ਕਾਂਗਰਸ ਨੂੰ ਇਕ ਹੋਰ ਝਟਕਾ :ਸਾਬਕਾ ਮੰਤਰੀ ਹਰਮਿੰਦਰ ਜੱਸੀ ਨੇ ਆਜ਼ਾਦ ਉਮੀਦਵਾਰ ਵਜੋਂ ਝੰਡਾ ਗੱਡਿਆ
ਅਸ਼ੋਕ ਵਰਮਾ
ਤਲਵੰਡੀ ਸਾਬੋ, 28 ਜਨਵਰੀ2022 - ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਨੇ ਅੱਜ ਤਲਵੰਡੀ ਸਾਬੋ ਵਿਖੇ ਇਕੱਠੇ ਹੋਏ ਆਪਣੇ ਸਮਰਥਕਾਂ ਦੇ ਫੈਸਲੇ ਨੂੰ ਸਿਰ ਮੱਥੇ ਮੰਨਦਿਆਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਨਿੱਤਰਨ ਦਾ ਫੈਸਲਾ ਲਿਆ। ਉਨਾਂ ਕਿਹਾ ਕਿ ਤਲਵੰਡੀ ਸਾਬੋ ਹਲਕੇ ਦੇ ਲੋਕਾਂ ਦੀ ਮੰਗ ਅਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਦਿੱਤੀ ਹੱਲਾਸ਼ੇਰੀ ਸਦਕਾ ਹੀ ਇਹ ਫੈਸਲਾ ਲਿਆ ਗਿਆ ਹੈ।
ਇਸ ਮੌਕੇ ਹਰਮਿੰਦਰ ਸਿੰਘ ਜੱਸੀ ਨੇ ਕਿਹਾ ਕਿ ਉਨਾਂ 35-40 ਸਾਲ ਕਾਂਗਰਸ ’ਚ ਰਹਿ ਕੇ ਹਲਕੇ ਦੀ ਸੇਵਾ ਕੀਤੀ। ਹਲਕੇ ਦੇ ਪਿੰਡਾਂ ’ਚੋਂ ਟਿੱਬੇ ਕਰਾਹ ਕੇ ਉਨਾਂ ਨੂੰ ਵਾਹੀਯੋਗ ਬਣਾਇਆ ਜਿਸ ਨਾਲ ਹਜ਼ਾਰਾਂ ਕਿਸਾਨ ਭਰਾਵਾਂ ਨੂੰ ਫਾਇਦਾ ਪੁੱਜਿਆ ਤੇ ਅੱਜ ਉਹ ਆਪਣੇ ਖੇਤਾਂ ’ਚੋਂ ਵਧੀਆ ਫਸਲ ਲੈ ਰਹੇ ਹਨ। ਰੁਜ਼ਗਾਰ ਲਈ ਰਿਫਾਇਨਰੀ ਤਲਵੰਡੀ ਸਾਬੋ ਹਲਕੇ ’ਚ ਲਿਆਂਦੀ ਜਿੱਥੇ ਇਸ ਵੇਲੇ ਹਲਕੇ ਦੇ ਹਜਾਰਾਂ ਨੌਜਵਾਨ ਰੁਜ਼ਗਾਰ ’ਤੇ ਲੱਗੇ ਹੋਏ ਹਨ। ਉਨਾਂ ਕਿਹਾ ਕਿ ਜਿਸ ਦਿਨ ਤੋਂ ਕਾਂਗਰਸ ਨੇ ਤਲਵੰਡੀ ਸਾਬੋ ਤੋਂ ਉਮੀਦਵਾਰ ਦਾ ਐਲਾਨ ਕੀਤਾ ਹੈ ਉਸੇ ਦਿਨ ਤੋਂ ਹੀ ਉਨਾਂ ਨੂੰ ਹਲਕੇ ਦੇ ਹਜ਼ਾਰਾਂ ਲੋਕ ਮਿਲਣ ਲਈ ਆ ਰਹੇ ਸੀ ਅਤੇ ਸਭ ਦੀ ਇੱਕੋ ਆਵਾਜ਼ ਸੀ ਕਿ ਜਿਸ ਤਰਾਂ ਤੁਸੀਂ ਪਹਿਲਾਂ ਹਲਕੇ ਦੀ ਲੰਬਾ ਸਮਾਂ ਸੇਵਾ ਕੀਤੀ ਹੈ ਇਸ ਲਈ ਤੁਸੀਂ ਇਹ ਸੇਵਾ ਜ਼ਾਰੀ ਰੱਖਣ ਲਈ ਆਜ਼ਾਦ ਤੌਰ ’ਤੇ ਮੈਦਾਨ ’ਚ ਨਿੱਤਰੋ।
ਵੱਖ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਉਨਾਂ ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਲਈ ਕਿਹਾ ਗਿਆ ਜਿਸ ਕਾਰਨ ਉਨਾਂ ਸਭ ਦੀ ਰਾਇ-ਸਲਾਹ ਨਾਲ ਹੀ ਉਹ ਤਲਵੰਡੀ ਸਾਬੋ ਹਲਕੇ ਤੋਂ ਅਜ਼ਾਦ ਉਮੀਦਵਾਰ ਵਜੋਂ ਮੈਦਾਨ ’ਚ ਨਿੱਤਰੇ ਹਨ। ਹਰਮਿੰਦਰ ਸਿੰਘ ਜੱਸੀ ਨੇ ਦਾਅਵਾ ਕੀਤਾ ਕਿ ਹਲਕੇ ’ਚ ਲੰਬੇ ਸਮੇਂ ਤੋਂ ਵਿਚਰਦੇ ਹੋਣ ਕਰਕੇ ਵੱਡੀ ਗਿਣਤੀ ਪਿੰਡਾਂ ਦੀਆਂ ਪੰਚਾਇਤਾਂ ਅਤੇ ਕਲੱਬਾਂ ਦੇ ਨੌਜਵਾਨ ਉਨਾਂ ਨਾਲ ਜੁੜੇ ਹੋਏ ਹਨ ਤੇ ਹਲਕੇ ਦੇ ਸਾਰੇ ਲੋਕ ਹੀ ਉਨਾਂ ਦੀਆਂ ਬਾਹਾਂ ਹਨ ਜਿੰਨਾਂ ਸਹਾਰੇ ਉਹ ਇਹ ਚੋਣ ਜਿੱਤਣ ’ਚ ਸਫਲ ਹੋਣਗੇ। ਉਨਾਂ ਦਾਅਵਾ ਕੀਤਾ ਕਿ ਉਹ ਨਸ਼ਿਆਂ ਦੇ ਚੱਲ ਰਹੇ ਅੱਤਵਾਦ ਨੂੰ ਖਤਮ ਕਰਕੇ ਸਾਹ ਲੈਣਗੇ। ਇਸ ਤੋਂ ਇਲਾਵਾ ਝੂਠੇ ਅਤੇ ਨਜਾਇਜ਼ ਪਰਚਿਆ ਖਿਲਾਫ਼ ਡਟ ਕੇ ਲੜਾਈ ਲੜੀ ਜਾਵੇਗੀ।
ਇਸ ਮੌਕੇ ਬਲਾਕ ਸੰਮਤੀ ਮੈਂਬਰ ਜਗਦੇਵ ਸਿੰਘ ਜੱਜਲ, ਸਾਬਕਾ ਬਲਾਕ ਪ੍ਰਧਾਨ ਵੀਰਇੰਦਰ ਭਾਗੀਵਾਦਰ, ਬਲਦੇਵ ਸਿੰਘ, ਜੱਟ ਮਹਾਂ ਸਭਾ ਆਗੂ ਬਲਜਿੰਦਰ ਬਹਿਮਣ, ਹਰਚਰਨ ਸਿੰਘ ਬਹਿਮਣ, ਸੁਰਿੰਦਰ ਕੁਮਾਰ ਸ਼ਰਮਾ, ਅਮਨਦੀਪ ਸ਼ਰਮਾ, ਜਸਵੰਤ ਸਿੰਘ ਲੀਲਾ ਸੀਂਗੋ, ਗੁਰਪ੍ਰੀਤ ਸਿੰਘ ਨੰਗਲਾ, ਸਾਬਕਾ ਸਰਪੰਚ ਅਮਰਜੀਤ ਸਿੰਘ, ਸਾਬਕਾ ਸਰਪੰਚ ਗੁਰਜੰਟ ਤਿਉਣਾ, ਦਰਸਨ ਖਾਲਸਾ ਅਤੇ ਸਿਕੰਦਰ ਜੱਜਲ ਆਦਿ ਮੌਜੂਦ ਸਨ।