ਪ੍ਰਧਾਨ ਮੰਤਰੀ ਮੋਦੀ ਨੇ ਗੁਰੂਆਂ ਦੀਆਂ ਸੇਵਾ ਅਤੇ ਬਲੀਦਾਨ ਦੀਆਂ ਸਿੱਖਿਆਵਾਂ ਤੇ ਚੱਲਣ ਦਾ ਸੱਦਾ ਦਿੱਤਾ
- ਪੰਜਾਬ ਦੇ ਮਾਣ ਨੂੰ ਮੁੜ ਕਾਇਮ ਕਰ ਲਈ ਐੱਨਡੀਏ ਲਈ ਸਮਰਥਨ ਮੰਗਿਆ; ਪਹਿਲੀ ਵਰਚੂਅਲ ਰੈਲੀ ਨੂੰ ਕੀਤਾ ਸੰਬੋਧਨ
ਚੰਡੀਗੜ੍ਹ, 8 ਫਰਵਰੀ 2022 - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਖੋਹ ਚੁੱਕੇ ਮਾਣ ਨੂੰ ਮੁੜ ਕਾਇਮ ਕਰਨ ਲਈ ਪੰਜਾਬੀਆਂ ਨੂੰ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਐੱਨਡੀਏ ਗੱਠਜੋੜ ਨੂੰ ਵੋਟ ਅਤੇ ਸਮਰਥਨ ਦੇਣ ਦੀ ਅਪੀਲ ਕੀਤੀ ਹੈ ਅਤੇ ਸੂਬੇ ਅੰਦਰ ਡਬਲ ਇੰਜਣ ਦੀ ਸਰਕਾਰ ਲਿਆਉਣ ਦੀ ਲੋੜ ਉੱਪਰ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਹਰ ਪੰਜਾਬੀ ਦੀ ਭਲਾਈ ਵਾਸਤੇ ਗੁਰੂਆਂ ਦੀਆਂ ਸੇਵਾ ਅਤੇ ਬਲਿਦਾਨ ਦੀਆਂ ਸਿੱਖਿਆਵਾਂ ਉਪਰ ਚੱਲਣ ਦਾ ਸੱਦਾ ਦਿੱਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਐੱਨਡੀਏ ਕੋਲ ਪੰਜਾਬ ਦੀ ਤਰੱਕੀ ਵਾਸਤੇ ਵਿਸ਼ੇਸ਼ ਸੋਚ ਹੈ ਅਤੇ ਉਨ੍ਹਾਂ ਨੇ ਸੂਬੇ ਦੇ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ "ਸਬਕਾ ਸਾਥ, ਸਬਕਾ ਵਿਕਾਸ" ਲਈ ਗੱਠਜੋੜ ਨੂੰ ਵੋਟ ਦੇ ਕੇ ਇਸ ਤਰੱਕੀ ਦਾ ਹਿੱਸਾ ਬਣਨ ਲਈ ਕਿਹਾ।
ਦੋ ਪਾਰਲੀਮਾਨੀ ਹਲਕਿਆਂ ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਲਈ ਪਹਿਲੀ ਵਰਚੁਅਲ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਪੰਜਾਬੀ ਵਿੱਚ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਖੁਦ ਨੂੰ ਖੁਸ਼ਨਸੀਬ ਸਮਝਦੇ ਹਨ ਕਿ ਉਨ੍ਹਾਂ ਨੂੰ ਦੋਵੇਂ ਛੋਟੇ ਸਾਹਿਬਜ਼ਾਦਿਆਂ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਦੀ ਮਹਾਨ ਸ਼ਹਾਦਤ ਨੂੰ ਸਨਮਾਨ ਦੇਣ ਦਾ ਮੌਕਾ ਮਿਲਿਆ। ਪ੍ਰਧਾਨ ਮੰਤਰੀ ਨੇ ਪਿਛਲੇ ਮਹੀਨੇ ਉਨ੍ਹਾਂ ਦੇ ਸ਼ਹੀਦੀ ਦਿਹਾਡ਼ੇ 26 ਦਸੰਬਰ ਨੂੰ ਵੀਰ ਬਾਲ ਦਿਵਸ ਐਲਾਨਿਆ ਸੀ, ਜਿਹੜਾ ਹਰ ਸਾਲ ਦੇਸ਼ ਭਰ ਵਿੱਚ ਮਨਾਇਆ ਜਾਵੇਗਾ।
ਪ੍ਰਧਾਨ ਮੰਤਰੀ, ਕਾਂਗਰਸ ਤੇ ਸਿੱਖ ਵਿਰੋਧੀ ਹੋਣ ਲਈ ਵਰ੍ਹੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ 1984 ਵਿਚ ਸਿੱਖਾਂ ਦੇ ਕਤਲੇਆਮ ਲਈ ਜ਼ਿੰਮੇਵਾਰ ਹੈ, ਜਦਕਿ ਭਾਜਪਾ ਨੇ ਇਸਦੇ ਗੁਨਾਹਗਾਰਾਂ ਨੂੰ ਸਜ਼ਾ ਦਿਵਾਈ। ਉਨ੍ਹਾਂ ਨੇ ਕਾਂਗਰਸ ਉੱਪਰ ਪੰਜਾਬ ਨੂੰ ਅੱਤਵਾਦ ਵਿਚ ਧਕੇਲਣ ਦਾ ਦੋਸ਼ ਲਾਇਆ।
ਉਨ੍ਹਾਂ ਨੇ ਪੰਜਾਬੀਆਂ ਦੀ ਹਿੰਮਤ, ਕਾਬਲੀਅਤ ਅਤੇ ਉਦਯੋਗਿਕ ਗੁਣਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਦੋਂ ਤੱਕ ਪੰਜਾਬ ਮਜ਼ਬੂਤ ਹੈ, ਭਾਰਤ ਮਜ਼ਬੂਤ ਹੈ ਅਤੇ ਐੱਨਡੀਏ ਸਰਕਾਰ ਪੁਖਤਾ ਕਰੇਗੀ ਕਿ ਪੰਜਾਬ ਹਮੇਸ਼ਾ ਮਜ਼ਬੂਤ ਰਵੇ ਅਤੇ ਸਾਰੇ ਖੇਤਰਾਂ ਵਿਚ ਅਗਾਂਹ ਰਹੇ। ਉਨ੍ਹਾਂ ਨੇ ਸਾਰੇ ਦੇਸ਼ ਦਾ ਪੇਟ ਭਰਨ ਵਾਲੇ ਪੰਜਾਬੀ ਕਿਸਾਨਾਂ ਲਈ ਵੀ ਸ਼ਲਾਘਾ ਦੇ ਸ਼ਬਦ ਕਹੇ।
ਉਨ੍ਹਾਂ ਨੇ ਕਿਹਾ ਕਿ ਉਹ ਮਾਣ ਮਹਿਸੂਸ ਕਰਦੇ ਹਨ ਕਿ ਬੀਤੇ ਸੱਤ ਸਾਲਾਂ ਦੌਰਾਨ ਐੱਨਡੀਏ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਲਈ 2.25 ਲੱਖ ਕਰੋੜ ਰੁਪਏ ਅਦਾ ਕੀਤੇ ਹਨ, ਜੋ ਯੂਪੀਏ ਸਰਕਾਰ ਦੇ ਸੱਤ ਸਾਲਾਂ ਵਿੱਚ ਸਿਰਫ ਇੱਕ ਲੱਖ ਕਰੋੜ ਰੁਪਏ ਸਨ। ਇਸੇ ਤਰ੍ਹਾਂ, ਇਸੇ ਸਮੇਂ ਦੌਰਾਨ ਕਿਸਾਨਾਂ ਨੂੰ ਕਣਕ ਲਈ 1.6 ਲੱਖ ਕਰੋੜ ਰੁਪਏ ਅਦਾ ਕੀਤੇ ਗਏ, ਜੋ ਯੂਪੀਏ ਦੇ ਮੁਕਾਬਲੇ ਦੁੱਗਣੇ ਤੋਂ ਜ਼ਿਆਦਾ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਦੀ ਅਰਥ ਵਿਵਸਥਾ ਚ ਗਿਰਾਵਟ ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਨੇ ਕਿਹਾ ਕਿ ਇਕ ਸੂਬਾ ਜਿਹੜਾ ਬਾਹਰੀ ਲੋਕਾਂ ਨੂੰ ਰੁਜ਼ਗਾਰ ਦਿੰਦਾ ਸੀ, ਹੁਣ ਇਸਦੇ ਨੌਜਵਾਨ ਨੌਕਰੀਆਂ ਲਈ ਬਾਹਰ ਜਾ ਰਹੇ ਹਨ। ਉਨ੍ਹਾਂ ਨੇ ਐਲਾਨ ਕੀਤਾ ਕਿ ਐੱਨਡੀਏ ਸਰਕਾਰ ਮੰਡੀ ਗੋਬਿੰਦਗਡ਼੍ਹ ਚ ਸਟੀਲ ਇੰਡਸਟਰੀ ਨੂੰ ਮੁੜ ਖੜ੍ਹਾ ਕਰਨ ਲਈ ਵਿਸ਼ੇਸ਼ ਧਿਆਨ ਦੇਵੇਗੀ ਅਤੇ ਲੁਧਿਆਣਾ ਚ ਟੈਕਸਟਾਈਲ ਇੰਡਸਟਰੀ ਨੂੰ ਪ੍ਰਮੋਟ ਕਰੇਗੀ।
ਉਨ੍ਹਾਂ ਨੇ ਪੰਜਾਬ ਲਈ ਏਜੰਡੇ ਦਾ ਖੁਲਾਸਾ ਕਰਦਿਆਂ ਕਿਹਾ ਕਿ ਐੱਨਡੀਏ ਨੇ ਇਕ ਲੱਖ ਕਰੋੜ ਰੁਪਏ ਪੰਜਾਬ ਅੰਦਰ ਮੁੱਢਲੇ ਵਿਕਾਸ ਵਾਸਤੇ ਪੱਕੇ ਰੱਖੇ ਹਨ। ਜਿਹੜੀ ਰਕਮ ਅਗਲੇ ਪੰਜ ਸਾਲਾਂ ਦੌਰਾਨ ਖਰਚੀ ਜਾਵੇਗੀ ।
ਇਸ ਤੋਂ ਇਲਾਵਾ, ਐੱਨਡੀਏ ਸਰਕਾਰ ਪਹਿਲਾਂ ਹੀ ਅੰਮ੍ਰਿਤਸਰ ਵਿੱਚ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅਤੇ ਬਠਿੰਡਾ ਵਿਖੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਸਥਾਪਤ ਕਰ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪਰ ਚੋਂ ਦਿੱਲੀ-ਅੰਮ੍ਰਿਤਸਰ-ਕੱਟੜਾ ਹਾਈਵੇ ਵੀ ਨਿਕਲੇਗਾ, ਜਿਸ ਤੇ 40 ਹਜਾਰ ਕਰੋੜ ਰੁਪਏ ਖਰਚੇ ਜਾ ਰਹੇ ਹਨ।
ਪੰਜਾਬ ਅੰਦਰ ਨਸ਼ੇ ਦੀ ਸਮੱਸਿਆ ਦਾ ਜ਼ਿਕਰ ਕਰਦਿਆਂ, ਉਨ੍ਹਾਂ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਕੀਤਾ। ਪੰਜਾਬ ਦੀਆਂ ਮਹਿਲਾਵਾਂ, "ਮਾਵਾਂ ਭੈਣਾਂ ਅਤੇ ਬੇਟੀਆਂ" ਨੂੰ ਇੱਕ ਵਿਸ਼ੇਸ਼ ਸੰਦੇਸ਼ ਵਿਚ ਉਨ੍ਹਾਂ ਨੇ ਕਿਹਾ ਕਿ ਉਹ ਨਸ਼ਿਆਂ ਦੇ ਕੋਹੜ ਕਾਰਨ ਉਨ੍ਹਾਂ ਦੇ ਦਰਦ ਨੂੰ ਸਮਝਦੇ ਹਨ ਅਤੇ ਵਾਅਦਾ ਕਰਦੇ ਹਨ ਕਿ ਇਹ ਕੋਹੜ ਸੂਬੇ ਵਿਚੋਂ ਖਤਮ ਕੀਤਾ ਜਾਵੇਗਾ।
ਜਦਕਿ ਆਮ ਆਦਮੀ ਪਾਰਟੀ ਦਾ ਜ਼ਿਕਰ ਕਰਦਿਆਂ, ਜਿਸਦੀ ਸਰਕਾਰ ਨੇ ਕੌਮੀ ਰਾਜਧਾਨੀ ਵਿੱਚ ਵੱਡੀ ਗਿਣਤੀ ਚ, ਇੱਥੋਂ ਤਕ ਕਿ ਸਕੂਲਾਂ ਦੇ ਬਾਹਰ ਵੱਡੀ ਗਿਣਤੀ ਸ਼ਰਾਬ ਦੁਕਾਨਾਂ ਖੋਲ੍ਹੀਆਂ ਹਨ, ਉਨ੍ਹਾਂ ਨੇ ਕਿਹਾ ਕਿ ਜਿਹੜੇ ਪੰਜਾਬ ਤੋਂ ਨਸ਼ੇ ਦੇ ਖਾਤਮੇ ਦੇ ਦਾਅਵੇ ਕਰਦੇ ਹਨ, ਉਹਨਾਂ ਨੇ ਦਿੱਲੀ ਨੂੰ ਹੀ ਇਸ ਸਮੱਸਿਆ ਚ ਧੱਕ ਦਿੱਤਾ ਹੈ ।
ਪ੍ਰਧਾਨ ਮੰਤਰੀ ਨੇ ਇਕ ਵਿਸ਼ੇਸ਼ ਬਾਰਡਰ ਏਰੀਆ ਵਿਕਾਸ ਅਥਾਰਟੀ ਸਥਾਪਤ ਕਰਨ ਦਾ ਵਾਅਦਾ ਵੀ ਕੀਤਾ, ਜਿਹੜੀ ਬਾਰਡਰ ਨਾਲ ਲੱਗਦੇ ਇਲਾਕਿਆਂ ਵਿਚ ਨਿਵੇਸ਼ ਲਿਆਉਣ ਅਤੇ ਇੰਫਰਾਸਟਰਕਚਰ ਨੂੰ ਵਿਕਸਿਤ ਕਰਨ ਉੱਪਰ ਕੰਮ ਕਰੇਗੀ, ਜਿਹੜੇ ਹਮੇਸ਼ਾ ਤੋਂ ਨਜ਼ਰਅੰਦਾਜ਼ ਰਹੇ ਹਨ।
ਉਨ੍ਹਾਂ ਨੇ ਐਲਾਨ ਕੀਤਾ ਕਿ ਐੱਨਡੀਏ ਸਰਕਾਰ ਪੰਜਾਬ ਅੰਦਰ ਅਤਿਵਾਦ ਦੇ ਪੀੜਤਾਂ ਦੀ ਭਲਾਈ ਸਿਫ਼ਾਰਸ਼ਾਂ ਵਾਸਤੇ ਇੱਕ ਕਮਿਸ਼ਨ ਸਥਾਪਤ ਕਰੇਗੀ, ਜਿਨ੍ਹਾਂ ਨੂੰ ਅਤਿਵਾਦ ਦਾ ਕਾਲਾ ਦੌਰ ਝੱਲਣਾ ਪਿਆ ਹੈ।
ਪ੍ਰਧਾਨ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਕੁਝ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਵਾਅਦਿਆਂ ਤੇ ਮਿੱਠੀਆਂ ਗੱਲਾਂ ਖਿਲਾਫ ਚਿਤਾਵਨੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਝੂਠੇ ਵਾਅਦਿਆਂ ਦੀ ਨਹੀਂ, ਸਗੋਂ ਡਬਲ ਇੰਜਣ ਦੀ ਸਰਕਾਰ ਦੀ ਲੋੜ ਹ ਜਿਹੜੀ ਕੇਂਦਰ ਅਤੇ ਸੂਬੇ ਵਿਚ ਨਜ਼ਦੀਕੀ ਸਹਿਯੋਗ ਨਾਲ ਕੰਮ ਕਰੇਗੀ ਤਾਂ ਜੋ "ਸਾਬਕਾ ਸਾਥ, ਸਭਕਾ ਵਿਕਾਸ" ਦੇ ਨਾਅਰੇ ਹੇਠ ਹਰ ਕਿਸੇ ਦੀ ਭਲਾਈ ਹੋ ਸਕੇ।
ਪ੍ਰਧਾਨ ਮੰਤਰੀ ਨੇ ਸਵਾਲ ਕੀਤਾ ਕਿ ਕੀ ਇਹ ਚੋਣਾਂ ਸਰਕਾਰ, ਮੁੱਖ ਮੰਤਰੀ, ਮੰਤਰੀਆਂ ਜਾਂ ਵਿਧਾਇਕਾਂ ਨੂੰ ਬਦਲਣ ਲਈ ਹੋ ਰਹੀਆਂ ਹਨ, ਉਨ੍ਹਾਂ ਕਿਹਾ ਨਹੀਂ, ਇਹ ਚੋਣਾਂ ਪੰਜਾਬ ਦੇ ਵਿਕਾਸ ਨੂੰ ਤੇਜ਼ ਕਰਨ ਅਤੇ ਇਸਨੂੰ ਇਕ ਵਾਰ ਫਿਰ ਤੇ ਤਰੱਕੀ ਦੇ ਰਾਹ ਤੇ ਲਿਜਾਣ ਲਈ ਹੋ ਰਹੀਆਂ ਹਨ।