ਅਕਾਲੀ ਦਲ ਨੇ ਕੋਟਕਪੂਰਾ ਦੀ ਸਿਆਸਤ ਵਿਚ ਕੀਤਾ ਇਕ ਹੋਰ ਵੱਡਾ ਧਮਾਕਾ, ਪੜ੍ਹੋ ਕੀ ?
- ਸੁਖਬੀਰ ਸਿੰਘ ਬਾਦਲ ਵਲੋਂ ਮੱਖਣ ਸਿੰਘ ਨੰਗਲ , ਗੁਰਬੀਰ ਸਿੰਘ ਸੰਧੂ, ਅਵਤਾਰ ਸਿੰਘ ਸਹੋਤਾ ਸਮੇਤ ਦੋ ਦਰਜਨ ਤੋਂ ਵੱਧ ਆਗੂਆਂ ਨੂੰ ਸ੍ਰੋਮਣੀ ਅਕਾਲੀ ਦਲ ਸ਼ਾਮਿਲ ਕਰਕੇ ਕੋਟਕਪੂਰਾ ਦੀ ਸਿਆਸਤ ਵਿਚ ਕੀਤਾ ਇਕ ਹੋਰ ਵੱਡਾ ਧਮਾਕਾ
- ਜ਼ਿਲ੍ਹਾ ਫਰੀਦਕੋਟ ਵਿਚ ਬੀਜੇਪੀ , ਪੀਐਲਸੀ ਅਤੇ ਅਕਾਲੀ ਦਲ ਸੰਯੁਕਤ ਦਾ ਗਠਜੋੜ ਹੋਇਆ ਕਤਰਾ ਕਤਰਾ
ਦੀਪਕ ਗਰਗ
ਕੋਟਕਪੂਰਾ 5 ਫਰਵਰੀ 2022 - ਸੁਖਬੀਰ ਸਿੰਘ ਬਾਦਲ ਅੱਜ ਕੋਟਕਪੂਰਾ ਵਿਖੇ ਸ਼੍ਰੋਮਣੀ ਅਕਾਲੀ ਦਲ - ਬਸਪਾ ਦੇ ਉਮੀਦਵਾਰ ਮਨਤਾਰ ਸਿੰਘ ਬਰਾੜ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪੁੱਜੇ। ਜਿਥੇ ਉਨ੍ਹਾਂ ਨੇ ਪਹਿਲਾਂ ਤੋਂ ਚਲ ਰਹੀਆਂ ਚਰਚਾਵਾਂ ਮੁਤਾਬਿਕ ਵੱਡਾ ਸਿਆਸੀ ਧਮਾਕਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸਕੱਤਰ ਜਥੇਦਾਰ ਮੱਖਣ ਸਿੰਘ ਨੰਗਲ , ਆਮ ਆਦਮੀ ਪਾਰਟੀ ਐਸ ਸੀ ਵਿੰਗ ਦੇ ਸਾਬਕਾ ਜਿਲਾ ਪ੍ਰਧਾਨ ਅਵਤਾਰ ਸਿੰਘ ਸਹੋਤਾ , ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਗੁਰਬੀਰ ਸਿੰਘ ਸੰਧੂ ਸਮੇਤ ਬਹੁਤ ਸਾਰੇ ਨੌਜਵਾਨ ਅਤੇ ਹੋਰ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕਰ ਲਿਆ।
ਇਹ ਸਾਰੇ ਆਗੂ ਆਮ ਆਦਮੀ ਪਾਰਟੀ, ਅਕਾਲੀ ਦਲ ਸੰਯੁਕਤ ਅਤੇ ਕਾਂਗਰਸ ਨੂੰ ਛੱਡਕੇ ਆਏ ਹਨ। ਇਸ ਤੋਂ ਇਲਾਵਾ ਇਸ ਰੈਲੀ ਮੌਕੇ ਭਾਰਤੀ ਜਨਤਾ ਪਾਰਟੀ ਦੇ ਕੁਝ ਕਾਰਜਕਰਤਾ ਵੀ ਵੇਖਣ ਨੂੰ ਮਿਲੇ ਜੋ ਬੇਸ਼ਕ ਅਧਿਕਾਰਿਤ ਤੌਰ ਤੇ ਅਕਾਲੀ ਦਲ ਵਿਚ ਸ਼ਾਮਿਲ ਤਾਂ ਨਹੀਂ ਹੁੰਦੇ ਦਿਖੇ ਪਰ ਇਹ ਸਾਫ ਹੈ ਕਿ 2022 ਵਿਧਾਨਸਭਾ ਚੋਣਾਂ ਮੌਕੇ ਇਨ੍ਹਾਂ ਦਾ ਸਮਰਥਨ ਅਤੇ ਸਹਿਯੋਗ ਅਕਾਲੀ ਦਲ - ਬਸਪਾ ਦੇ ਉਮੀਦਵਾਰ ਮਨਤਾਰ ਸਿੰਘ ਬਰਾੜ ਨੂੰ ਮਿਲੇਗਾ। ਇਸ ਮੌਕੇ ਸੀਨੀਅਰ ਅਕਾਲੀ ਆਗੂ ਭਾਈ ਰਾਹੂਲ ਸਿੰਘ ਸਿੱਧੂ, ਉਨ੍ਹਾਂ ਦੇ ਪਿਤਾ ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ, ਸੀਨੀਅਰ ਅਕਾਲੀ ਆਗੂ ਰਾਮ ਪ੍ਰਕਾਸ਼ ਚੋਪੜਾ ਅਤੇ ਸੁਖਬੀਰ ਸਿੰਘ ਬਾਦਲ ਦੇ ਓਐਸਡੀ ਸੰਨੀ ਬਰਾੜ ਭੀ ਹਾਜਿਰ ਹੋਏ। ਜਿਸ ਤਰੀਕੇ ਨਾਲ ਧੜਾਧੜ ਵੱਡੇ ਆਗੂ ਹੋਰ ਪਾਰਟੀਆਂ ਛੱਡਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਰਹੇ ਹਨ।
ਉਸ ਨਾਲ ਮਨਤਾਰ ਸਿੰਘ ਬਰਾੜ ਦੀ ਚੋਣ ਮੁਹਿੰਮ ਨੂੰ ਜਬਰਦਸਤ ਹੁੰਗਾਰਾ ਮਿਲਿਆ ਹੈ। ਮਨਤਾਰ ਸਿੰਘ ਬਰਾੜ ਚੋਣ ਪ੍ਰਚਾਰ ਵਿਚ ਪਹਿਲਾਂ ਹੀ ਹੋਰ ਉਮੀਦਵਾਰਾਂ ਨਾਲੋਂ ਅੱਗੇ ਚਲ ਰਹੇ ਹਨ। ਸੂਤਰਾਂ ਤੋਂ ਇਹ ਵੀ ਪੱਤਾ ਲੱਗਿਆ ਹੈ ਕਿ ਟੀਮ ਭਾਈ ਰਾਹੂਲ ਨਾਲ ਜੁੜੇ ਹੋਏ ਕਈ ਹੋਰ ਆਗੂ ਵੀ ਕੁਝ ਤਕਨੀਕੀ ਕਾਰਨਾਂ ਦੇ ਚਲਦੇ ਬਿਨਾਂ ਅਕਾਲੀ ਦਲ ਵਿਚ ਸ਼ਾਮਿਲ ਹੋਏ ਮਨਤਾਰ ਸਿੰਘ ਬਰਾੜ ਨੂੰ ਸਮਰਥਨ ਦੇ ਰਹੇ ਹਨ। ਅਕਾਲੀ ਦਲ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਭਾਈ ਹਰਨਿਰਪਾਲ ਸਿੰਘ ਕੁੱਕੂ ਅਤੇ ਉਨ੍ਹਾਂ ਦੇ ਬੇਟੇ ਭਾਈ ਰਾਹੂਲ ਸਿੰਘ ਸਿੱਧੂ ਨੇ ਕੋਟਕਪੂਰਾ ਵਾਸੀਆਂ ਨੂੰ ਅਪਣੇ ਸੰਬੋਧਨ ਦੌਰਾਨ ਕਿਹਾ ਕਿ ਉਨ੍ਹਾਂ ਨੇ ਅਪਣੇ ਹਲਕਿਆਂ ਕੋਟਕਪੂਰਾ ਅਤੇ ਮੁਕਤਸਰ ਦੇ ਵਿਕਾਸ ਨੂੰ ਮੁੱਖ ਰੱਖ ਕੇ ਹੀ ਸ਼੍ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸੀ ਕੀਤੀ ਹੈ। ਜਿਸ ਬਾਰੇ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਪੁਰਣ ਭਰੋਸਾ ਦਿੱਤਾ ਹੈ। ਉਨ੍ਹਾਂ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਕਿ ਆਉਂਦੇ ਦੋ ਹਫਤਿਆਂ ਵਿੱਚ ਦਿਨ ਰਾਤ ਇਕ ਕਰ ਦਿਓ ਤਾਂ ਜੋ ਅਕਾਲੀ -ਬਸਪਾ ਸਰਕਾਰ ਆਉਣ ਤੇ ਕੋਟਕਪੂਰਾ ਦੇ ਵਿਕਾਸ ਵਿੱਚ ਕੋਈ ਕਮੀ ਨਾ ਰਹਿ ਸਕੇ।
ਸੁਖਬੀਰ ਸਿੰਘ ਬਾਦਲ ਵਲੋਂ ਪਹਿਲਾਂ ਪੀਐਲਸੀ ਦੇ ਜ਼ਿਲਾ ਪ੍ਰਧਾਨ ਸੰਦੀਪ ਸਿੰਘ ਸੰਨੀ ਬਰਾੜ ਅਤੇ ਅੱਜ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸਕੱਤਰ ਜਥੇਦਾਰ ਮੱਖਣ ਸਿੰਘ ਨੰਗਲ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਗੁਰਬੀਰ ਸਿੰਘ ਸੰਧੂ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਕਰਕੇ ਸਾਬਿਤ ਕਰ ਦਿੱਤਾ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ ਵਲੋਂ ਬਣਾਇਆ ਗਿਆ ਨਵਾਂ ਚੁਣਾਵੀ ਗਠਜੋੜ ਉਸਨੂੰ ਰਾਸ ਨਹੀਂ ਆਵੇਗਾ, ਜਿਲਾ ਫਰੀਦਕੋਟ ਵਿੱਚ ਇਹ ਚੋਣਾਂ ਤੋਂ ਪਹਿਲਾਂ ਹੀ ਕਤਰਾ ਕਤਰਾ ਹੋ ਗਿਆ ਹੈ। ਜਦੋਂਕਿ ਆਮ ਆਦਮੀ ਪਾਰਟੀ ਦਾ ਕੋਟਕਪੂਰਾ ਵਿੱਚ ਕੋਈ ਕੌਂਸਲਰ ਤੱਕ ਨਹੀਂ ਹੈ।
ਚੋਣਾਂ ਦੀ ਤਾਰੀਖ ਤੋਂ 2 ਹਫਤੇ ਪਹਿਲਾਂ ਕੋਟਕਪੂਰਾ ਵਿਧਾਨਸਭਾ ਹਲਕੇ ਵਿੱਚ ਜੋ ਸਮੀਕਰਨ ਬਣੇ ਹਨ। ਉਨ੍ਹਾਂ ਤੋਂ ਸਾਫ ਜਾਹਿਰ ਹੈ ਕਿ ਕੋਟਕਪੂਰਾ ਵਿੱਚ ਹੁਣ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ - ਬਸਪਾ ਦੇ ਉਮੀਦਵਾਰ ਮਨਤਾਰ ਸਿੰਘ ਬਰਾੜ ਅਤੇ ਕਾਂਗਰਸ ਉਮੀਦਵਾਰ ਸਰਦਾਰ ਅਜੈਪਾਲ ਸੰਧੂ ਵਿਚਕਾਰ ਹੋਵੇਗਾ।
ਮਨਤਾਰ ਸਿੰਘ ਬਰਾੜ ਨੂੰ ਪੁਰਾਣਾ ਅਤੇ ਅਨੁਭਵੀ ਚਿਹਰਾ ਹੋਣ ਦਾ ਲਾਭ ਮਿਲ ਰਿਹਾ ਹੈ। ਉਥੇ ਹੀ ਅਜੈਪਾਲ ਸਿੰਘ ਸੰਧੂ ਨੂੰ ਨਵਾਂ ਚਿਹਰਾ ਹੋਣ ਦਾ ਲਾਭ ਮਿਲ ਰਿਹਾ ਹੈ।