ਕਾਂਗਰਸ ਦੀ ਆਪਸੀ ਫੁੱਟ ਦੌਰਾਨ ਸੁਖਬੀਰ ਬਾਦਲ ਨੇ ਤਿੰਨ ਦਿਨਾਂ ਵਿਚ ਕੀਤੇ ਤਿੰਨ ਵੱਡੇ ਸਿਆਸੀ ਧਮਾਕੇ
- ਦੋ ਜ਼ਿਲ੍ਹਿਆਂ ਦੀਆਂ ਸੱਤ ਵਿਧਾਨਸਭਾ ਸੀਟਾਂ ਦੇ ਬਦਲੇ ਸਮੀਕਰਨ
ਦੀਪਕ ਗਰਗ
ਕੋਟਕਪੂਰਾ 2 ਫਰਵਰੀ 2022 - ਜਿਲਾ ਫਰੀਦਕੋਟ ਦੀਆਂ ਤਿੰਨੇ ਵਿਧਾਨਸਭਾ ਸੀਟਾਂ ਦੀ ਟਿਕਟ ਨੂੰ ਲੈਕੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਦੀ ਜਦੋ ਜਹਿਦ ਦੇ ਚਲਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਤਿੰਨ ਦਿਨਾਂ ਵਿੱਚ ਤਿੰਨ ਵੱਡੀਆਂ ਸਫਲਤਾਵਾਂ ਹੱਥ ਲੱਗੀਆਂ ਹਨ। ਕੋਟਕਪੂਰਾ ਅਤੇ ਫਰੀਦਕੋਟ ਵਿਧਾਨ ਸਭਾ ਸੀਟ ਤੋਂ ਪੰਜਾਬ ਲੋਕ ਕਾਂਗਰਸ ਲਈ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਓਐਸਡੀ ਸੰਦੀਪ ਸਿੰਘ ਸੰਨੀ ਬਰਾੜ ਦਾਅਵੇਦਾਰ ਸਨ।
ਕੋਟਕਪੂਰਾ ਵਿਧਾਨਸਭਾ ਸੀਟ ਤੋਂ ਕਾਂਗਰਸ ਦੀ ਟਿਕਟ ਲਈ ਭਾਈ ਹਰਨਿਰਪਾਲ ਸਿੰਘ ਕੁੱਕੂ ਜੀ (ਸਾਬਕਾ ਵਿਧਾਇਕ, ਸ੍ਰੀ ਮੁਕਤਸਰ ਸਾਹਿਬ) ਦੇ ਬੇਟੇ ਭਾਈ ਰਾਹੁਲ ਸਿੱਧੂ (ਸਾਬਕਾ ਪੀਪੀਐਸਸੀ ਮੈਂਬਰ ਅਤੇ ਕੋਟਕਪੂਰਾ ਤੋਂ ਕਾਂਗਰਸ ਦੇ ਹਲਕਾ ਇੰਚਾਰਜ) ਦਾਅਵੇਦਾਰ ਸਨ। ਜੈਤੋ ਵਿਧਾਨਸਭਾ ਸੀਟ ਤੋਂ ਹਲਕਾ ਇੰਚਾਰਜ ਲਵਲੀ ਭੱਟੀ ਕਾਂਗਰਸ ਟਿਕਟ ਦੇ ਦਾਅਵੇਦਾਰ ਸ਼ਨ।
ਅੱਜ ਸਾਬਕਾ ਵਿਧਾਇਕ ਤੇ ਕਾਂਗਰਸੀ ਆਗੂ ਭਾਈ ਹਰਨਿਰਪਾਲ ਸਿੰਘ ਕੁੱਕੂ ਅਤੇ ਉਨ੍ਹਾਂ ਦਾ ਬੇਟਾ ਭਾਈ ਰਾਹੂਲ ਸਿੱਧੂ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਸੰਨੀ ਬਰਾੜ ਦੇ ਨਾਲ-ਨਾਲ ਭਾਈ ਪਰਿਵਾਰ ਵੀ ਕੈਪਟਨ ਅਮਰਿੰਦਰ ਸਿੰਘ ਦੇ ਕਾਫੀ ਕਰੀਬੀ ਰਿਹਾ ਹੈ।
ਇਨ੍ਹਾਂ ਆਗੂਆਂ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਜਿਲਾ ਸ੍ਰੀ ਮੁਕਤਸਰ ਸਾਹਿਬ ਅਤੇ ਫਰੀਦਕੋਟ ਦੀਆਂ 7 ਵਿਧਾਨਸਭਾ ਸੀਟਾਂ ਫਰੀਦਕੋਟ, ਕੋਟਕਪੂਰਾ ਜੈਤੋ, ਮੁਕਤਸਰ, ਮਲੋਟ, ਗਿੱਦੜਵਾਹਾ ਅਤੇ ਲੰਬੀ ਨੂੰ ਜ਼ਰੂਰ ਮਿਲੇਗਾ। ਕਿਉਂਕਿ ਦੋਵਾਂ ਜ਼ਿਲ੍ਹਿਆਂ ਵਿੱਚ ਇਨ੍ਹਾਂ ਆਗੂਆਂ ਦਾ ਚੰਗਾ ਆਧਾਰ ਹੈ। ਸੰਦੀਪ ਸਿੰਘ ਸੰਨੀ ਬਰਾੜ ਸਾਬਕਾ ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐਸ.ਡੀ. ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਆ ਗਏ ਸਨ। 2017 ਵਿੱਚ ਉਹ ਫਰੀਦਕੋਟ ਤੋਂ ਚੋਣ ਲੜਨਾ ਚਾਹੁੰਦੇ ਸਨ ਅਤੇ ਕੈਪਟਨ ਨੇ ਇਹ ਸੀਟ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਦਿੱਤੀ ਸੀ। ਹੁਣ ਉਹ ਫਰੀਦਕੋਟ ਜਾਂ ਕੋਟਕਪੂਰਾ ਤੋਂ ਪੰਜਾਬ ਲੋਕ ਕਾਂਗਰਸ ਦੀ ਟਿਕਟ ’ਤੇ ਚੋਣ ਲੜਨਾ ਚਾਹੁੰਦੇ ਸਨ ਪਰ ਫਰੀਦਕੋਟ ਸੀਟ ਬੀਜੇਪੀ ਦੇ ਖਾਤੇ ਵਿੱਚ ਆ ਗਈ ਅਤੇ ਕੋਟਕਪੂਰਾ ਸੀਟ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਰਗੇਸ਼ ਸ਼ਰਮਾ ਨੂੰ ਦੇ ਦਿੱਤੀ ਗਈ। ਜਿਸ ਕਾਰਨ ਸੰਨੀ ਬਰਾੜ ਕਾਫੀ ਨਿਰਾਸ਼ ਹੋ ਗਏ ਹਨ। ਉਹ ਬੀਤੇ ਦਿਨੀਂ ਫਰੀਦਕੋਟ ਵਿੱਚ ਅਕਾਲੀ ਦਲ ਵਿੱਚ ਸ਼ਾਮਲ ਹੋਏ ਸਨ। ਉਹ ਫਰੀਦਕੋਟ ਅਤੇ ਕੋਟਕਪੂਰਾ ਦੀਆਂ ਸੀਟਾਂ 'ਤੇ ਕਾਫੀ ਪ੍ਰਭਾਵ ਪਾਉਂਦੇ ਹਨ।
ਭਾਈ ਹਰਨਿਰਪਾਲ ਸਿੰਘ ਕੁੱਕੂ 2017 ਦੀਆਂ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ ਅਤੇ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਕੋਟਕਪੂਰਾ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਸੀ। ਉਹ ਇਹ ਚੋਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਤਾਰ ਸਿੰਘ ਸੰਧਵਾਂ ਤੋਂ ਹਾਰ ਗਏ ਸਨ। ਪਰ ਫੇਰ ਵੀ ਉਹ ਕੋਟਕਪੂਰਾ ਹਲਕੇ ਵਿੱਚ ਸਰਗਰਮ ਰਹਿਕੇ ਵਿਕਾਸ ਵਿੱਚ ਯੋਗਦਾਨ ਪਾਉਂਦੇ ਰਹੇ।ਜਿਸਦੇ ਚਲਦੇ ਉਨ੍ਹਾਂ ਦੇ ਬੇਟੇ ਭਾਈ ਰਾਹੁਲ ਸਿੱਧੂ ਨੇ ਕੋਟਕਪੂਰਾ 'ਚ ਚੰਗਾ ਆਧਾਰ ਬਣਾ ਲਿਆ ਸੀ। ਇਸ ਵਾਰ ਭਾਈ ਰਾਹੂਲ ਖੁਦ ਇੱਥੋਂ ਚੋਣ ਲੜਨਾ ਚਾਹੁੰਦੇ ਸਨ ਅਤੇ ਕੋਸ਼ਿਸ਼ ਕਰ ਰਹੇ ਸਨ।
ਜਦੋਂਕਿ ਕਾਂਗਰਸ ਪਾਰਟੀ ਨੇ ਇੱਥੋਂ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਜੈ ਪਾਲ ਸਿੰਘ ਸੰਧੂ ਨੂੰ ਉਮੀਦਵਾਰ ਬਣਾਇਆ ਹੈ। ਇਸ ਕਾਰਨ ਭਾਈ ਪਰਿਵਾਰ ਕਾਫੀ ਨਿਰਾਸ਼ ਸੀ ਅਤੇ ਬੁੱਧਵਾਰ ਨੂੰ ਭਾਈ ਪਰਿਵਾਰ ਵੀ ਕਾਂਗਰਸ ਨੂੰ ਅਲਵਿਦਾ ਕਹਿ ਕੇ ਉਹ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ।
ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਸ੍ਰੀ ਮੁਕਤਸਰ ਸਾਹਿਬ ਤੋਂ ਚੋਣ ਲੜ ਚੁੱਕੇ ਹਨ ਅਤੇ ਜਿਲਾ ਸ਼੍ਰੀਮੁਕਤਸਰ ਸਾਹਿਬ 'ਚ ਉਨ੍ਹਾਂ ਦਾ ਚੰਗਾ ਪ੍ਰਭਾਵ ਹੈ। ਭਾਈ ਕੁੱਕੂ ਨੇ ਪਿਛਲੀ ਚੋਣ ਕੋਟਕਪੂਰਾ ਤੋਂ ਲੜੀ ਸੀ ਜਿਸਦੇ ਚਲਦੇ ਕੋਟਕਪੂਰਾ ਹਲਕੇ ਵਿੱਚ ਉਨ੍ਹਾਂ ਦਾ ਚੰਗਾ ਪ੍ਰਭਾਵ ਹੈ। ਸੰਦੀਪ ਸਿੰਘ ਸੰਨੀ ਬਰਾੜ ਪਿਛਲੇ ਕਰੀਬ 3 ਸਾਲਾਂ ਤੋਂ ਫਰੀਦਕੋਟ ਵਿੱਚ ਕਾਂਗਰਸ ਲਈ ਸਰਗਰਮ ਹੋਕੇ ਕੰਮ ਕਰ ਰਹੇ ਸਨ, ਯੂਥ ਕਾਂਗਰਸ ਲਈ ਵੀ ਉਹ ਸੂਬਾ ਕਾਰਜਕਾਰਨੀ ਵਿੱਚ ਅਹਿਮ ਅਹੁਦਿਆਂ ’ਤੇ ਰਹਿ ਚੁੱਕੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਓਐਸਡੀ ਹੁੰਦਿਆਂ ਫਰੀਦਕੋਟ ਵਿੱਚ ਚੰਗਾ ਪ੍ਰਭਾਵ ਪਾਇਆ ਸੀ ਅਤੇ ਅਨੇਕਾਂ ਲੋਕਾਂ ਦੇ ਕੰਮ ਵੀ ਕਰਵਾਕੇ ਦਿੱਤੇ ਸੀ ਉਹ ਵੀ ਕੋਟਕਪੂਰਾ ਅਤੇ ਫਰੀਦਕੋਟ ਵਿਧਾਨਸਭਾ ਸੀਟਾਂ ਦੀਆਂ ਚੋਣਾਂ ਵਿੱਚ ਜ਼ਰੂਰ ਪ੍ਰਭਾਵ ਪਾਉਣਗੇ। ਸੁਖਬੀਰ ਬਾਦਲ ਨੇ ਪਾਰਟੀ ਵਿਚ ਸ਼ਾਮਿਲ ਕਰਦੇ ਹੀ ਇਨ੍ਹਾਂ ਨੂੰ ਆਪਣਾ ਓਐਸਡੀ ਵੀ ਬਣਾ ਦਿੱਤਾ ਹੈ। ਸੰਨੀ ਬਰਾੜ ਨੇ ਲੋਕਾਂ ਦੇ ਕੰਮ ਕਰਵਾਉਣ ਲਈ ਫਰੀਦਕੋਟ ਵਿੱਚ ਆਪਣਾ ਦਫਤਰ ਖੋਲਿਆ ਹੋਇਆ ਹੈ। ਇਹ ਆਪਣੇ ਪ੍ਰਭਾਵ ਨਾਲ ਹੁਣ ਵੀ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਦੇ ਯਤਨ ਕਰ ਰਹੇ ਹਨ। ਇਨ੍ਹਾਂ ਨੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਪ੍ਰਭਾਵ ਨਾਲ ਨਿਜੀ ਸੰਸਥਾਨਾਂ ਵਿੱਚ ਰੁਜ਼ਗਾਰ ਦੀ ਦਿਵਾਇਆ ਹੈ।
ਜੈਤੋ ਰਿਜਰਵ ਵਿਧਾਨਸਭਾ ਹਲਕੇ ਤੋਂ ਕਾਂਗਰਸ ਆਗੂ ਬਲਵਿੰਦਰ ਸਿੰਘ ਲਵਲੀ ਭੱਟੀ ਪਿਛਲੇ ਕੁਝ ਸਾਲਾਂ ਤੋਂ ਸਰਗਰਮ ਸਨ। 2017 ਦੀਆਂ ਵਿਧਾਨਸਭਾ ਚੋਣਾਂ ਮੌਕੇ ਲੋਕ ਗਇਕ ਮੁਹੱਮਦ ਸਦੀਕ ਨੇ ਇਥੋਂ ਚੋਣ ਲੜੀ ਸੀ ਪਰ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਸਟਰ ਬਲਦੇਵ ਸਿੰਘ ਹੱਥੋਂ ਚੋਣ ਹਾਰ ਗਏ ਸੀ। 2019 ਵਿਚ ਮੁਹੱਮਦ ਸਦੀਕ ਫਰੀਦਕੋਟ ਲੋਕਸਭਾ ਤੋਂ ਚੋਣ ਲੜਕੇ ਸੰਸਦ ਮੈਂਬਰ ਬਣ ਗਏ ਤਾਂ ਜੈਤੋ ਹਲਕੇ ਦੀ ਮੁੱਖ ਕਮਾਨ ਲਵਲੀ ਭੱਟੀ ਕੋਲ ਸੀ। ਹਾਲਾਂਕਿ ਇਨ੍ਹਾਂ ਦੇ ਬਰਾਬਰ ਮੁਹੰਮਦ ਸਦੀਕ ਦੀ ਬੇਟੀ ਬੀਬੀ ਜਾਵੇਦ ਅਖਤਰ ਵੀ ਟਿਕਟ ਦੀ ਦਾਅਵੇਦਾਰ ਸੀ। ਪਰ ਟਿਕਟ ਦਰਸ਼ਨ ਸਿੰਘ ਢਿਲਵਾਂ ਨੂੰ ਮਿਲ ਗਈ। ਬਲਵਿੰਦਰ ਸਿੰਘ ਲਵਲੀ ਭੱਟੀ ਭੀ ਇਸਦੇ ਚਲਦੇ ਨਿਰਾਸ਼ ਸਨ।
ਸੂਤਰਾਂ ਤੋਂ ਇਹ ਵੀ ਪੱਤਾ ਲੱਗਿਆ ਹੈ ਕਿ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਖੁਦ ਇਨ੍ਹਾਂ ਤਿੰਨਾਂ ਆਗੂਆਂ ਸਮੇਤ ਕੁਝ ਹੋਰ ਆਗੂਆਂ ਨਾਲ ਸੰਪਰਕ ਕੀਤਾ ਗਿਆ ਅਤੇ ਪੂਰਾ ਮਾਨ ਸੰਨਮਾਨ ਦੇਣ ਦਾ ਭਰੋਸਾ ਦਿੱਤਾ ਗਿਆ। ਜਿਸਦੇ ਚਲਦੇ ਤਿੰਨ ਦਿਨਾਂ ਵਿੱਚ ਦਰਜਨ ਤੋਂ ਵੱਧ ਕਾਂਗਰਸੀ ਅਤੇ ਆਪ ਆਗੂਆਂ ਦੇ ਨਾਲ ਨਾਲ ਕਈ ਪੰਚ ਸਰਪੰਚ ਅਤੇ ਹੋਰ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ।