ਚੋਣ ਕਮਿਸ਼ਨ ਦੇ ਆਬਜ਼ਰਵਰ ਦੀ ਨਿਗਰਾਨੀ ਤੇ ਸਿਆਸੀ ਪਾਰਟੀਆਂ ਦੇ ਪ੍ਰਤੀਨਿਧਾਂ ਦੀ ਮੌਜੂਦਗੀ 'ਚ ਇਲੈੱਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਹੋਈ ਰੈਂਡੇਮਾਈਜ਼ੇਸ਼ਨ
ਚੋਣਾਂ ਬਿਨਾਂ ਕਿਸੇ ਡਰ ਭੈਅ ਦੇ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਕਰਵਾਈਆਂ ਜਾਣਗੀਆਂ: ਮਾਧਵੀ ਕਟਾਰੀਆ
ਮੁਹੰਮਦ ਇਸਮਾਈਲ ਏਸ਼ੀਆ /ਹਰਮਿੰਦਰ ਸਿੰਘ ਭੱਟ
ਮਾਲੇਰਕੋਟਲਾ, 8 ਫਰਵਰੀ 2022 :
ਜ਼ਿਲ੍ਹਾ ਮਾਲੇਰਕੋਟਲਾ 'ਚ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਅੱਜ ਇਲੈੱਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਵਿਧਾਨ ਸਭਾ ਹਲਕਿਆਂ ਅਨੁਸਾਰ ਦੂਜੀ ਰੈਂਡੇਮਾਈਜੇਸ਼ਨ ਭਾਰਤ ਚੋਣ ਕਮਿਸ਼ਨ ਦੇ ਈ.ਵੀ.ਐਮ.ਮੈਨੇਜਮੈਂਟ ਸਿਸਟਮ ਸਾਫ਼ਟਵੇਅਰ ਰਾਹੀਂ ਜਨਰਲ ਆਬਜ਼ਰਵਰ ਜੈ ਸਿੰਘ ਆਈ.ਏ.ਐਸ ਦੀ ਨਿਗਰਾਨੀ ਹੇਠ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਹੋਈ । ਇਸ ਮੌਕੇ ਸ੍ਰੀ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਮਲੇਰਕੋਟਲਾ ਮਾਧਵੀ ਕਟਾਰੀਆ ,ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਕੌਰ,ਪੁਲਿਸ ਆਬਜ਼ਰਵਰ ਮਾਨਿਵਾਨਨ ਨੇਡਮਾਰਨ , ਖਰਚਾ ਆਬਜ਼ਰਵਰ ਉਮੇਸ਼ ਚੰਦਰਕਾਂਤ ਫਾਡੇ, , ਰਿਟਰਨਿੰਗ ਅਫ਼ਸਰਾਂ ਵਿਧਾਨ ਸਭਾ ਹਲਕਾ -105 ਜਸਬੀਰ ਸਿੰਘ, ਰਿਟਰਨਿੰਗ ਅਫ਼ਸਰਾਂ ਵਿਧਾਨ ਸਭਾ ਹਲਕਾ -106 ਹਰਬੰਸ ਸਿੰਘ ਮੌਜੂਦ ਸਨ ।
ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਮਲੇਰਕੋਟਲਾ ਮਾਧਵੀ ਕਟਾਰੀਆ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 105 ਮਲੇਰਕੋਟਲਾ ਅਤੇ ਵਿਧਾਨ ਸਭਾ ਹਲਕਾ 106 ਮਲੇਰਕੋਟਲਾ ਵਿਖੇ 400 ਚੋਣ ਬੂਥ ਅਤੇ ਇੱਕ ਆਗਜ਼ੀਲੇਰੀ ਬੂਥ ਬਣਾਏ ਗਏ ਹਨ, ਜਿਨ੍ਹਾਂ 'ਤੇ ਇਲੈੱਕਟ੍ਰਾਨਿਕ ਵੋਟਿੰਗ ਮਸ਼ੀਨ ਦੇ ਨਾਲ-ਨਾਲ ਵੀਵੀਪੈਟ ਵੀ ਜੋੜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਰੈਂਡੇਮਾਈਜ਼ੇਸ਼ਨ ਵਿੱਚ ਪੋਲਿੰਗ ਬੂਥਾਂ ਦੀ ਗਿਣਤੀ ਦੇ ਬਰਾਬਰ ਈ.ਵੀ.ਐਮਜ਼ ਤੇ ਵੀਵੀਪੈਟ ਤੋਂ ਇਲਾਵਾ 20 ਫ਼ੀਸਦੀ ਸੀ.ਯੂ, 20 ਫ਼ੀਸਦੀ ਬੀ.ਯੂ., 30 ਫ਼ੀਸਦੀ ਵੀਵੀਪੈਟ ਹੋਰ ਰਾਖਵੇਂ ਕੀਤੇ ਗਏ ਹਨ ਜੋ ਕਿ ਕਿਸੇ ਯੂਨਿਟ ਦੇ ਖ਼ਰਾਬ ਹੋਣ ਦੀ ਸੂਰਤ ਵਿੱਚ ਵਰਤੇ ਜਾ ਸਕਣਗੇ। ਉਨ੍ਹਾਂ ਭਰੋਸਾ ਦਿਵਾਇਆ ਕਿ ਚੋਣਾਂ ਬਿਨਾਂ ਕਿਸੇ ਡਰ ਭੈਅ ਦੇ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਕਰਵਾਈਆਂ ਜਾਣਗੀਆਂ। ਜ਼ਿਲ੍ਹਾ ਮਾਲੇਰਕੋਟਲਾ ਵਿੱਚ ਕੁੱਲ 27 ਉਮੀਦਵਾਰ ਮੈਦਾਨ ਵਿੱਚ ਹਨ । ਵਿਧਾਨ ਸਭਾ ਹਲਕਾ-105 ਮਲੇਰਕੋਟਲਾ ਵਿਖੇ 15 ਅਤੇ ਵਿਧਾਨ ਸਭਾ ਹਲਕਾ-106 ਅਮਰਗੜ੍ਹ ਵਿਖੇ 12 ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਈ.ਵੀ.ਐਮਜ਼/ਵੀ.ਵੀ.ਪੈਟਜ਼ ਦੀ ਰੈਂਡੇਮਾਈਜੇਸ਼ਨ ਉਪਰੰਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਮਸ਼ੀਨਾਂ ਦੀ ਸੂਚੀ ਦੀਆਂ ਲਿਸਟਾਂ ਮੁਹੱਈਆ ਕਰਵਾਈਆਂ ਗਈਆ । ਇਸ ਮੌਕੇ ਮੌਜੂਦ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਜ਼ਿਲ੍ਹਾ ਪ੍ਰਸਾਸ਼ਨ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।