ਖੁਦ ਨੂੰ ਆਮ ਆਦਮੀ ਕਹਿਣ ਵਾਲੇ ਮੁੱਖ ਮੰਤਰੀ ਚੰਨੀ ਕਰੋੜਪਤੀ
ਅਸ਼ੋਕ ਵਰਮਾ
ਬਠਿੰਡਾ, 2ਫਰਵਰੀ2022: ਖੁਦ ਨੂੰ ਗਰੀਬ ਮਜਦੂਰ ਦਾ ਪੁੱਤ ਹੋਣ ਦਾ ਦਾਅਵਾ ਕਰਕੇ ਆਪਣੇ ਆਪ ਨੂੰ ਇੱਕ ਆਮ ਆਦਮੀ ਦੇ ਤੌਰ ਤੇ ਪੇਸ਼ ਕਰਨ ਦੇ ਪੈਂਤੜੇ ਰਾਹੀਂ ਆਮ ਲੋਕਾਂ ਵਿਸ਼ੇਸ਼ ਤੌਰ ਤੇ ਦਲਿਤ ਸਮਾਜ ਦੀ ਹਮਦਰਦੀ ਬਟੋਰਨ ਲੲਂ ਕਰੀਬ ਤਿੰਨ ਮਹੀਨਿਆਂ ਤੋਂ ਯਤਨਸ਼ੀਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਰੋੜਾਂ ਦੀ ਸੰਪਤੀ ਦੇ ਮਾਲਕ ਹਨ। ਭਦੌੜ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਨਾਮਜਦਗੀ ਪੱਤਰ ਦਾਖਲ ਕਰਨ ਮੌਕੇ ਚੋਣ ਕਮਿਸ਼ਨ ਨੂੰ ਦਿੱਤੇ ਹਲਫੀਆ ਬਿਆਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਬੰਧੀ ਇਹ ਤੱਥ ਬੇਪਰਦ ਕੀਤੇ ਹਨ। ਹਲਫਨਾਮੇ ਵਿੱਚ ਦੱਸਿਆ ਹੈ ਕਿ ਉਹ 7 ਕਰੋੜ 97 ਲੱਖ, 37 ਹਜਾਰ 584 ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਦਾ ਮਾਲਿਕ ਹੈ।
ਮੁੱਖ ਮੰਤਰੀ ਚੰਨੀ ਦੀ ਧਰਮਪਤੀ ਕਮਲਜੀਤ ਕੌਰ ਵੀ 4 ਕਰੋੜ 18 ਲੱਖ 45 ਹਜਾਰ ਰੁਪਏ ਦੀ ਚੱਲ ਅਚੱਲ ਸੰਪਤੀ ਹੈ। ਵੱਡੀ ਗੱਲ ਹੈ ਕਿ ਮੁੱਖ ਮੰਤਰੀ ਚੰਨੀ ਅਤੇ ਉਸਦੀ ਪਤਨੀ ਕੋਲ ਦੋ ਹਾਈਪ੍ਰੋਫਾਈਲ ਫਾਰਚੂਨਰ ਗੱਡੀਆਂ ਵੀ ਹਨ। ਦੋਵੇਂ ਜੀਅ ਸੋਨੇ ਦੇ ਗਹਿਣਿਆਂ ਦੇ ਸ਼ੌਕੀਨ ਵੀ ਹਨ। ਚੰਨੀ ਕੋਲ 250 ਗ੍ਰਾਮ ਸੋਨੇ ਦੇ ਗਹਿਣੇ ਹਨ,ਜਦਕਿ ਉਸ ਦੀ ਪਤਨੀ ਕੋਲ 1 ਕਿੱਲੋ 350 ਗ੍ਰਾਮ ਸੋਨੇ ਦੇ ਗਹਿਣਿਆਂ ਦਾ ਵੱਖਰਾ ਭੰਡਾਰ ਹੈ। ਚੰਨੀ ਕੋਲ 4 ਕਰੋੜ ਤੋਂ ਵਧੇਰੇ ਕੀਮਤ ਦੀ ਰਿਹਾਇਸ਼ੀ ਜਗ੍ਹਾ ਹੈ,ਜਦਕਿ ਉਸ ਦੀ ਪਤਨੀ ਕੋਲ ਵੀ ਵੱਖਰੇ ਤੌਰ ਤੇ 2 ਕਰੋੜ 27 ਲੱਖ 85 ਹਜਾਰ ਰੁਪਏ ਕੀਮਤ ਦੀ ਰਿਹਾਇਸ਼ੀ ਥਾਂ ਹੈ। ਇਸ ਤਰ੍ਹਾਂ ਦੋਵੇਂ ਜੀਅ ਕਰੋੜਪਤੀ ਹਨ । ਇਸ ਤੋਂ ਇਲਾਵਾ ਮੁੱਖ ਮੰਤਰੀ ਚੰਨੀ ਕੋਲ ਸਿਰਫ 1 ਲੱਖ 50 ਹਜ਼ਾਰ ਰੁਪਏ ਨਕਦ ਹਨ ਤੇ ਉਨ੍ਹਾਂ ਦੀ ਪਤਨੀ ਕੋਲ ਵੀ 50 ਹਜਾਰ ਰੁਪਿਆ ਨਕਦੀ ਹੈ।