ਕਾਂਗਰਸ ਨੇ ਮਨੁੱਖਤਾ ਨੂੰ ਹਮੇਸ਼ਾ ਸ਼ਰਮਸਾਰ ਕੀਤਾ-ਨੱਢਾ
ਕੁਲਵੰਤ ਸਿੰਘ ਬੱਬੂ
- ਪੰਜਾਬ ਦੇ ਲੋਕ ਸੂਬੇ ਨੂੰ ਕਾਂਰਗਸ ਮੁਕਤ ਕਰਾਉਣ ਦੇ ਰੌਂਅ ’ਚ: ਜੱਗਾ
ਰਾਜਪੁਰਾ 12 ਫਰਵਰੀ 2022 - ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਅਤੇ ਉਸ ਨੇ ਸਿੱਖਾਂ ਨਾਲ ਇੰਨੀਆਂ ਵਧੀਕੀਆਂ ਕੀਤੀਆਂ ਜਿਨ੍ਹਾਂ ਕਾਰਨ ਉਸ ਕਦੇ ਵੀ ਮੁਆਫ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਕਾਂਗਰਸ ਤੋਂ ਉਲਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ’ਚ ਲੰਗਰ ਨੂੰ ਟੈਕਸ ਫ੍ਰੀ ਕਰਨ ਦਾ ਕੰਮ ਕੀਤਾ ਹੈ। ਇੰਨਾ ਹੀ ਨਹੀਂ ਕਰਤਾਰਪੁਰ ਲਾਂਘਾ ਵੀ ਸਾਡੇ ਪ੍ਰਧਾਨ ਮੰਤਰੀ ਮੋਦੀ ਕਾਰਨ ਸੰਭਵ ਹੋ ਸਕਿਆ ਹੈ।
ਸ੍ਰੀ ਨੱਢਾ ਅੱਜ ਇਥੋਂ ਦੀ ਦਾਣਾ ਮੰਡੀ ਵਿਖੇ ਰਾਜਪੁਰਾ ਤੋਂ ਭਾਜਪਾ-ਪੰਜਾਬ ਲੋਕ ਕਾਂਗਰਸ ਅਤੇ ਸੰਯੁਕਤ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਸ੍ਰੀ ਜਗਦੀਸ਼ ਜੱਗਾ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਨੱਢਾ ਨੇ ਕਿਹਾ,‘‘ਪੀ.ਐੱਮ. ਨੇ ਕਰਤਾਰਪੁਰ ਸਾਹਿਬ ਲਾਂਘੇ ਦੇ ਨਿਰਮਾਣ ’ਤੇ 120 ਕਰੋੜ ਰੁਪਏ ਖਰਚ ਕੀਤੇ। ਸਿੱਖਾਂ ਅਤੇ ਕਿਸਾਨਾਂ ਦਾ ਇੰਨਾ ਵਿਕਾਸ ਕਿਸੇ ਨੇ ਨਹੀਂ ਕੀਤਾ, ਜਿੰਨਾ ਪੀ.ਐੱਮ. ਮੋਦੀ ਨੇ ਕੀਤਾ ਹੈ।’’ 1984 ਸਿੱਖ ਦੰਗਿਆਂ ਦਾ ਜ਼ਿਕਰ ਕਰਦੇ ਹੋਏ ਭਾਜਪਾ ਪ੍ਰਧਾਨ ਨੇ ਕਿਹਾ, ‘‘1984 ’ਚ ਦਿੱਲੀ ’ਚ ਦੰਗੇ ਹੋਏ। ਕਾਂਗਰਸ ਦੇ ਨੇਤਾ ਕਹਿੰਦੇ ਸਨ ਕਿ ਜਦੋਂ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੈ, ਇਹ ਤੁਹਾਡੇ ਸਾਹਮਣੇ ਵੋਟ ਮੰਗਣ ਲਈ ਆਏ ਹਨ। ਇਹ ਉਹੀ ਲੋਕ ਹਨ, ਜਿਨ੍ਹਾਂ ਨੇ 1984 ਦੇ ਦਿੱਲੀ ਦੰਗਿਆਂ ’ਚ ਆਪਣੇ ਹੱਥ ਖੂਨ ਨਾਲ ਰੰਗੇ ਸਨ।’’
ਉਨ੍ਹਾਂ ਅੱਗੇ ਕਿਹਾ ਕਿ ਇਹ ਉਹ ਕਾਂਗਰਸੀ ਸਨ, ਜਿਨ੍ਹਾਂ ਨੇ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਸੀ। ਇਹ ਉਹ ਕਾਂਗਰਸੀ ਸਨ, ਜਿਨ੍ਹਾਂ ਨੇ ਆਜ਼ਾਦ ਭਾਰਤ ’ਚ ਅਜਿਹੀ ਸਥਿਤੀ ਲਿਆ ਦਿੱਤੀ, ਜਿਸ ’ਚ ਭਰਾ-ਭਰਾ ਨੂੰ ਮਾਰਨ ਲੱਗਾ ਸੀ।’’
ਸ੍ਰੀ ਨੱਢਾ ਨੇ ਕਿਹਾ,‘‘30 ਸਾਲ ਤੱਕ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਦੋਸ਼ੀ ਘੁੰਮਦੇ ਰਹੇ, ਕਿਸੇ ਨੇ ਸੁਧ ਨਹੀਂ ਲਈ। ਕਮਿਸ਼ਨ ਬੈਠੇ, ਜਾਂਚਾਂ ਹੋਈਆਂ ਪਰ ਪੀੜਤਾਂ ਦੇ ਹੰਝੂ ਸਾਫ਼ ਕਰਨ ਲਈ ਕੋਈ ਨਹੀਂ ਆਇਆ ਪਰ ਪੀ.ਐੱਮ. ਮੋਦੀ ਨੇ ਐੱਸ.ਆਈ.ਟੀ. ਬਿਠਾਈ ਅਤੇ ਅੱਜ ਦਿੱਲੀ ਦੇ ਦੰਗਿਆਂ ’ਚ ਜਿਨ੍ਹਾਂ ਦੇ ਹੱਥ ਖੂਨ ਨਾਲ ਰੰਗੇ ਸਨ, ਉਹ ਅੱਜ ਜੇਲ੍ਹ ’ਚ ਹਨ।’’ ਉਨ੍ਹਾਂ ਅੱਗੇ ਕਿਹਾ,‘‘ਪੰਜਾਬ ਦੀ ਧਰਤੀ ਵੀਰਾਂ ਦੀ ਧਰਤੀ ਹੈ। ਧਾਰਮਿਕ ਗੁਰੂਆਂ ਦੀ ਧਰਤੀ ਹੈ। ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਦੇਸ਼ ਦੀ ਸੁਰੱਖਿਆ ਲਈ ਪੰਜਾਬ ਦੇ ਵੀਰਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਇਹ ਸ਼ਹੀਦ ਭਗਤ ਸਿੰਘ ਜੀ ਦੀ ਭੂਮੀ ਹੈ। ਮੈਂ ਅਜਿਹੀ ਭੂਮੀ ਨੂੰ ਨਮਨ ਕਰਦਾ ਹਾਂ।’’ ਨੱਢਾ ਨੇ ਕਿਹਾ, ‘‘ਪੰਜਾਬ ਦੇ ਬਾਰੇ, ਸਿੱਖ ਭਰਾਵਾਂ ਬਾਰੇ ਸਾਰਿਆਂ ਨੇ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਪਰ ਅੱਜ ਤੱਕ ਕਿਸੇ ਨੇ ਸਿੱਖ ਭਰਾਵਾਂ ਲਈ ਕਿਸਾਨਾਂ ਲਈ ਉਹ ਸਭ ਨਹੀਂ ਕੀਤਾ, ਜੋ ਪ੍ਰਧਾਨ ਮੰਤਰੀ ਜੀ ਨੇ ਕੀਤਾ ਹੈ।’’ ਉਨ੍ਹਾਂ ਕਿਹਾ,‘‘ਕਰਤਾਰਪੁਰ ਸਾਹਿਬ ਲਾਂਘੇ ਲਈ ਸਾਲਾਂ ਤੋਂ ਮੰਗ ਹੋ ਰਹੀ ਸੀ। ਕਿੰਨੇ ਹੀ ਨੇਤਾ ਆਏ ਜੋ ਪੰਜਾਬ ਦੀ ਅਤੇ ਦੇਸ਼ ਦੀ ਗੱਦੀ ’ਤੇ ਬੈਠੇ ਪਰ ਕਿਸੇ ਨੇ ਕੁਝ ਨਹੀਂ ਕੀਤਾ ਪਰ ਮੋਦੀ ਜੀ ਨੇ 120 ਕਰੋੜ ਦੀ ਲਾਗਤ ਨਾਲ ਕਰਤਾਰਪੁਰ ਲਾਂਘਾ ਬਣਾ ਕੇ ਲੱਖਾਂ ਸ਼ਰਧਾਲੂਆਂ ਦੇ ਗੁਰਦੁਆਰੇ ਤੱਕ ਜਾਣ ਦੀ ਵਿਵਸਥਾ ਕੀਤੀ ਹੈ।’
ਇਸ ਮੌਕੇ ਉਤੇ ਸ੍ਰੀ ਜੱਗਾ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਹੋਰ ਜ਼ਿਆਦਾ ਹੁਲਾਰਾ ਮਿਲਿਆ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਕਾਰਜਕਾਰੀ ਮੈਂਬਰ ਸ੍ਰ. ਸੁਰਜੀਤ ਸਿੰਘ ਗੜ੍ਹੀ ਆਪਣੇ ਸਾਥੀਆਂ ਸਣੇ ਭਾਜਪਾ ਵਿੱਚ ਸ਼ਾਮਲ ਹੋ ਗਏ।
ਇਸ ਰੈਲੀ ਦਾ ਸਫਲ ਆਯੋਜਨ ਵਿਸ਼ੇਸ਼ ਤੌਰ ਤੇ ਅਸੀਮ ਗੋਇਲ ਨੇ ਕੀਤਾ।
ਇਸ ਰੈਲੀ ਨੂੰ ਰੋਹਤਕ ਤੋਂ ਮੈਂਬਰ ਪਾਰਲੀਮੈਂਟ ਅਰਵਿੰਦ ਸ਼ਰਮਾ, ਭਾਜਪਾ ਦੀ ਕੌਮੀ ਕਾਰਜਕਾਰਨੀ ਮੈਂਬਰ ਹਰਜੀਤ ਸਿੰਘ ਗਰੇਵਾਲ, ਅੰਬਾਲਾ ਦੇ ਵਿਧਾਇਕ ਅਤੇ ਭਾਜਪਾ ਦੇ ਪਟਿਆਲਾ ਜ਼ਿਲ੍ਹੇ ਦੇ ਇੰਚਾਰਜ ਅਸੀਮ ਗੋਇਲ, ਕੁਰਕਸ਼ੇਤਰ ਦੇ ਵਿਧਾਇਕ ਸੁਭਾਸ਼ ਸੁਧਾ ਤੋਂ ਇਲਾਵਾ ਭਾਜਪਾ ਦੇ ਹੋਰ ਸੀਨੀਅਰ ਆਗੂਆਂ ਨੇ ਸੰਬੋਧਨ ਕੀਤਾ। ਇਸ ਮੌਕੇ ਉਤੇ ਪੰਜਾਬ ਭਾਜਪਾ ਬੁਲਾਰੇ ਭੂਪੇਸ਼ ਅਗਰਵਾਲ, ਹੈਪੀ ਕੰਬੋਜ, ਸੰਜੇ ਟੰਡਨ, ਮੀਡੀਆ ਐਂਡ ਇਲੈਕਸ਼ਨ ਕੁਆਰਡੀਨੇਟਰ ਰਣਬੀਰ ਸੰਧੂ, ਰਾਕੇਸ਼ ਬਿੰਦਲ, ਅਸ਼ਵਨੀ ਵਰਮਾ, ਗਗਨ ਖੁਰਾਣਾ, ਮਨੀਸ਼ ਅਰੋੜਾ ਸ਼ਾਮਲ ਹੋਏ।
ਇਸ ਮੌਕੇ ’ਤੇ ਜਗਦੀਸ਼ ਜੱਗਾ ਨੇ ਰਾਜਪੁਰਾ ਵਾਸੀਆਂ ਨਾਲ ਵਾਅਦਾ ਕੀਤਾ ਕਿ ਉਹ ਪੰਜਾਬ ਵਿੱਚ ਭਾਜਪਾ ਦੀ ਅਗਵਾਈ ਵਿੱਚ ਗਠਜੋੜ ਦੀ ਸਰਕਾਰ ਬਣਨ ’ਤੇ ਰਾਜਪੁਰਾ ਵਿੱਚ ਵਿਕਾਸ ਕੰਮਾਂ ਦੀ ਹਨ੍ਹੇਰੀ ਲਿਆਂਦੀ ਜਾਵੇਗੀ।
ਉਨ੍ਹਾਂ ਕਿਹਾ ਕਿ ਰਾਜਪੁਰਾ ਵਿੱਚ ਕਾਂਗਰਸ ਨੇ ਜਿਸ ਢੰਗ ਨਾਲ ਲੋਕਾਂ ਨਾਲ ਜਿਆਦਤੀਆਂ ਕੀਤੀਆਂ ਉਨ੍ਹਾਂ ਦਾ ਇੱਕ-ਇੱਕ ਕਰ ਕੇ ਹਿਸਾਬ ਲਿਆ ਜਾਵੇਗਾ।
ਸ੍ਰੀ ਜੱਗਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਕਾਂਗਰਸ ਮੁਕਤ ਕਰਨਾ ਚਾਹ ਰਹੇ ਹਨ ਅਤੇ ਇਹ ਸੁਪਨਾ ਜਲਦੀ ਹੀ ਪੂਰਾ ਹੋਣ ਜਾ ਰਿਹਾ ਹੈ ਕਿਉਂਕਿ ਪੰਜਾਬ ਵਿਚ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਹੁਣ ਇਸ ਪਾਰਟੀ ਨੂੰ ਇਥੋਂ ਚਲਦਾ ਕੀਤਾ ਜਾਵੇ।