ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 07 ਫਰਵਰੀ, 2022: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਸਥਾਨਕ ਬਰਨਾਲਾ ਸੰਗਰੂਰ ਚੌਕ ਵਿਖੇ ਪੰਜਾਬ ਸਰਕਾਰ ਵੱਲੋਂ ਵਿਦਿਅਕ ਸੰਸਥਾਵਾਂ ਬੰਦ ਕਰਨ ਦੇ ਵਿਰੋਧ ਵਿੱਚ ਰੋਸ ਧਰਨਾ ਦਿੱਤਾ ਗਿਆ। ਇਸ ਦੌਰਾਨ ਮੋਰਚੇ ਦੇ ਆਗੂਆਂ ਨੇ ਕਿਹਾ ਕਿ 6ਵੀਂ ਕਲਾਸ ਤੋਂ ਸਕੂਲ ਖੋਲ੍ਹੇ ਗਏ ਹਨ, ਪਹਿਲੀ ਤੋਂ ਪੰਜਵੀਂ ਤੱਕ ਸਕੂਲ ਨਹੀਂ ਖੋਲੇ ਗਏ। ਉਨ੍ਹਾਂ ਕਿਹਾ ਕਿ ਸਕੂਲ ਸਾਰੀਆਂ ਕਲਾਸਾਂ ਦੇ ਖੋਲ੍ਹਣੇ ਬਣਦੇ ਸਨ।
ਇਸ ਮੌਕੇ ਰੋਹੀ ਸਿੰਘ ਮੰਗਵਾਲ ਜ਼ਿਲ੍ਹਾ ਆਗੂ ਬੀਕੇਯੂ ਰਾਜੇਵਾਲ, ਜਰਨੈਲ ਸਿੰਘ ਜਹਾਂਗੀਰ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ, ਮੇਜਰ ਸਿੰਘ ਪੁੰਨਾਵਾਲ ਸੂਬਾ ਸਕੱਤਰ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਆਦਿ ਨੇ ਸੰਬੋਧਨ ਕਰਦਿਆਂ ਨੇ ਆਖਿਆ ਕਿ ਭਾਵੇਂ ਸੰਘਰਸ਼ ਦੇ ਦਬਾਅ ਅਧੀਨ ਸਰਕਾਰ ਨੇ ਚੱਕਾ ਜਾਮ ਤੋਂ ਇੱਕ ਦਿਨ ਪਹਿਲਾਂ ਹੀ ਪ੍ਰਾਇਮਰੀ ਸਕੂਲਾਂ ਤੋਂ ਇਲਾਵਾ ਬਾਕੀ ਸਾਰੀਆਂ ਵਿੱਦਿਅਕ ਸੰਸਥਾਵਾਂ ਖੋਲਣ ਦਾ ਐਲਾਨ ਕਰ ਦਿੱਤਾ ਸੀ, ਪਰ ਪ੍ਰਾਇਮਰੀ ਅਤੇ ਪ੍ਰੀ-ਪ੍ਰਾਇਮਰੀ ਜਮਾਤਾਂ ਲਈ ਵੀ ਸਕੂਲ ਖੁਲਾਵਾਉਣ ਅਤੇ ਬਾਕੀ ਮੰਗਾਂ ਦਾ ਕੋਈ ਹੱਲ ਨਾ ਕੀਤੇ ਜਾਣ ਦੇ ਰੋਸ ਵਿੱਚ ਅੱਜ ਉਹਨਾਂ ਨੂੰ ਇਹ ਚੱਕਾ ਜਾਮ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਫ਼ਸਲਾਂ ਦਾ ਮੀਂਹ ਕਾਰਨ ਬਹੁਤ ਨੁਕਸਾਨ ਹੋ ਗਿਆ ਹੈ ਪਰ ਪੰਜਾਬ ਸਰਕਾਰ ਨੇ ਅਜੇ ਤੱਕ ਗਿਰਦਾਵਰੀ ਬਗੈਰਾ ਨਹੀਂ ਕਰਵਾਈ। ਇਸ ਤੋਂ ਸਾਫ਼ ਹੈ ਕਿ ਸਰਕਾਰ ਲੋਕਾਂ ਦੀ ਨਹੀਂ ਸਗੋਂ ਆਪਣੀਆਂ ਵੋਟਾਂ ਪ੍ਰਾਪਤ ਕਰਨ ਵਿੱਚ ਰੁਝੀ ਹੋਈ ਹੈ। ਇਸ ਕਰਕੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਉਹ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਵੇ। ਜੇਕਰ ਸਰਕਾਰ ਨੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਨਾ ਕੀਤੀਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਕਿਸਾਨ ਆਗੂਆਂ ਨੇ ਪੰਜਾਬ ਦੇ ਰਾਜਪਾਲ ਤੋਂ ਮੰਗ ਕੀਤੀ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਵੱਲੋਂ ਕੀਤੇ ਐਲਾਨ ਲਾਗੂ ਕਰਵਾਉਣ ਅਤੇ ਖਰਾਬ ਮੌਸਮ ਕਾਰਨ ਨੁਕਸਾਨੀਆਂ ਗਈਆਂ ਫਸਲਾਂ ਦੀ ਗਿਰਦਾਵਰੀ ਦਾ ਕੰਮ ਫੌਰੀ ਤੌਰ ਤੇ ਮੁਕੰਮਲ ਕਰਵਾਇਆ ਜਾਵੇ। ਮੰਗਾਂ ਦਾ ਵਾਜਿਬ ਹੱਲ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਜਾਵੇਗਾ।
ਇਸ ਮੌਕੇ ਸਟੇਜ ਦੀ ਭੂਮਿਕਾ ਸੁਖਦੇਵ ਸਿੰਘ ਉਭਾਵਾਲ ਵੱਲੋਂ ਨਿਭਾਈ ਗਈ।