← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ, 14 ਫਰਵਰੀ 2022: ਸੰਯੁਕਤ ਸਮਾਜ ਮੋਰਚਾ ਦੇ ਬਠਿੰਡਾ ਸ਼ਹਿਰੀ ਤੋਂ ਉਮੀਦਵਾਰ ਹਰਮਿਲਾਪ ਸਿੰਘ ਗਰੇਵਾਲ ਨੇ ਅੱਜ ਆਪਣੇ ਚੋਣ ਪ੍ਰੋਗਰਾਮਾਂ ਨੂੰ ਰੱਦ ਕਰਦਿਆਂ ਪੁਲਵਾਮਾ ਦੇ ਸ਼ਹੀਦਾਂ ਦੀ ਯਾਦ ’ਚ ਕੈਂਡਲ ਮਾਰਚ ਕੱਢਿਆ ਅਤੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਗਰੇਵਾਲ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਖੁਦ ਨੂੰ ਦੇਸ਼ ਅਤੇ ਸਮਾਜ ਦਾ ਵੱਡਾ ਹਮਦਰਦ ਦੱਸਣ ਵਾਲੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਸ਼ਹੀਦਾਂ ਨੂੰ ਵਿਸਾਰ ਦਿੱਤਾ ਹੈ। ਓਧਰ ਆਪਣੇ ਚੋਣ ਪ੍ਰਚਾਰ ਦੌਰਾਨ ਗਰੇਵਾਲ ਨੇ ਕਿਹਾ ਕਿ ਅੰਨਦਾਤੇ ਦੇ ਨਾਲ ਵਪਾਰੀ ਵਰਗ ਨੂੰ ਵੀ ਚੰਗੀ ਸਰਕਾਰ ਦੀ ਸਖ਼ਤ ਲੋੜ ਹੈ ਇਸ ਲਈ ਹੁਣ ਵੋਟਰ ਸੰਯੁਕਤ ਸਮਾਜ ਮੋਰਚੇ ਨੂੰ ਮੌਕਾ ਦੇਣ। ਉਹਨਾਂ ਕਿਹਾ ਕਿ ਪੰਜਾਬ ਵਾਸੀਆਂ ਨੇ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਵੱਲੋਂ ਕੀਤੀ ਲੁੱਟ ਖਸੁੱਟ ਦੇਖ ਲਈ ਹੈ ਜਦੋਂਕਿ ਇੱਕ ਮੌਕਾ ਮੰਗ ਰਹੀ ਆਮ ਆਦਮੀ ਪਾਰਟੀ ਦਿੱਲੀ ਵਿਚ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਆਰ. ਐਸ. ਐਸ ਦੀ ਹੀ ਕਠਪੁਤਲੀ ਹੈ ਜਿਸ ਕਰਕੇ ਉਹ ਪੰਜਾਬ ਲਈ ਸਭ ਤੋਂ ਮਾੜਾ ਸਿੱਧ ਹੋਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਕੇਜਰੀਵਾਲ ਜਮਨਾ ਨਦੀ ਸਾਫ ਕਰਨ ਦੀ ਬਿਜਾਏ ਪੰਜਾਬ ਦੇ ਪਾਣੀਆਂ ਤੇ ਅੱਖ ਰੱਖੀ ਬੈਠਾ ਹੈ ਪਰ ਪੰਜਾਬ ਦੇ ਲੋੋਕ ਉਸ ਦੀ ਹਰ ਚਾਲ ਪਛਾੜ ਦੇਣਗੇ।
Total Responses : 265