ਅਸ਼ੋਕ ਵਰਮਾ
ਬਠਿੰਡਾ, 24 ਜਨਵਰੀ 2022: ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ 25 ਜਨਵਰੀ 2022 ਤੋਂ ਸ਼ੁਰੂ ਕੀਤੀ ਜਾਵੇਗੀ। ਨਾਮਜ਼ਦਗੀ ਪੱਤਰ 1 ਫ਼ਰਵਰੀ ਤੱਕ ਭਰੇ ਜਾ ਸਕਣਗੇ। ਨਾਮਜ਼ਦਗੀ ਪੱਤਰਾਂ ਦੀ ਜਾਂਚ-ਪੜਤਾਲ 2 ਫ਼ਰਵਰੀ ਨੂੰ ਅਤੇ 4 ਫ਼ਰਵਰੀ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ। ਨਾਮਜ਼ਦਗੀ ਪੱਤਰ ਸਵੇਰੇ 11 ਵਜੇ ਤੋਂ ਦੁਪਿਹਰ 3 ਵਜੇ ਤੱਕ ਭਰੇ ਜਾ ਸਕਣਗੇ। ਸ਼ਨੀਵਾਰ ਅਤੇ ਐਤਵਾਰ ਤੋਂ ਇਲਾਵਾ ਕਿਸੇ ਵੀ ਸਰਕਾਰੀ ਛੁੱਟੀ ਵਾਲੇ ਦਿਨ ਅਤੇ 26 ਜਨਵਰੀ ਨੂੰ ਨਾਮਜ਼ਦਗੀ ਪੱਤਰ ਨਹੀਂ ਭਰੇ ਜਾਣਗੇ। ਨਾਮਜ਼ਦਗੀ ਪੱਤਰ ਭਰਨ ਸਮੇਂ ਉਮੀਦਵਾਰ ਸਮੇਤ 2 ਨੁਮਾਇੰਦਿਆਂ ਨੂੰ ਹੀ ਅੰਦਰ ਜਾਣ ਦੀ ਆਗਿਆ ਹੋਵੇਗੀ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਨੀਤ ਕੁਮਾਰ ਨੇ ਵਿਧਾਨ ਸਭਾ ਚੋਣਾਂ ਸਬੰਧੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਹੋਈ ਬੈਠਕ ਦੀ ਪ੍ਰਧਾਨਗੀ ਕਰਦਿਆਂ ਸਾਂਝੀ ਕੀਤੀ।
ਬੈਠਕ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਨੀਤ ਕੁਮਾਰ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ ਆਨ-ਲਾਇਨ https://suvidha.eci.gov.in/login ਤੇ ਵੀ ਭਰੇ ਜਾ ਸਕਦੇ ਹਨ। ਉਨ੍ਹਾਂ ਮੌਜੂਦ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਾਮਜ਼ਦਗੀ ਪੱਤਰ ਭਰਨ ਸਮੇਂ ਕੋਵਿਡ-19 ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਹੋਰ ਦੱਸਿਆ ਕਿ ਇਹ ਨਾਮਜ਼ਦਗੀ ਪੱਤਰ ਜ਼ਿਲ੍ਹੇ ਨਾਲ ਸਬੰਧਤ ਵੱਖ-ਵੱਖ ਵਿਧਾਨ ਸਭਾ ਹਲਕਿਆਂ ਨਾਲ ਸਬੰਧਤ ਆਰਓਜ਼ ਵਲੋਂ ਵੱਖ-ਵੱਖ ਸਥਾਨਾਂ ਤੇ ਦਾਖ਼ਲ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦੇ ਚਾਹਵਾਨ ਉਮੀਦਵਾਰ ਵਿਧਾਨ ਸਭਾ ਹਲਕਾ 90-ਰਾਮਪੁਰਾ ਫੂਲ ਨਾਲ ਸਬੰਧਤ ਨਾਮਜ਼ਦਗੀ ਪੱਤਰ ਕੋਰਟ ਰੂਮ ਤਹਿਸੀਲ ਕੰਪਲੈਕਸ, ਦਫ਼ਤਰ ਉਪ ਮੰਡਲ ਮੈਜਿਸਟ੍ਰੇਟ ਰਾਮਪੁਰਾ ਫੂਲ, ਵਿਧਾਨ ਸਭਾ ਹਲਕਾ 91-ਭੁੱਚੋ ਮੰਡੀ ਰੂਮ ਨੰਬਰ 110, ਗਰਾਊਂਡ ਫ਼ਲੋਰ ਦਫਤਰ ਸੈਕਟਰੀਏਟ ਰੀਜਨਲ ਟਰਾਂਸਪੋਰਟ ਅਥਾਰਟੀ (ਆਰਟੀਏ) ਡੀਏਸੀ ਕੰਪਲੈਕਸ ਬਠਿੰਡਾ, ਵਿਧਾਨ ਸਭਾ ਹਲਕਾ 92-ਬਠਿੰਡਾ ਸ਼ਹਿਰੀ ਕਮਰਾ ਨੰਬਰ 311, ਕੋਰਟ ਰੂਮ ਦਫ਼ਤਰ ਐਸਡੀਐਮ ਡੀਏਸੀ ਕੰਪਲੈਕਸ ਬਠਿੰਡਾ, ਵਿਧਾਨ ਸਭਾ ਹਲਕਾ 93-ਬਠਿੰਡਾ ਦਿਹਾਤੀ ਰੂਮ ਨੰਬਰ 201, ਬੀਡੀਏ ਕੰਪਲੈਕਸ, ਭਾਗੂ ਰੋਡ ਫ਼ੇਜ-1 ਮਾਡਲ ਟਾਊਨ ਬਠਿੰਡਾ, ਵਿਧਾਨ ਸਭਾ ਹਲਕਾ 94-ਤਲਵੰਡੀ ਸਾਬੋ ਦੇ ਐਸਡੀਐਮ ਦਫ਼ਤਰ ਤਲਵੰਡੀ ਸਾਬੋ ਅਤੇ ਵਿਧਾਨ ਸਭਾ ਹਲਕਾ 95-ਮੌੜ ਦੇ ਰੂਮ ਨੰਬਰ 112, ਦਫ਼ਤਰ ਐਸਡੀਐਮ ਮੌੜ ਵਿਖੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾ ਸਕਦੇ ਹਨ।
ਇਸ ਦੌਰਾਨ ਸ਼੍ਰੀ ਵਨੀਤ ਕੁਮਾਰ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਤੇ ਬਿਨਾਂ ਕਿਸੇ ਡਰ ਭੈਅ ਦੇ ਨੇਪਰੇ ਚਾੜਿਆ ਜਾਵੇਗਾ। ਇਸ ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ ਸਥਾਪਤ ਕੀਤੀਆਂ ਗਈਆਂ ਐਸਐਸਟੀ ਤੇ ਐਫ਼ਐਸਟੀ ਟੀਮਾਂ ਜੋ ਕਿ ਪਹਿਲਾ ਪ੍ਰਤੀ ਹਲਕਾ 3-3 ਸਨ, ਚ ਵਾਧਾ ਕਰਕੇ 6-6 ਕਰ ਦਿੱਤੀਆਂ ਗਈਆਂ ਹਨ। ਇਹ ਟੀਮਾਂ 24 ਘੰਟੇ ਸਿਫ਼ਟਾਂ ਵਿਚ ਕੰਮ ਕਰਦੀਆਂ ਹਨ।
ਬੈਠਕ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਵਲੋਂ ਵੱਖ-ਵੱਖ ਪਾਰਟੀਆਂ ਵਲੋਂ ਪਹੁੰਚੇ ਨੁਮਾਇੰਦਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਵਿਡ ਦੇ ਮੱਦੇਨਜ਼ਰ ਕੀਤੀ ਜਾ ਰਹੀ ਕਰੋਨਾ ਵੈਕਸੀਨੇਸ਼ਨ ਵਿਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਤਾਂ ਜੋ ਸਿਹਤਮੰਦ ਵਿਅਕਤੀ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕਣ। ਇਸ ਦੌਰਾਨ ਉਨ੍ਹਾਂ ਨੁਮਾਇਦਿਆਂ ਕੋਲੋਂ ਉਨ੍ਹਾਂ ਦੇ ਸ਼ੰਕਿਆਂ ਤੋਂ ਇਲਾਵਾ ਲੋੜੀਂਦੇ ਸੁਝਾਅ ਵੀ ਲਏ ਗਏ ਤੇ ਉਨ੍ਹਾਂ ਵਲੋਂ ਕੀਤੇ ਗਏ ਸਵਾਲਾਂ ਦੇ ਢੁੱਕਵੇਂ ਜਵਾਬ ਵੀ ਦਿੱਤੇ ਗਏ। ਬੈਠਕ ਦੌਰਾਨ ਕਾਂਗਰਸ ਪਾਰਟੀ ਦੇ ਨੁਮਾਇੰਦੇ ਕੁਲਵਿੰਦਰ ਸਿੰਘ, ਹਰਮਨਦੀਪ ਸਿੰਘ, ਬਹੁਜਨ ਸਮਾਜ ਪਾਰਟੀ ਦੇ ਨੁਮਾਇੰਦੇ ਜੋਗਿੰਦਰ ਸਿੰਘ, ਸੀਪੀਆਈਐਮ ਵਲੋਂ ਗੁਰਦੇਵ ਸਿੰਘ ਬਾਂਡੀ, ਸ਼੍ਰੋਮਣੀ ਅਕਾਲੀ ਦਲ ਪਾਰਟੀ ਵਲੋਂ ਗੁਰਪ੍ਰੀਤ ਸਿੰਘ, ਆਮ ਆਦਮੀ ਪਾਰਟੀ ਵਲੋਂ ਅਮ੍ਰਿੰਤ ਲਾਲ ਅਗਰਵਾਲ, ਸੀਪੀਆਈ ਵਲੋਂ ਬਲਕਰਨ ਸਿੰਘ ਬਰਾੜ ਅਤੇ ਐਨਸੀਪੀ ਵਲੋਂ ਸ਼੍ਰੀ ਗਿਆਨ ਪ੍ਰਕਾਸ ਜੋਸ਼ੀ ਆਦਿ ਵੱਖ-ਵੱਖ ਪਾਰਟੀਆ ਦੇ ਨੁਮਾਇੰਦੇ ਹਾਜ਼ਰ ਸਨ।