ਭਜਾ ਭਜਾ ਕੇ ਕੁੱਟੇ ਕਾਂਗਰਸੀ ਉਮੀਦਵਾਰ ਖਿਲਾਫ ਪਰਚੇ ਵੰਡ ਰਹੇ ਲੋਕ
ਅਸ਼ੋਕ ਵਰਮਾ
ਬਠਿੰਡਾ, 13ਫਰਵਰੀ2022: ਕਰੋੜਾਂ ਰੁਪਏ ਦੀ ਕਥਿਤ ਠੱਗੀ ਦੇ ਮਾਮਲੇ ’ਚ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਤੋਂ ਕਾਂਗਰਸੀ ਉਮੀਦਵਾਰ ਤੇ ਮੌਜੂਦਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੀਆਂ ਪਰਚੇ ਵੰਡਕੇ ਪੋਲਾਂ ਖੋਹਲ ਰਹੇ ਕੁੱਝ ਲੋਕਾਂ ਤੇ ਮਾਰੂ ਹਥਿਆਰਾਂ ਨਾਲ ਗੰਭੀਰ ਜਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕਾਤਲਾਨਾ ਹਮਲੇ ’ਚ ਇੱਕ ਵਿਅਕਤੀ ਦੇ ਪੈਰ ਤੋੜ ਦਿੱਤੇ ਗਏ ਹਨ ਜਦੋਂਕਿ ਇੱਕ ਦਰਜਨ ਦੇ ਕਰੀਬ ਲੋਕਾਂ ਦੇ ਸੱਟਾਂ ਵੱਜੀਆਂ ਹਨ। ਮੁਢਲੇ ਤੌਰ ਤੇ ਸਾਹਮਣੇ ਆਇਆ ਹੈ ਕਿ ਇਹ ਲੋਕ ਚਿੱਟ ਫੰਡ ਕੰਪਨੀ ਜੀ ਸੀ ਏ ਪ੍ਰਾਈਵੇਟ ਲਿਮਟਿਡ ਦੇ ਏਜੰਟ ਹਨ ਜੋ ਪ੍ਰੀਤਮ ਸਿੰਘ ਕੋਟਭਾਈ ਤੋਂ ਆਪਣੇ ਪੈਸੇ ਮੰਗਣ ਆਏ ਸਨ। ਪਿਛਲੇ ਚਾਰ ਸਾਲ ਤੋਂ ਭਟਕ ਰਹੇ ਇੰਨ੍ਹਾਂ ਏਜੰਟਾਂ ਦੇ ਸਬਰ ਦਾ ਪਿਆਲਾ ਭਰ ਗਿਆ ਦਿੱਤੀ ਤਾਂ ਅੱਜ ਇਹ ਲੋਕ ਪ੍ਰੀਤਮ ਸਿੰਘ ਕੋਟਭਾਈ ਦੀਆਂ ਪੋਲਾਂ ਖੋਹਲ ਰਹੇ ਸਨ।
ਇਸੇ ਦੌਰਾਨ ਟਰੱਕ ਯੂਨੀਅਨ ਲਾਗੇ ਕੁੱਝ ਅਣਪਛਾਤਿਆਂ ਨੇ ਉਨ੍ਹਾਂ ਤੇ ਹੱਲਾ ਬੋਲ ਦਿੱਤਾ। ਹਮਲਾਵਰਾਂ ਨੇ ਪਰਚੇ ਵੰਡਣ ਵਾਲਿਆਂ ਦੀ ਭਜਾ ਭਜਾ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਆਲ ਇੰਡੀਆ ਜੀ ਸੀ ਏ ਮੋਰਚਾ ਦੇ ਕੌਮੀ ਪ੍ਰਧਾਨ ਕੇ ਐਸ ਰਾਣਾ ਦੇ ਪੈਰ ਤੋੜ ਦਿੱਤੇ । ਰਾਣਾ ਨੂੰ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ’ਚ ਦਾਖਲ ਕਰਵਾਇਆ ਗਿਆ ਹੈ। ਇਹ ਘਟਨਾ ਐਤਵਾਰ ਕਰੀਬ 12 ਵਜੇ ਦੀ ਦੱਸੀ ਜਾ ਰਹੀ ਹੈ। ਆਲ ਇੰਡੀਆ ਜੀਸੀਏ ਮੋਰਚਾ ਦੇ ਕੌਮੀ ਪ੍ਰਧਾਨ ਕੇ ਐਸ ਰਾਣਾ ਨੇ ਦੋਸ਼ ਲਾਇਆ ਕਿ ਇਹ ਕਥਿਤ ਹਮਲਾ ਪ੍ਰੀਤਮ ਸਿੰਘ ਕੋਟਭਾਈ ਨੇ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਹੀ ਖਦਸ਼ਾ ਸੀ ਕਿ ਜਦੋਂ ਉਹ ਭੱਡੀ ਪ੍ਰਚਾਰ ਕਰਨਗੇ ਤਾਂ ਉਨ੍ਹਾਂ ਤੇ ਹਮਲਾ ਹੋ ਸਕਦਾ ਹੈ ਪਰ ਉਹ ਆਪਣੇ ਪੈਸੇ ਵਾਪਿਸ ਲੈਕੇ ਹੀ ਜਾਣਗੇ।
ਰਾਣਾ ਨੇ ਕਿਹਾ ਕਿ ਜੇਕਰ ਉਹ ਭੱਜਕੇ ਆਪਣਾ ਬਚਾਅ ਨਾਂ ਕਰਦੇ ਤਾਂ ਹਮਲਾਵਰਾਂ ਨੇ ਉਨ੍ਹਾਂ ਨੂੰ ਜਾਨੋ ਹੀ ਮਾਰ ਦੇਣਾ ਸੀ। ਸ਼ਨੀਵਾਰ ਨੂੰ ਬਠਿੰਡਾ ਪੁੱਜੇ ਮੱਧ ਪ੍ਰਦੇਸ਼,ਰਾਜਸਥਾਨ,ਯੂਪੀ ਅਤੇ ਮਹਾਂਰਾਸ਼ਟਰ ਆਦਿ ਸੂਬਿਆਂ ਤੋਂ ਇੱਥੇ ਪੁੱਜੇ ਤਿੰਨ ਦਰਜਨ ਤੋਂ ਜਿਆਦਾ ਏਜੰਟਾਂ ਨੇ ਬਠਿੰਡਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਦੇ ਕਾਂਗਰਸੀ ਉਮੀਦਵਾਰ ਪ੍ਰੀਤਮ ਸਿੰਘ ਕੋਟਭਾਈ ਦੀ ਚਿੱਟ ਫੰਡ ਕੰਪਨੀ ਜੀਸੀਏ ਪ੍ਰਾਈਵੇਟ ਲਿਮਟਿਡ ’ਤੇ ਪੰਜ ਹਜਾਰ ਕਰੋੜ ਦੀ ਠੱਗੀ ਮਾਰਨ ਦੇ ਦੋਸ਼ ਲਾਏ ਹਨ। ਬਠਿੰਡਾ ਪ੍ਰੈਸ ਕਲੱਬ ਪੁੱਜੇ ਪੀੜਤ ਏਜੰਟਾਂ ਦਾ ਕਹਿਣਾ ਸੀ ਕਿ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਖਿਲਾਫ ਮੱਧ ਪ੍ਰਦੇਸ਼,ਰਾਜਸਥਾਨ, ਮਹਾਂਰਾਸ਼ਟਰ, ਯੂਪੀ ਅਤੇ ਉੱਤਰਾਖੰਡ ਸਮੇਤ ਕਈ ਸੂਬਿਆਂ ’ਚ ਠੱਗੀ ਦੇ ਦੋਸ਼ਾਂ ਸਬੰਧੀ ਕਰੀਬ ਇੱਕ ਦਰਜਨ ਐਫ ਆਈ ਆਰ ਦਰਜ ਹਨ।
ਉਨ੍ਹਾਂ ਦੱਸਿਆ ਕਿ ਪੁਲਿਸ ਕੇਸਾਂ ’ਚ ਵਿਧਾਇਕ ਤੋਂ ਇਲਾਵਾ ਉਸ ਦੀ ਕੰਪਨੀ ਦੇ ਡਾਇਰੈਕਟਰ ਵੀ ਨਾਮਜਦ ਕੀਤੇ ਹੋਏ ਹਨ ਪਰ ਅੱਜ ਤੱਕ ਪੁਲਿਸ ਨੇ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ। ਪੀੜਤ ਏਜੰਟਾਂ ਨੇ ਦੱਸਿਆ ਕਿ ਕਾਂਗਰਸੀ ਵਿਧਾਇਕ ਨੇ ਸਾਲ 2018 ’ਚ ਕੰਪਨੀ ਸਮੇਤ ਸਾਰੇ ਦਫਤਰ ਬੰਦ ਕਰ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਉਹ ਉਦੋਂ ਤੋਂ ਹੀ ਲਗਾਤਾਰ ਪੰਜਾਬ ’ਚ ਵਿਧਾਇਕ ਕੋਲ ਚੱਕਰ ਕੱਟ ਰਹੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਕੋਲ ਵੀ ਸ਼ਕਾਇਤ ਵੀ ਦਰਜ ਕਰਵਾਈ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸੀ ਉਮੀਦਵਾਰ ਨੇ ਚੋਣ ਕਮਿਸ਼ਨ ਨੂੰ ਚਾਰ ਕੇਸ ਦਰਜ ਹੋਣ ਬਾਰੇ ਖੁਲਾਸਾ ਕੀਤਾ ਹੈ ਜਦੋਂਕਿ ਇਹ ਗਿਣਤੀ 12 ਦੇ ਕਰੀਬ ਹੈ।
ਉਨ੍ਹਾਂ ਦੱਸਿਆ ਕਿ ਉਹ ਇਸ ਬਾਰੇ ਚੋਣ ਕਮਿਸ਼ਨ ਨੂੰ ਸ਼ਕਾਇਤ ਕਰਨਗੇ ਅਤੇ ਆਲ ਇੰਡੀਆ ਜੀ ਸੀ ਏ ਮੋਰਚਾ ਦੇ ਤਕਰੀਬਨ 150 ਏਜੰਟ ਚੋਣਾਂ ਤੋਂ ਪਹਿਲਾਂ ਪ੍ਰਤੀਮ ਕੋਟਭਾਈ ਖਿਲਾਫ ਸ਼ਾਂਤਮਈ ਰੋਸ ਮਾਰਚ ਕੀਤਾ ਜਾਏਗਾ। ਉਨ੍ਹਾਂ ਦੱਸਿਆ ਕਿ ਉਹ ਹਲਕੇ ਦੇ ਲੋਕਾਂ ਨੂੰ ਦੱਸਣਗੇ ਕਿ ਜਿਹੜਾ ਉਮੀਦਵਾਰ ਤੁਹਾਡੇ ਤੋਂ ਵੋਟਾਂ ਮੰਗ ਰਿਹਾ ਹੈ ਅਸਲ ’ਚ ਉਹ ਠੱਗ ਹੈ ਜਿਸ ਨੇ ਕਰੋੜਾਂ ਰੁਪਿਆਂ ਦਾ ਘਪਲਾ ਕੀਤਾ ਹੈ।
ਜਖਮੀਆਂ ’ਚ ਝਾਂਸੀ ਤੋਂ ਆਏ ਹੀਰਾ ਲਾਲ ਕੁਸ਼ਵਾਹਾ, ਮਹਿੰਦਰਪਾਲ, ਮੁਰੈਨਾ ਤੋਂ ਇਕਬਾਲ ਮੁਹੰਮਦ, ਭਿੰਡ ਤੋਂ ਸੁਖੇਂਦਰ ਕੁਮਾਰ, ਗਵਾਲੀਅਰ ਦੇ ਰਾਮਵੀਰ ਸਿੰਘ, ਝਾਂਸੀ ਦੇ ਠਾਕੁਰ ਦਾਸ ਅਤੇ ਅਰਵਿੰਦ ਕੁਮਾਰ ਨੇ ਦੱਸਿਆ ਕਿ 1995 ਤੋਂ 2018 ਤੱਕ ਕਾਂਗਰਸੀ ਵਿਧਾਇਕ ਨੇ ਕਈ ਨਾਵਾਂ ਤੇ ਕੰਪਨੀਆਂ ਬਣਾਈਆਂ ਸਨ ਜਿੰਨ੍ਹਾਂ ਬਾਰੇ ਕਿਹਾ ਜਾਂਦਾ ਸੀ ਕਿ ਪੈਸਾ ਲਾਉਣ ਤੋਂ ਬਾਅਦ ਜਲਦੀ ਹੀ ਦੁੱਗਣਾ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਹ ਵਿਧਾਇਕ ਦੇ ਝਾਂਸੇ ’ਚ ਆ ਗਏ ਅਤੇ ਆਪਣੀਆਂ ਜਮੀਨਾਂ ਆਦਿ ਵੇਚਕੇ ਕਰੋੜਾਂ ਰੁਪਏ ਲਾ ਦਿੱਤੇ ਪਰ 2018 ’ਚ ਕੰਪਨੀਆਂ ਬੰਦ ਕਰ ਦਿੱਤੀਆਂ।
ਆਮ ਆਦਮੀ ਪਾਰਟੀ ਦੀ ਚਾਲ
ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦਾ ਕਹਿਣਾ ਸੀ ਕਿ ਪਿਛਲੇ ਦਿਨਾਂ ਦੌਰਾਨ ਹੋਈ ਕਾਂਗਰਸ ਦੀ ਚੜ੍ਹਤ ਦੇਖਕੇ ਉਨ੍ਹਾਂ ਦਾ ਸਿਆਸੀ ਨੁਕਸਾਨ ਕਰਵਾਉਣ ਲਈ ਇਹ ਆਮ ਆਦਮੀ ਪਾਰਟੀ ਦੀ ਚਾਹ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪੜਤਾਲ ’ਚ ਵੀ ਇਹੀ ਸਾਹਮਣੇ ਆਇਆ ਹੈ। ਉਨ੍ਹਾਂ ਆਖਿਆ ਕਿ ਜੋ ਬਾਹਰੋਂ ਆਦਮੀ ਆਏ ਹਨ ਉਨ੍ਹਾਂ ਨੂੰ ਉਹ ਜਾਣਦੇ ਤੱਕ ਨਹੀਂ ਹਨ।
ਮਾਮਲੇ ਦੀ ਜਾਂਚ ਹੋਵੇ:ਨੀਲ ਗਰਗ
ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਦਾ ਕਹਿਣਾ ਸੀ ਕਿ ਭੁੱਚੋ ਮੰਡੀ ’ਚ ਵਾਪਰੀ ਘਟਨਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਦੋਸ਼ ਲਾਏ ਹਨ ਤਾਂ ਇਸ ਦੀ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਏ ਤਾਂ ਸੱਚ ਸਾਹਮਣੇ ਆ ਜਾਏਗਾ। ਉਨ੍ਹਾਂ ਪ੍ਰੀਤਮ ਸਿੰਘ ਕੋਟਭਾਈ ਵੱਲੋਂ ਲਾਏ ਦੋਸ਼ਾਂ ਨੂੰ ਰੱਦ ਕੀਤਾ ਹੈ।
ਮੁਕੱਦਮਾ ਦਰਜ ਕੀਤਾ: ਡੀ ਐਸ ਪੀ
ਡੀ ਐਸ ਪੀ ਭੁੱਚੋ ਮੰਡੀ ਹਰਿੰਦਰ ਸਿੰਘ ਦਾ ਕਹਿਣਾ ਸੀ ਕਿ ਜਖਮੀਆਂ ਦੇ ਬਿਆਨਾਂ ਦੇ ਅਧਾਰ ਤੇ ਅਣਪਛਾਤਿਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਪੜਤਾਲ ਉਪਰੰਤ ਬਣਦੀ ਕਾਰਵਾਈ ਕੀਤੀ ਜਾਏਗੀ।