ਨੱਡਾ-ਸ਼ਾਹ ਦੀ ਪ੍ਰਧਾਨਗੀ 'ਚ ਹੋਈ ਚੋਣ ਕਮੇਟੀ ਦੀ ਬੈਠਕ 'ਚ ਪ੍ਰਧਾਨ ਮੰਤਰੀ ਵਰਚੁਅਲ ਜੁੜੇ, ਰਣਨੀਤੀ 'ਤੇ ਹੋਈ ਚਰਚਾ
ਦੀਪਕ ਗਰਗ
ਚੰਡੀਗੜ੍ਹ 20 ਜਨਵਰੀ 2022 - ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਦਿੱਲੀ 'ਚ ਚੱਲ ਰਹੀ ਮੀਟਿੰਗ 'ਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਰਚੁਅਲ ਸ਼ਿਰਕਤ ਕੀਤੀ ਅਤੇ ਪੰਜਾਬ ਦੀਆਂ ਚੋਣਾਂ ਨੂੰ ਲੈ ਕੇ ਕੁਝ ਮੰਤਰ ਦਿੱਤੇ। ਇਸ ਮੀਟਿੰਗ ਦੀ ਪ੍ਰਧਾਨਗੀ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਕਰ ਰਹੇ ਸਨ। ਇਸ ਬੈਠਕ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਚੋਣ ਕਮੇਟੀ ਦੀ ਮੀਟਿੰਗ ਦੌਰਾਨ ਪੰਜਾਬ ਦੇ ਉਮੀਦਵਾਰਾਂ ਦੀ ਸੂਚੀ ਨੂੰ ਅੰਤਿਮ ਰੂਪ ਦੇਣ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਗੱਲਬਾਤ ਹੋਈ। ਪ੍ਰਧਾਨ ਮੰਤਰੀ ਨੇ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਚਾਰ ਕਰਨ ਸਬੰਧੀ ਆਪਣੇ ਸੁਝਾਅ ਵੀ ਦਿੱਤੇ ਅਤੇ ਚੋਣ ਦੰਗਲ ਵਿੱਚ ਉਤਰਨ ਤੋਂ ਪਹਿਲਾਂ ਚੋਣ ਕਮੇਟੀ ਦੀਆਂ ਤਿਆਰੀਆਂ ਬਾਰੇ ਵੀ ਪੂਰੀ ਜਾਣਕਾਰੀ ਹਾਸਲ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਅਤੇ ਸੰਵੇਦਨਸ਼ੀਲ ਸੂਬਾ ਹੈ। ਇਸ ਸੂਬੇ ਦੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕੋਈ ਵੀ ਕੰਮ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜਿਸ ਨਾਲ ਆਪਸੀ ਸਤਿਕਾਰ ਨੂੰ ਠੇਸ ਪਹੁੰਚੇ। ਅਸੀਂ ਆਪਣੇ ਸੱਭਿਆਚਾਰ, ਆਪਣੀ ਸੱਭਿਅਤਾ, ਆਪਣੀਆਂ ਕਦਰਾਂ-ਕੀਮਤਾਂ ਨੂੰ ਜਿਉਂਦਾ ਰੱਖਣਾ ਹੈ। ਉਨ੍ਹਾਂ ਪੰਜਾਬ ਵਿੱਚ ਜਿੱਤ ਦਾ ਮੰਤਰ ਦਿੰਦਿਆਂ ਕਿਹਾ ਕਿ ਭਾਜਪਾ ਸਬਕਾ ਸਾਥ, ਸਬਕਾ ਵਿਕਾਸ ਨਾਲ ਚੱਲੇਗੀ।
ਲੋਕਾਂ ਤੱਕ ਇਹ ਗੱਲ ਪਹੁੰਚੇਗੀ ਕਿ ਅੱਜ ਦੇਸ਼ ਦਾ ਚਿਹਰਾ ਬਦਲਿਆ ਹੈ, ਤਾਂ 'ਸਭ ਦੇ ਯਤਨਾਂ' ਨਾਲ ਬਦਲਿਆ ਹੈ। 'ਸਬਕਾ ਪ੍ਰਯਾਸ' ਨਵੇਂ ਭਾਰਤ ਦੇ ਨਿਰਮਾਣ ਵਿਚ ਸ਼ਾਮਲ ਹੈ। ਹੁਣ 'ਸਬ ਕਾ ਸਾਥ, ਸਬਕਾ ਵਿਕਾਸ' ਦੇ ਨਾਲ-ਨਾਲ 'ਸਬਕੀ ਅਰਦਾਸ' ਵੀ ਨਵੇਂ ਭਾਰਤ ਦੇ ਨਿਰਮਾਣ 'ਚ ਮੋਹਰੀ ਰਹੇਗੀ।
ਮੀਟਿੰਗ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਚੋਣ ਕਮੇਟੀ ਦੇ ਮੈਂਬਰਾਂ ਨਾਲ ਗੱਲਬਾਤ ਕਰਕੇ ਤਿਆਰੀਆਂ ਦਾ ਜਾਇਜ਼ਾ ਲਿਆ। ਮੀਟਿੰਗ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਕੌਮੀ ਮੀਤ ਪ੍ਰਧਾਨ ਤਰੁਣ ਚੁੱਘ, ਪੰਜਾਬ ਭਾਜਪਾ ਦੇ ਇੰਚਾਰਜ ਦੁਸ਼ਯੰਤ ਗੌਤਮ, ਸਹਿ ਇੰਚਾਰਜ ਸੋਦਾਨ ਸਿੰਘ, ਚੋਣ ਇੰਚਾਰਜ ਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਹਾਜਰ ਸਨ। ਇਨ੍ਹਾਂ ਨਾਲ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ, ਸਾਬਕਾ ਕੇਂਦਰੀ ਮੰਤਰੀ ਸ਼ਾਹਨਵਾਜ਼ ਹੁਸੈਨ ਅਤੇ ਕੁਝ ਹੋਰ ਆਗੂ ਵੀ ਸ਼ਾਮਲ ਸਨ।
ਮੀਟਿੰਗ ਵਿੱਚ ਮੌਜੂਦ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਪੰਜਾਬ ਚੋਣ ਇੰਚਾਰਜ ਗਜੇਂਦਰ ਸਿੰਘ ਨੇ ਵੀ ਪ੍ਰਧਾਨ ਮੰਤਰੀ ਨਾਲ ਪੰਜਾਬ ਦੀਆਂ ਗੱਠਜੋੜ ਪਾਰਟੀਆਂ ਨੂੰ ਦਿੱਤੀਆਂ ਸੀਟਾਂ ’ਤੇ ਫੱਸੇ ਪੇਚ ਬਾਰੇ ਚਰਚਾ ਕੀਤੀ। ਭਾਜਪਾ ਨੇ ਆਪਣੇ ਸਾਰੇ 70 ਉਮੀਦਵਾਰਾਂ ਦੀ ਸੂਚੀ ਤਿਆਰ ਕਰ ਲਈ ਹੈ। ਪਰ ਗਠਜੋੜ ਵਿੱਚ ਆਈ ਪੰਜਾਬ ਲੋਕ ਕਾਂਗਰਸ ਦੇ ਸਰਪ੍ਰਸਤ ਕੈਪਟਨ ਅਮਰਿੰਦਰ ਸਿੰਘ ਨਾਲ ਪੁਆਦ, ਦੋਆਬਾ ਅਤੇ ਮਾਝੇ ਦੀਆਂ 10 ਸੀਟਾਂ ’ਤੇ ਅਜੇ ਵੀ ਪੇਚ ਫਸਿਆ ਹੋਇਆ ਹੈ। ਇਸ ਕਾਰਨ ਬੀਤੀ ਸ਼ਾਮ ਜੋ ਸੂਚੀ ਜਾਰੀ ਕੀਤੀ ਜਾਣੀ ਸੀ, ਉਹ ਨਹੀਂ ਹੋ ਸਕੀ।
ਮੀਡਿਆ ਸੂਤਰਾਂ ਮੁਤਾਬਿਕ ਕੈਪਟਨ ਪੁਆਦ ਦੇ ਖਰੜ ਅਤੇ ਰੂਪਨਗਰ ਵਿੱਚ ਆਪਣਾ ਉਮੀਦਵਾਰ ਚਾਹੁੰਦੇ ਹਨ। ਇਸੇ ਤਰ੍ਹਾਂ ਭਾਜਪਾ ਦੋਆਬੇ ਦੀਆਂ ਦਸੂਹਾ ਅਤੇ ਮੁਕੇਰੀਆਂ ਸੀਟਾਂ 'ਤੇ ਆਪਣਾ ਉਮੀਦਵਾਰ ਚਾਹੁੰਦੀ ਹੈ। ਪਰ ਉਥੋਂ ਕੈਪਟਨ ਦੇ ਨਾਲ-ਨਾਲ ਕਾਂਗਰਸ ਨਾਲੋਂ ਟੁੱਟ ਚੁੱਕੇ ਲੋਕ ਚੋਣ ਲੜਨਾ ਚਾਹੁੰਦੇ ਹਨ। ਜਦੋਂ ਕਿ ਇਤਿਹਾਸ ਇਹ ਰਿਹਾ ਹੈ ਕਿ ਇਨ੍ਹਾਂ ਸੀਟਾਂ 'ਤੇ ਭਾਜਪਾ ਦਾ ਕਬਜ਼ਾ ਰਿਹਾ ਹੈ। ਇਸੇ ਤਰ੍ਹਾਂ ਮਾਝੇ 'ਚ ਅੰਮ੍ਰਿਤਸਰ ਦੀਆਂ ਕੁਝ ਸੀਟਾਂ 'ਤੇ ਕੈਪਟਨ ਅਮਰਿੰਦਰ ਸਿੰਘ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਤਕਰਾਰ ਚੱਲ ਰਹੀ ਹੈ। ਹਾਲਾਂਕਿ ਭਾਜਪਾ ਦੇ ਸੰਸਦੀ ਬੋਰਡ ਨੇ ਜਿੱਥੇ ਪੇਚ ਫਸਿਆ ਹੋਇਆ ਹੈ।
ਉਨ੍ਹਾਂ ਸੀਟਾਂ 'ਤੇ ਆਪਣੇ ਹੇਠਲੇ ਪੱਧਰ ਦੇ ਜਮੀਨੀ ਵਰਕਰਾਂ ਤੋਂ ਫੀਡਬੈਕ ਮੰਗੀ ਹੈ। ਇਸ ਦੇ ਆਧਾਰ 'ਤੇ ਹੀ ਫੈਸਲਾ ਕੀਤਾ ਜਾਵੇਗਾ। ਭਾਜਪਾ ਨੇ 70 ਸੀਟਾਂ 'ਤੇ ਆਪਣੇ ਉਮੀਦਵਾਰ ਤੈਅ ਕਰ ਲਏ ਹਨ, ਪਰ ਇਹ ਘੱਟ ਜਾਂ ਜਿਆਦਾ ਵੀ ਹੋ ਸਕਦੇ ਹਨ।