35000 ਤੋਂ ਜਿਆਦਾ ਐਨਆਰਆਈ ਆਪ ਦੇ ਹੱਕ ਚ ਪ੍ਰਚਾਰ ਕਰਨ ਲਈ ਪੰਜਾਬ ਆਉਣਗੇ
ਪ੍ਰਵਾਸੀ ਭਾਰਤੀਆਂ ਨਾਲ ਭਰੇ ਦੋ ਜਹਾਜ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਲਈ ਜਲਦ ਆਉਣਗੇ
ਜਲੰਧਰ, 14 ਜਨਵਰੀ, 2017 : ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਨੂੰ ਆਉਣ ਵਾਲੇ ਦਿਨਾਂ ਵਿੱਚ ਇੱਕ ਵੱਡਾ ਹੁੰਗਾਰਾ ਮਿਲਣ ਵਾਲਾ ਹੈ ਕਿਉਂਕਿ 35000 ਤੋਂ ਜਿਆਦਾ ਐਨਆਰਆਈ ਪੰਜਾਬੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਪੂਰੇ ਸੂਬੇ ਦਾ ਦੌਰਾ ਕਰਨਗੇ। ਆਮ ਆਦਮੀ ਪਾਰਟੀ ਦੇ ਓਵਰਸੀਜ਼ ਯੂਥ ਕਨਵੀਨਰ ਜੋਬਨ ਰੰਧਾਵਾ ਨੇ ਇਸ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਉਨਾਂ ਵੱਲੋਂ ਗਦਰ ਲਹਿਰ ਦੀ ਤਰਜ ਉਤੇ ਚਲੋ ਪੰਜਾਬ ਲਹਿਰ ਸ਼ੁਰੂ ਕੀਤੀ ਗਈ ਹੈ, ਤਾਂ ਜੋ ਪੰਜਾਬ ਨੂੰ ਨਸ਼ੇ, ਜੁਲਮ ਅਤੇ ਭ੍ਰਿਸ਼ਟਾਚਾਰ ਦੇ ਜਾਲ ਵਿੱਚੋਂ ਕੱਢਿਆ ਜਾ ਸਕੇ। ਰੰਧਾਵਾ ਨੇ ਕਿਹਾ ਕਿ ਇਸ ਲਹਿਰ ਜਰੀਏ ਪੂਰੀ ਦੁਨੀਆਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ ਗਈ ਹੈ ਅਤੇ ਇਸ ਅਪੀਲ ਨੂੰ ਵੱਡਾ ਹੁੰਗਾਰਾ ਮਿਲਿਆ ਹੈ। ਉਨਾਂ ਕਿਹਾ ਕਿ 35 ਹਜਾਰ ਤੋਂ ਜਿਆਦਾ ਐਨਆਰਆਈਜ ਵੱਲੋਂ ਪੰਜਾਬ ਦੇ ਇਸ ਸੰਘਰਸ਼ ਵਿੱਚ ਸ਼ਾਮਿਲ ਹੋਣ ਲਈ ਆਪਣਾ ਨਾਂਅ ਦਰਜ ਕਰਵਾਇਆ ਗਿਆ ਹੈ।
ਉਨਾਂ ਕਿਹਾ ਕਿ 2000 ਤੋਂ ਜਿਆਦਾ ਐਨਆਰਆਈ ਪਹਿਲਾਂ ਹੀ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਲਈ ਮੈਦਾਨ ਵਿੱਚ ਡਟੇ ਹੋਏ ਹਨ ਅਤੇ ਪ੍ਰਵਾਸੀ ਭਾਰਤੀਆਂ ਨਾਲ ਭਰੇ ਹੋਏ ਦੋ ਜਹਾਜ ਜਲਦ ਹੀ ਭਾਰਤ ਪਹੁੰਚਣ ਵਾਲੇ ਹਨ। ਉਨਾਂ ਕਿਹਾ ਕਿ ਇੱਕ ਜਹਾਜ ਟੋਰਾਂਟੋ ਤੋਂ ਨਵੀਂ ਦਿੱਲੀ ਤੋਂ 19 ਜਨਵਰੀ ਨੂੰ ਪਹੁੰਚੇਗਾ ਅਤੇ ਦੂਜੇ ਜਹਾਜ 24 ਜਨਵਰੀ ਨੂੰ ਯੂਕੇ ਤੋਂ ਅੰਮ੍ਰਿਤਸਰ ਪਹੁੰਚੇਗਾ। ਉਨਾਂ ਕਿਹਾ ਕਿ ਪੰਜਾਬ ਨੂੰ ਨਸ਼ਿਆਂ ਅਤੇ ਮਾਫੀਆ ਦੇ ਚੁੰਗਲ ਵਿੱਚੋਂ ਛੁਡਾਉਣ ਲਈ ਪ੍ਰਵਾਸੀ ਭਾਰਤੀਆਂ ਵੱਲੋਂ ਬਿਕਰਮ ਸਿੰਘ ਮਜੀਠੀਆ ਦੇ ਹਲਕੇ ਮਜੀਠਾ ਵਿੱਚ 24 ਜਨਵਰੀ ਨੂੰ ਵਿਸ਼ਾਲ ਰੈਲੀ ਕੀਤੀ ਜਾਵੇਗੀ, ਜਿਸ ਵਿੱਚ 5000 ਤੋਂ ਜਿਆਦਾ ਐਨਆਰਆਈਜ ਦੇ ਪਹੁੰਚਣ ਦੀ ਉਮੀਦ ਹੈ। ਉਨਾਂ ਕਿਹਾ ਕਿ 20 ਜਨਵਰੀ ਤੋਂ 1 ਫਰਵਰੀ ਤੱਕ ਪ੍ਰਵਾਸੀ ਭਾਰਤੀਆਂ ਵੱਲੋਂ ਪ੍ਰਚਾਰ ਲਈ ਪੂਰੇ ਪੰਜਾਬ ਦਾ ਦੌਰਾ ਕੀਤਾ ਜਾਵੇਗਾ।
ਜੋਬਨ ਰੰਧਾਨਾ ਨੇ ਜਾਣਕਾਰੀ ਦਿੱਤੀ ਕਿ ਉਨਾਂ ਤੋਂ ਇਲਾਵਾ ਚਲੋ ਪੰਜਾਬ ਲਹਿਰ ਦੇ ਟੀਮ ਮੈਂਬਰਾਂ ਵਿੱਚ ਸੁਰਿੰਦਰ ਮਾਵੀ (ਟੋਰਾਂਟੋ ਤੋਂ ਆਪ ਕਨਵੀਨਰ), ਸੁਮੇਸ਼ ਹਾਂਡਾ (ਨੈਸ਼ਨਲ ਸਕੱਤਰ, ਆਪ ਕੈਨੇਡਾ) ਅਤੇ ਸਾਰਿਕਾ ਵਰਮਾ (ਜੁਆਇੰਟ ਸਕੱਤਰ, ਆਪ ਪੰਜਾਬ) ਸ਼ਾਮਿਲ ਹਨ।