ਸਿਆਸੀ ਧਿਰਾਂ ਨੇ ਅਪਰਾਧੀਆਂ ਅਤੇ ਕਰੋੜਪਤੀਆਂ ਨੂੰ ਟਿਕਟਾਂ ਨਾਲ ਨਿਵਾਜਿਆ
ਅਸ਼ੋਕ ਵਰਮਾ
ਚੰਡੀਗੜ੍ਹ,11ਫਰਵਰੀ2022: ਸਿਆਸਤਦਾਨਾਂ ਦੇ ਦਾਅਵਿਆਂ ਦੇ ਬਾਵਜੂਦ ਪੰਜਾਬ ਵਿਧਾਨ ਸਭਾ ਦੀਆਂ ਤਾਜਾ ਚੋਣਾਂ ਅਪਰਾਧੀਆਂ ਅਤੇ ਧਨਕੁਬੇਰਾਂ ਦੇ ਪ੍ਰਛਾਵੇਂ ਤੋਂ ਮੁਕਤ ਨਹੀਂ ਰਹਿ ਸਕੀਆਂ ਹਨ।ਪੰਜਾਬ ਇਲੈਕਸ਼ਨ ਵਾਚ ਅਤੇ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ (ਏ.ਡੀ.ਆਰ.) ਵੱਲੋਂ ਵਿਧਾਨ ਸਭਾ ਚੋਣਾਂ ਲੜ ਰਹੇ 1304 ਉਮੀਦਵਾਰਾਂ ਵਿੱਚੋਂ 1276 ਉਮੀਦਵਾਰਾਂ ਦੇ ਹਲਫਨਾਮਿਆਂ ਚੀਰਫਾੜ ਕਰਨ ਉਪਰੰਤ ਇਹ ਤੱਥ ਸਾਹਮਣੇ ਆਏ ਹਨ। ਏ.ਡੀ.ਆਰ. ਦੇ ਟਰੱਸਟੀ ਜਸਕੀਰਤ ਸਿੰਘ , ਪੰਜਾਬ ਇਲੈਕਸ਼ਨ ਵਾਚ ਦੇ ਪਰਵਿੰਦਰ ਸਿੰਘ ਕਿੱਤਣਾ ਅਤੇ ਹਰਪ੍ਰੀਤ ਸਿੰਘ ਨੇ ਅੱਜ ਇਹ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਅਨੁਸਾਰ 1276 ਉਮੀਦਵਾਰਾਂ ਵਿਚੋਂ 228 ਰਾਸ਼ਟਰੀ ਪਾਰਟੀਆਂ ਦੇ ਹਨ, 256 ਸੂਬਾ ਪੱਧਰੀ ਪਾਰਟੀਆਂ ਤੋਂ, 345 ਰਜਿਸ਼ਟਰਡ ਗੈਰ-ਮਾਨਤਾ ਪ੍ਰਾਪਤ ਪਾਰਟੀਆਂ ਦੇ ਹਨ ਅਤੇ 447 ਉਮੀਦਵਾਰ ਆਜਾਦ ਤੌਰ ‘ਤੇ ਚੋਣ ਲੜ ਰਹੇ ਹਨ।
ਪੰਜਾਬ ਇਲੈਕਸਨ ਵਾਚ ਅਤੇ ਏਡੀਆਰ ਨੇ 28 ਉਮੀਦਵਾਰਾਂ ਦਾ ਵਿਸ਼ਲੇਸ਼ਣ ਨਹੀਂ ਕੀਤਾ ਹੈ ਕਿਉਂਕਿ ਉਨ੍ਹਾਂ ਦੇ ਹਲਫਨਾਮੇ ਜਾਂ ਤਾਂ ਬੁਰੀ ਤਰ੍ਹਾਂ ਸਕੈਨ ਕੀਤੇ ਗਏ ਸਨ ਜਾਂ ਪੂਰੇ ਹਲਫਨਾਮੇ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ‘ਤੇ ਅਪਲੋਡ ਨਹੀਂ ਕੀਤੇ ਗਏ ਸਨ।ਰਿਪੋਰਟ ’ਚ ਦਰਸਾਇਆ ਹੈ ਕਿ 1276 ਉਮੀਦਵਾਰਾਂ ਵਿੱਚੋਂ, 315 (25ਫੀਸਦੀ) ਉਮੀਦਵਾਰਾਂ ਨੇ ਆਪਣੇ ਵਿਰੁੱਧ ਅਪਰਾਧਿਕ ਕੇਸ ਐਲਾਨੇ ਹਨ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ, 1145 ਵਿਚੋਂ 100 (9 ਫੀਸਦੀ) ਨੇ ਆਪਣੇ ਵਿਰੁੱਧ ਅਪਰਾਧਿਕ ਮਾਮਲਿਆਂ ਦਾ ਖੁਲਾਸਾ ਕੀਤਾ ਸੀ। ਏਦਾਂ ਹੀ 218ਉਮੀਦਵਾਰਾਂ(17ਫੀਸਦੀ) ਨੇ ਆਪਣੇ ਵਿਰੁੱਧ ਗੰਭੀਰ ਅਪਰਾਧਿਕ ਮਾਮਲੇ ਐਲਾਨੇ ਹਨ ਜਦੋਂਕਿ 2017 ’ਚ 77 (7ਫੀਸਦੀ) ਉਮੀਦਵਾਰਾਂ ਨੇ ਗੰਭੀਰ ਅਪਰਾਧਿਕ ਮਾਮਲਿਆਂ ਦਾ ਐਲਾਨ ਕੀਤਾ ਸੀ।
ਰਿਪੋਰਟ ਮੁਤਾਬਕ ਅਕਾਲੀ ਦਲ ਦੇ 96 ਉਮੀਦਵਾਰਾਂ ਵਿੱਚੋਂ 65 (68ਫੀਸਦੀ), ‘ਆਪ‘ ਦੇ 117 ਉਮੀਦਵਾਰਾਂ ਵਿੱਚੋਂ 58 (50ਫੀਸਦੀ), ਭਾਜਪਾ ਦੇ 71 ਉਮੀਦਵਾਰਾਂ ਵਿੱਚੋਂ 27 (38ਫੀਸਦੀ), ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ 14 ਵਿੱਚੋਂ 4 (29%), ਬਸਪਾ ਦੇ 20 ਉਮੀਦਵਾਰਾਂ ਵਿੱਚੋਂ 3 (15 ਫੀਸਦੀ) , ਕਾਂਗਰਸ ਵੱਲੋਂ 117 ਚੋਂ 16 (14ਫੀਸਦੀ) ਅਤੇ ਪੰਜਾਬ ਲੋਕ ਕਾਂਗਰਸ ਪਾਰਟੀ ਨੇ 27 ਵਿੱਚੋਂ 3 (11ਫੀਸਦੀ) ਉਮੀਦਵਾਰਾਂ ਖਿਲਾਫ ਅਪਰਾਧਿਕ ਮਾਮਲੇ ਦਰਜ ਹਨ। ਗੰਭੀਰ ਅਪਰਾਧਿਕ ਮਾਮਲਿਆਂ ਸਬੰਧੀ ਅਕਾਲੀ ਦਲ ਦੇ 96 ਉਮੀਦਵਾਰਾਂ ਵਿੱਚੋਂ 60 (63ਫੀਸਦੀ), ‘ਆਪ‘ ਦੇ 117 ਉਮੀਦਵਾਰਾਂ ਵਿੱਚੋਂ 27 (23ਫੀਸਦੀ), ਭਾਜਪਾ ਦੇ 71 ਉਮੀਦਵਾਰਾਂ ਵਿੱਚੋਂ 15 (21ਫੀਸਦੀ), ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ 14 ਵਿੱਚੋਂ 3 (21ਫੀਸਦੀ), ਬਸਪਾ ਦੇ 20 ਉਮੀਦਵਾਰਾਂ ਵਿੱਚੋਂ 3 (15ਫੀਸਦੀ), ਕਾਂਗਰਸ ਦੇ 117 ਉਮੀਦਵਾਰਾਂ ਵਿੱਚੋਂ 9 (8ਫੀਸਦੀ) ਅਤੇ ਪੰਜਾਬ ਲੋਕ ਕਾਂਗਰਸ ਦੇ 27 ਉਮੀਦਵਾਰਾਂ ਵਿੱਚੋਂ 2 (7ਫੀਸਦੀ) ਨੇ ਆਪਣੇ ਖਿਲਾਫ ਗੰਭੀਰ ਅਪਰਾਧਿਕ ਮਾਮਲਿਆਂ ਦਾ ਜਿਕਰ ਕੀਤਾ ਹੈ।
ਰਿਪੋਰਟ ਅਨੁਸਾਰ 15 ਉਮੀਦਵਾਰਾਂ ਖਿਲਾਫ ਔਰਤਾਂ ਵਿਰੁੱਧ ਅਪਰਾਧ ਦਰਜ਼ ਹਨ ਜਦੋਂਕਿ 15 ਵਿੱਚੋਂ 2 ਉਮੀਦਵਾਰਾਂ ਨੇ ਬਲਾਤਕਾਰ ( ਧਾਰਾ-376) ਮਾਮਲੇ ਦਰਜ ਹੋਣੇ ਕਬੂਲੇ ਹਨ। ਇਸੇ ਤਰਾਂ ਹੀ 4 ਉਮੀਦਵਾਰਾਂ ਨੇ ਖਿਲਾਫ ਕਤਲ ਕੇਸ ਐਲਾਨੇ ਹਨ ਜਦੋਂਕਿ 33 ਉਮੀਦਵਾਰਾਂ ਖਿਲਾਫ ਇਰਾਦਾ ਕਤਲ ਦੇ ਮਾਮਲੇ ਦਰਜ ਹਨ। ਰਿਪੋਰਟ ਅਨੁਸਾਰ117 ਹਲਕਿਆਂ ਵਿੱਚੋਂ 57 (49 ਫੀਸਦੀ) ਰੈੱਡ ਅਲਰਟ ਹਲਕੇ ਹਨ ਜਿੰਨ੍ਹਾਂ ’ਚ 3 ਜਾਂ ਇਸ ਤੋਂ ਵੱਧ ਚੋਣ ਲੜ ਰਹੇ ਉਮੀਦਵਾਰਾਂ ਨੇ ਆਪਣੇ ਵਿਰੁੱਧ ਅਪਰਾਧਿਕ ਮਾਮਲਿਆਂ ਦਾ ਐਲਾਨ ਕੀਤਾ ਹੁੰਦਾ ਹੈ। ਪੰਜਾਬ ਦੇ 1276 ਉਮੀਦਵਾਰਾਂ ਵਿੱਚੋਂ 521 (41ਫੀਸਦੀ) ਕਰੋੜਪਤੀ ਹਨ ਜਦੋਂਕਿ ਸਾਲ 2017 ’ਚ ਇਹ ਅੰਕੜਾ 428 (37ਫੀਸਦੀ) ਸੀ। ਚੋਣਾਂ ਵਿੱਚ ਪੈਸੇ ਦੀ ਤਾਕਤ ਦੀ ਭੂਮਿਕਾ ਇਸ ਤੱਥ ਤੋਂ ਸਪਸ਼ਟ ਹੁੰਦੀ ਹੈ ਕਿ ਸਾਰੀਆਂ ਵੱਡੀਆਂ ਸਿਆਸੀ ਪਾਰਟੀਆਂ ਧਨਾਢ ਉਮੀਦਵਾਰਾਂ ਨੂੰ ਟਿਕਟਾਂ ਦਿੰਦੀਆਂ ਹਨ।
ਅਕਾਲੀ ਦਲ ਦੇ 96 ਉਮੀਦਵਾਰਾਂ ਵਿੱਚੋਂ 89 (93ਫੀਸਦ), ਕਾਂਗਰਸ ਦੇ 117 ਉਮੀਦਵਾਰਾਂ ਵਿੱਚੋਂ 107 (92ਫੀਸਦੀ), ਭਾਜਪਾ ਦੇ 71 ਵਿੱਚੋਂ 60 (85ਫੀਸਦੀ), ਬਸਪਾ ਦੇ 20 ਉਮੀਦਵਾਰਾਂ ਵਿੱਚੋਂ 16 (80%), ਸ੍ਰੋਮਣੀ ਅਕਾਲੀ ਦਲ (ਸੰਯੁਕਤ) ਦੇ 14 ਚੋਂਂ 11 (79ਫੀਸਦੀ), ‘ਆਪ‘ ਦੇ 117 ਉਮੀਦਵਾਰਾਂ ਵਿੱਚੋਂ 81 (69ਫੀਸਦੀ) ਅਤੇ ਪੰਜਾਬ ਲੋਕ ਕਾਂਗਰਸ ਪਾਰਟੀ ਦੇ 27 ਉਮੀਦਵਾਰਾਂ ਵਿੱਚੋਂ 16 (59ਫੀਸਦੀ) ਨੇ 1 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਐਲਾਨੀ ਹੈ। ਵਿਧਾਨ ਸਭਾ ਚੋਣਾਂ ਲੜ ਰਹੇ ਉਮੀਦਵਾਰਾਂ ਦੀ ਪ੍ਰਤੀ ਉਮੀਦਵਾਰ ਔਸਤ ਜਾਇਦਾਦ 4.31 ਕਰੋੜ ਰੁਪਏ ਹੈ ਜਦੋਂਕਿ 2017 ਵਿੱਚ 1145 ਉਮੀਦਵਾਰਾਂ ਦੀ ਪ੍ਰਤੀ ਉਮੀਦਵਾਰ ਔਸਤ ਜਾਇਦਾਦ 3.49 ਕਰੋੜ ਰੁਪਏ ਸੀ।
ਪ੍ਰਮੁੱਖ ਪਾਰਟੀਆਂ ਵਿੱਚ 117 ਕਾਂਗਰਸ ਉਮੀਦਵਾਰਾਂ ਦੀ ਪ੍ਰਤੀ ਉਮੀਦਵਾਰ ਔਸਤ ਜਾਇਦਾਦ 13.27 ਕਰੋੜ, ਅਕਾਲੀ ਦਲ ਦੇ 96 ਉਮੀਦਵਾਰਾਂ ਦੀ ਔਸਤ ਜਾਇਦਾਦ 12.69 ਕਰੋੜ ਰੁਪਏ, ਭਾਜਪਾ ਦੇ 71 ਉਮੀਦਵਾਰਾਂ ਦੀ ਔਸਤ ਜਾਇਦਾਦ 7.69 ਕਰੋੜ ਰੁਪਏ, ‘ਆਪ’ ਦੇ 117 ਉਮੀਦਵਾਰਾਂ ਦੀ ਔਸਤ ਜਾਇਦਾਦ 7.03 ਕਰੋੜ ਰੁਪਏ, ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ 14 ਉਮੀਦਵਾਰਾਂ ਦੀ ਔਸਤ ਜਾਇਦਾਦ 5.36 ਕਰੋੜ ਰੁਪਏ ਹੈ। ਪੰਜਾਬ ਲੋਕ ਕਾਂਗਰਸ ਪਾਰਟੀ ਦੇ 27 ਉਮੀਦਵਾਰਾਂ ਕੋਲ 5.27 ਕਰੋੜ ਰੁਪਏ ਦੀ ਔਸਤ ਜਾਇਦਾਦ ਹੈ ਅਤੇ ਬਸਪਾ ਦੇ 20 ਉਮੀਦਵਾਰਾਂ ਦੀ ਔਸਤ ਜਾਇਦਾਦ 4.27 ਕਰੋੜ ਰੁਪਏ ਹੈ।
ਸਭ ਤੋਂ ਵੱਧ ਜਾਇਦਾਦ ਵਾਲੇ ਉਮੀਦਵਾਰ ਐਸ.ਏ.ਐਸ.ਨਗਰ ਤੋਂ ‘ਆਪ’ ਦੇ ਕੁਲਵੰਤ ਸਿੰਘ 238 ਕਰੋੜ, ਜਲਾਲਾਬਾਦ ਤੋਂ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ 202 ਕਰੋੜ ਅਤੇ ਮੁਕਤਸਰ ਤੋਂ ਕਾਂਗਰਸ ਦੀ ਕਰਨ ਕੌਰ 155 ਕਰੋੜ ਨਾਲ ਹਨ। ਪੰਜ ਉਮੀਦਵਾਰਾਂ ਨੇ ਜੀਰੋ ਜਾਇਦਾਦ ਦੱਸੀ ਹੈ। 653 (51ਫੀਸਦੀ) ਨੇ ਆਪਣੇ ਹਲਫਨਾਮਿਆਂ ਵਿੱਚ ਦੇਣਦਾਰੀਆਂ ਦਾ ਐਲਾਨ ਕੀਤਾ ਹੈ। ਸਭ ਤੋਂ ਵੱਧ ਦੇਣਦਾਰੀਆਂ ਕਾਂਗਰਸ ਦੇ ਰਾਣਾ ਗੁਰਜੀਤ ਸਿੰਘ 71.75 ਕਰੋੜ, ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ 66.95 ਕਰੋੜ, ‘ਆਪ’ ਦੇ ਅਮਨ ਅਰੋੜਾ 22.88 ਕਰੋੜ ਹਨ। ਜਿਨ੍ਹਾਂ ਉਮੀਦਵਾਰਾਂ ਨੇ ਸਭ ਤੋਂ ਵੱਧ ਸਾਲਾਨਾ ਆਮਦਨ ਐਲਾਨ ਕੀਤੀ ਹੈ, ਉਨ੍ਹਾਂ ਵਿੱਚ ‘ਆਪ‘ ਦੇ ਕੁਲਵੰਤ ਸਿੰਘ 16.33 ਕਰੋੜ, ‘ਆਪ‘ ਦੇ ਅਮਨ ਅਰੋੜਾ 5.66 ਕਰੋੜ, ਕਾਂਗਰਸ ਦੇ ਮਨਪ੍ਰੀਤ ਸਿੰਘ ਬਾਦਲ 3.15 ਕਰੋੜ ਹਨ।
ਰਿਪੋਰਟ ਮੁਤਾਬਕ 695 (54ਫੀਸਦੀ ) ਉਮੀਦਵਾਰਾਂ ਨੇ ਆਪਣੀ ਵਿਦਿਅਕ ਯੋਗਤਾ 5ਵੀਂ ਅਤੇ 12ਵੀਂ ਜਮਾਤ ਦੇ ਵਿਚਕਾਰ ਦੱਸੀ ਹੈ ਜਦੋਂ ਕਿ 483 (38%) ਉਮੀਦਵਾਰਾਂ ਨੇ ਗ੍ਰੈਜੂਏਟ ਜਾਂ ਇਸ ਤੋਂ ਵੱਧ ਦੀ ਵਿਦਿਅਕ ਯੋਗਤਾ ਹੋਣ ਦਾ ਐਲਾਨ ਕੀਤਾ ਹੈ। 24 ਉਮੀਦਵਾਰ ਡਿਪਲੋਮਾ ਹੋਲਡਰ ਹਨ। 21 ਉਮੀਦਵਾਰਾਂ ਨੇ ਆਪਣੇ ਆਪ ਨੂੰ ਸਿਰਫ ਪੜ੍ਹਿਆ ਲਿਖਿਆ ਘੋਸ਼ਿਤ ਕੀਤਾ ਹੈ ਅਤੇ 49 ਉਮੀਦਵਾਰ ਅਨਪੜ੍ਹ ਹਨ। 4 ਉਮੀਦਵਾਰਾਂ ਨੇ ਆਪਣੀ ਵਿਦਿਅਕ ਯੋਗਤਾ ਨਹੀਂ ਦਿੱਤੀ ਹੈ। ਰਿਪੋਰਟ ਅਨੁਸਾਰ 349 (27ਫੀਸਦੀ) ਉਮੀਦਵਾਰਾਂ ਨੇ ਆਪਣੀ ਉਮਰ 25 ਤੋਂ 40 ਸਾਲ ਦੇ ਵਿਚਕਾਰ ਦੱਸੀ ਹੈ ਜਦਕਿ 671 (53ਫੀਸਦੀ) ਉਮੀਦਵਾਰਾਂ ਦੀ ਉਮਰ 41 ਤੋਂ 60 ਸਾਲ ਦੇ ਵਿਚਕਾਰ ਹੈ। ਇੱਥੇ 254 (20ਫੀਸਦੀ) ਉਮੀਦਵਾਰਾਂ ਦੀ ਉਮਰ 61 ਤੋਂ 80 ਸਾਲ ਦੇ ਵਿਚਕਾਰ ਹੈ ਜਦੋਂਕਿ 2 ਉਮੀਦਵਾਰ 80 ਸਾਲ ਤੋਂ ਵੱਧ ਹਨ। ਪੰਜਾਬ ਵਿੱਚ 90 (7ਫੀਸਦੀ) ਔਰਤਾਂ ਚੋਣ ਲੜ ਰਹੀਆਂ ਹਨ ਜਦੋਂਕਿ 2017 ਦੇ 1145 ਉਮੀਦਵਾਰਾਂ ਵਿੱਚੋਂ 81 (7ਫੀਸਦੀ) ਔਰਤਾਂ ਸਨ।