲ੍ਹੇ ਦੀ ਹਦੂਦ ਅੰਦਰ ਪੈਂਦੇ ਰੈਸਟੋਰੈਂਟ, ਅਹਾਤੇ, ਕਲੱਬਾਂ, ਹੋਟਲਾਂ ਆਦਿ ਜਿਥੇ ਕਿ ਸ਼ਰਾਬ ਵੇਚਣ ਅਤੇ ਪੀਣ ਦੀ ਕਾਨੂੰਨੀ ਤੌਰ 'ਤੇ ਇਜਾਜਤ ਹੈ, 'ਤੇ ਵੀ ਪੂਰਨ ਤੌਰ 'ਤੇ ਲਾਗੂ ਹੋਣਗੇ।