ਚੋਣ ਲੜ ਰਹੇ ਉਮੀਦਵਾਰਾਂ ਦੇ ਚੋਣ ਖ਼ਰਚੇ ਲਈ ਵੱਖਰੇ ਬੈਂਕ ਖਾਤੇ
ਜੀ ਐਸ ਪੰਨੂ
ਪਟਿਆਲਾ, 07 ਫਰਵਰੀ, 2022: ਵਿਧਾਨ ਸਭਾ ਚੋਣਾਂ ਲਈ ਪਟਿਆਲਾ ਜ਼ਿਲ੍ਹੇ ਦੇ 8 ਵਿਧਾਨ ਸਭਾ ਹਲਕਿਆਂ 'ਚ ਤਾਇਨਾਤ ਖ਼ਰਚਾ ਆਬਜ਼ਰਵਰਾਂ ਨੇ ਜ਼ਿਲ੍ਹੇ ਅੰਦਰਲੀਆਂ ਸਮੂਹ ਬੈਂਕਾਂ ਨੂੰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਿਸੇ ਖਾਤੇ 'ਚੋਂ ਇੱਕ ਲੱਖ ਰੁਪਏ ਜਾਂ ਇਸ ਤੋਂ ਵੱਧ ਦੀ ਨਕਦੀ ਕਢਵਾਉਣ ਅਤੇ ਜਮ੍ਹਾਂ ਕਰਵਾਉਣ ਦੀ ਸ਼ੱਕੀ ਜਾਂ ਅਸਧਾਰਨ ਕਾਰਵਾਈ ਦਾ ਪੂਰਾ ਵੇਰਵਾ ਰੱਖਣ ਅਤੇ ਇਸ ਸਬੰਧੀ ਰੋਜ਼ਾਨਾ ਰਿਪੋਰਟ ਦੇਣ ਦੀਆਂ ਹਦਾਇਤਾਂ ਜਾਰੀ ਕੀਤੀਆਂ।
ਖ਼ਰਚਾ ਆਬਜ਼ਰਵਰਾਂ, ਸ੍ਰੀਮਤੀ ਪ੍ਰਿੰਸੀ ਸਿੰਗਲਾ, ਸ੍ਰੀ ਗੌਰੀ ਸ਼ੰਕਰ ਅਤੇ ਸ੍ਰੀ ਅਵਨੀਸ਼ ਕੁਮਾਰ ਯਾਦਵ ਨੇ ਖ਼ਰਚੇ ਸਬੰਧੀ ਨੋਡਲ ਅਫ਼ਸਰ ਈਸ਼ਾ ਸਿੰਘਲ, ਆਬਕਾਰੀ ਤੇ ਕਰ ਵਿਭਾਗ ਦੇ ਸਹਾਇਕ ਕਮਿਸ਼ਨਰ ਇੰਦਰਜੀਤ ਸਿੰਘ ਨਾਗਪਾਲ, ਐਲ.ਡੀ.ਐਮ. ਡੀ.ਐਸ. ਅਨੰਦ, ਆਮਦਨ ਕਰ ਵਿਭਾਗ ਦੇ ਨੋਡਲ ਅਫ਼ਸਰ, ਜ਼ੋਨਲ ਡਰੱਗ ਲਾਇਸੈਂਸਿੰਗ ਅਥਾਰਟੀ ਡਾ. ਨਵਜੋਤ ਕੌਰ, ਐਨ.ਸੀ.ਬੀ. ਦੇ ਨੋਡਲ ਅਫ਼ਸਰ ਐਸ.ਕੇ. ਆਚਾਰਿਆ ਸਮੇਤ ਜ਼ਿਲ੍ਹੇ ਦੀਆਂ ਸਮੂਹ ਬੈਂਕ ਦੇ ਨੁਮਾਇੰਦਿਆਂ, ਨਾਲ ਕੀਤੀ ਮੀਟੰਗ 'ਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ।
ਸ੍ਰੀਮਤੀ ਪ੍ਰਿੰਸੀ ਸਿੰਗਲਾ ਨੇ ਦੱਸਿਆ ਕਿ ਚੋਣ ਲੜ੍ਹ ਰਹੇ ਹਰ ਉਮੀਦਵਾਰ ਦਾ ਚੋਣ ਖ਼ਰਚੇ ਸਬੰਧੀ ਇੱਕ ਵੱਖਰਾ ਖਾਤਾ ਖੁੱਲ੍ਹਵਾਉਣਾ ਲਾਜ਼ਮੀ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਨੇ ਉਮੀਦਵਾਰਾਂ ਨੂੰ ਚੋਣ 'ਤੇ 40 ਲੱਖ ਰੁਪਏ ਦਾ ਖ਼ਰਚਾ ਕਰਨਾ ਮਿੱਥਿਆ ਹੈ, ਇਸ ਲਈ ਉਸਨੂੰ ਆਪਣੇ ਰੋਜ਼ਾਨਾ ਦੇ ਚੋਣ ਖ਼ਰਚੇ ਦਾ ਪੂਰਾ ਹਿਸਾਬ ਕਿਤਾਬ ਰੱਖਣਾ ਪਵੇਗਾ, ਕਿਉਂਕਿ ਵੱਖ-ਵੱਖ ਟੀਮਾਂ ਵੱਲੋਂ ਉਮੀਦਵਾਰਾਂ ਦੇ ਖ਼ਰਚੇ ਸਬੰਧੀ ਉਸਦੇ ਇੱਕ ਪਰਛਾਵਾਂ ਪ੍ਰੇਖਣ ਰਜਿਸਟਰ 'ਚ ਦਰਜ ਕੀਤਾ ਜਾ ਰਿਹਾ ਹੈ। ਬੈਂਕਾਂ ਨੂੰ ਨਿਰਦੇਸ਼ ਦਿੰਦਿਆਂ ਉਨ੍ਹਾਂ ਕਿਹਾ ਕਿ ਉਮੀਦਵਾਰਾਂ ਜਾਂ ਪਰਿਵਾਰਕ ਮੈਂਬਰਾਂ ਦੇ ਬੈਂਕ ਖਾਤੇ ਤੋਂ 1 ਲੱਖ ਰੁਪਏ ਤੋਂ ਵੱਧ ਦੀ ਨਕਦੀ ਜਮਾਂ ਜਾਂ ਕੱਢਵਾਈ ਹੋਵੇ, ਬਾਰੇ ਵੀ ਜਾਣਕਾਰੀ ਦਿੱਤੀ ਜਾਵੇੇ।
ਉਨ੍ਹਾਂ ਕਿਹਾ ਕਿ ਜਿਸ ਖਾਤੇ 'ਚ ਪਿਛਲੇ ਦੋ ਮਹੀਨਿਆਂ ਦੌਰਾਨ ਕੋਈ ਲੈਣ-ਦੇਣ ਨਾ ਹੋਇਆ ਹੋਵੇ ਪਰੰਤੂ ਹੁਣ ਉਸ ਖਾਤੇ 'ਚੋਂ 1 ਲੱਖ ਰੁਪਏ ਜਾਂ ਵੱਡੀ ਰਾਸ਼ੀ ਦਾ ਲੈਣ-ਦੇਣ ਤੁਰੰਤ ਰਿਪੋਰਟ ਕੀਤਾ ਜਾਵੇ। ਕਿਸੇ ਵੀ ਰਾਜਸੀ ਪਾਰਟੀ ਜਾਂ ਉਮੀਦਵਾਰ ਦੇ ਖਾਤੇ 'ਚ ਕਿਸੇ ਵੀ ਕਿਸਮ ਦੀ ਵੱਡੀ ਰਾਸ਼ੀ ਸ਼ੱਕੀ ਤੌਰ 'ਤੇ ਜਮ੍ਹਾ ਕਰਵਾਈ ਜਾਂ ਕਢਵਾਈ ਜਾਂਦੀ ਹੈ ਇਸ ਦੀ ਰਿਪੋਰਟ ਵੀ ਤੁਰੰਤ ਦਿੱਤੀ ਜਾਵੇ ਅਤੇ ਲੋੜੀਂਦੀ ਕਾਰਵਾਈ ਕਰਨੀ ਯਕੀਨੀ ਬਣਾਈ ਜਾਵੇ।
10 ਲੱਖ ਰੁਪਏ ਤੱਕ ਦੀ ਨਕਦੀ ਦੀ ਜਾਣਕਾਰੀ ਵੀ ਤੁਰੰਤ ਦਫ਼ਤਰ, ਜ਼ਿਲ੍ਹਾ ਚੋਣ ਅਫ਼ਸਰ ਤੇ ਆਮਦਨ ਕਰ ਵਿਭਾਗ ਦੇ ਨੋਡਲ ਅਫ਼ਸਰ ਨੂੰ ਦਿੱਤੀ ਜਾਵੇ। ਉਨ੍ਹਾਂ ਹੋਰ ਕਿਹਾ ਕਿ ਨਕਦੀ ਵੈਨਾਂ ਅਤੇ ਏ.ਟੀ.ਐਮਜ 'ਚ ਪੈਸੇ ਪਾਉਣ ਲਈ ਲਿਜਾਈ ਜਾ ਰਹੀ ਨਕਦ ਰਾਸ਼ੀ ਸਬੰਧੀ ਪੂਰੇ ਦਸਤਾਵੇਜ਼ ਤੇ ਸੁਰੱਖਿਆ ਦੇ ਇੰਤਜ਼ਾਮ ਬੈਂਕਾਂ ਦੀਆਂ ਅਤੇ ਹੋਰਨਿਜੀ ਕੰਪਨੀਆਂ ਦੀਆਂ ਗੱਡੀਆਂ 'ਚ ਹੋਣੇ ਵੀ ਯਕੀਨੀ ਬਣਾਏ ਜਾਣ। ਚੋਣਾਂ ਦੌਰਾਨ ਇੱਕ ਬੈਂਕ ਖਾਤੇ ਤੋਂ ਆਰ.ਟੀ.ਜੀ.ਐਸ. ਦੁਆਰਾ ਇੱਕ ਜ਼ਿਲ੍ਹੇ/ਹਲਕੇ ਵਿੱਚ ਕਈ ਵਿਅਕਤੀਆਂ ਦੇ ਖਾਤਿਆਂ 'ਚ ਅਸਾਧਾਰਨ ਰਕਮ ਪਾਏ ਜਾਣ ਦੀ ਰਿਪੋਰਟ ਦਿੱਤੀ ਜਾਵੇ।
ਖ਼ਰਚਾ ਆਬਜ਼ਰਵਰਾਂ ਨੇ ਕਿਹਾ ਕਿ ਲੋਕ ਪ੍ਰਤੀਨਿੱਧਤਾ ਕਾਨੂੰਨ 1951 ਦੇ ਸੈਕਸ਼ਨ 77(1) ਮੁਤਾਬਕ ਹਰ ਉਮੀਦਵਾਰ ਨਾਮਜ਼ਦਗੀ ਦੀ ਤਰੀਕ ਤੋਂ ਲੈਕੇ ਵੋਟਾਂ ਦੇ ਨਤੀਜੇ ਦੇ ਐਲਾਨ ਤੱਕ ਆਪਣੇ ਚੋਣ ਖ਼ਰਚੇ ਦਾ ਹਿਸਾਬ ਕਿਤਾਬ ਰੱਖੇਗਾ ਅਤੇ ਲੇਖਾ ਰੱਖਣ ਦੀ ਅਸਫ਼ਲਤਾ ਭਾਰਤੀ ਦੰਡ ਸੰਹਿਤਾ (ਆਈ.ਪੀ.ਸੀ.) ਦੇ ਸੈਕਸ਼ਨ 171-1 ਅਧੀਨ ਚੋਣ ਜ਼ੁਰਮ ਹੈ ਅਤੇ ਖ਼ਰਚਾ ਤੈਅ ਸੀਮਾ ਤੋਂ ਉਪਰ ਖ਼ਰਚ ਕਰਨਾ ਵੀ ਆਰ.ਪੀ. ਐਕਟ ਦੇ ਸੈਕਸ਼ਨ 123 (6) ਦੇ ਪ੍ਰਸੰਗ 'ਚ ਭ੍ਰਿਸ਼ਟ ਕਾਰਵਾਈ ਹੈ।
ਆਬਜ਼ਰਵਰਾਂ ਨੇ ਕਿਹਾ ਕਿ ਕਿਸੇ ਵੀ ਵੋਟਰ ਨੂੰ ਡਰਾਉਣ, ਧਮਕਾਉਣ, ਕਿਸੇ ਵੀ ਤਰ੍ਹਾਂ ਦਾ ਲਾਲਚ, ਕਿਸੇ ਨਸ਼ੇ, ਧੰਨ ਰਾਸ਼ੀ ਜਾਂ ਤੋਹਫ਼ੇ ਦੇ ਰੂਪ 'ਚ ਕੋਈ ਵਸਤੂ ਦੇਣ ਜਾਂ ਗ਼ੈਰ ਕਾਨੂੰਨੀ ਖਰਚਾ ਕਰਨ ਆਦਿ ਦੀ ਕਾਰਵਾਈ 'ਤੇ ਵੀ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਇਸ ਲਈ ਬੈਂਕਾਂ 'ਚੋਂ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਤੌਰ 'ਤੇ ਨਕਦੀ ਕਢਵਾਉਣ ਅਤੇ ਜਮ੍ਹਾਂ ਕਰਵਾਉਣ 'ਤੇ ਨਿਗ੍ਹਾ ਰੱਖਣ ਲਈ ਬੈਂਕ ਆਪਣੀ ਜੁੰਮੇਵਾਰੀ ਨਿਭਾਉਣ। ਮੀਟਿੰਗ 'ਚ ਬੈਂਕਾਂ ਦੇ ਅਧਿਕਾਰੀਆਂ ਨੇ ਵਿਸ਼ਵਾਸ਼ ਦੁਆਇਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾਂ ਇੰਨ-ਬਿੰਨ ਕਰਨੀ ਯਕੀਨੀ ਬਣਾਈ ਜਾਵੇਗੀ।