ਬਰਿੰਦਰ ਢਿੱਲੋਂ ਵਰਗੇ ਨੌਜਵਾਨ ਖੂਨ ਨੂੰ ਮੌਕਾ ਦੇ ਕੇ ਹਜ਼ਾਰਾਂ ਨੌਜਵਾਨਾਂ ਦੇ ਸੁਪਨਿਆਂ ਨੂੰ ਜਿਉਣ ਦਾ ਮੌਕਾ ਦੇਣਗੇ ਰੋਪੜ ਦੇ ਲੋਕ - ਪ੍ਰਿਯੰਕਾ ਗਾਂਧੀ
- ਪੰਜਾਬੀਆਂ ਦੀ ਨੂੰਹ ਹੈ ਪ੍ਰਿਯੰਕਾ ਗਾਂਧੀ ਯੂ.ਪੀ.,ਬਿਹਾਰ ਤੇ ਦਿੱਲੀ ਦੇ ਲੋਕਾਂ ਨੂੰ ਪੰਜਾਬ ਨਹੀਂ ਵੜਨ ਦੇਣਾ ਕਰ ਦਿਓ ਇਕ ਪਾਸੇ - ਚੰਨੀ
- 20 ਫਰਵਰੀ ਨੂੰ ਇਕ ਇਕ ਵੋਟ ਕਾਂਗਰਸ ਦੇ ਚੋਣ ਨਿਸ਼ਾਨ ਹੱਥ ਪੰਜੇ ਤੇ ਲਗਾ ਰੋਪੜ ਨੂੰ ਜਿਤਾਓ - ਢਿੱਲੋਂ
ਹਰੀਸ਼ ਕਾਲੜਾ
ਰੂਪਨਗਰ 15 ਫਰਵਰੀ 2022: ਅੱਜ ਰੂਪਨਗਰ ਵਿਖੇ ਕਾਂਗਰਸ ਦੇ ਉਮੀਦਵਾਰ ਬਰਿੰਦਰ ਸਿੰਘ ਢਿੱਲੋਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਪੁਜੇ ਸ਼੍ਰੀਮਤੀ ਪ੍ਰਿਯੰਕਾ ਗਾਂਧੀ ਜਨਰਲ ਸਕੱਤਰ ਕੁਲ ਹਿੰਦ ਕਾਂਗਰਸ ਕਮੇਟੀ ਨੇ ਬੇਲਾ ਚੋਂਕ ਵਿਖੇ ਇਕ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐਡੇ ਵਡੇ ਇਕੱਠ ਨੂੰ ਦੇਖਕੇ ਮੈਨੂੰ ਮੈਨੂੰ ਮਾਣ ਹੋ ਰਿਹੈ ਕਿ ਮੇਰੇ ਪੰਜਾਬ ਦੇ ਨੌਜਵਾਨਾਂ ਵਿੱਚ ਪੰਜਾਬੀਅਤ ਦਾ ਖੂਨ ਖੋਲ ਰਿਹਾ ਹੈ ਜੋ ਰੋਪੜ ਦੀ ਧਰਤੀ ਤੋਂ ਪੰਜਾਬ ਦੇ ਵਿਕਾਸ ਦੀ ਨੀਂਹ ਰੱਖੇਗਾ। ਉਹਨਾਂ ਬਰਿੰਦਰ ਢਿੱਲੋਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਆਹ ਖੜ੍ਹੀ ਹੈ ਵਿਕਾਸ ਦੀ ਹਨ੍ਹੇਰੀ ਇਸਨੂੰ ਜਿਤਾ ਦਿਓ ਤੇ ਪੰਜਾਬ ਦੇ ਸੱਚੇ ਅਲੰਬਰਦਾਰ ਚਰਨਜੀਤ ਸਿੰਘ ਚੰਨੀ ਪੰਜਾਬ ਵਿੱਚ ਆਪਣੀ ਟੀਮ ਨਾਲ ਮਿਲਕੇ ਨਵੇਂ ਪੰਜਾਬ ਦੀ ਸਿਰਜਣਾ ਕਰਨਗੇ।
ਉਨਾਂ ਕਿਹਾ ਕਿ ਮੈਨੂੰ ਆਸ ਹੈ ਕਿ ਤੁਸੀਂ ਰੋਪੜ ਦੇ ਲੋਕ ਇਸ ਨੌਜਵਾਨ ਖੂਨ ਨੂੰ ਇਕ ਮੌਕਾ ਦੇ ਕੇ ਹਜ਼ਾਰਾਂ ਨੌਜਵਾਨਾਂ ਦੇ ਸੁਪਨਿਆਂ ਨੂੰ ਜਿਉਣ ਦਾ ਮੌਕਾ ਦਵੋਗੇ।ਉਹਨਾਂ ਕਿਹਾ ਕਿ ਵਿਰੋਧੀ ਰਾਜਨੀਤਿਕ ਦਲਾਂ ਦੇ ਨੁਮਾਇੰਦੇ ਅੱਜ ਤੱਕ ਇਥੇ ਆਏ ਜਿਹਨਾਂ ਦਾ ਮਕਸਦ ਸਿਰਫ ਵੋਟਾਂ ਹਾਸਲ ਕਰ ਚੋਣਾਂ ਜਿੱਤਣਾ ਹੀ ਸੀ ਅਤੇ ਹੈ। ਲੇਕਿਨ ਬਰਿੰਦਰ ਦੀ ਸੋਚ ਅਤੇ ਸੁਪਨਾ ਇਸ ਵਾਰ 'ਰੋਪੜ ਨੂੰ ਜਿੱਤ ਦਿਵਾਉਣਾ' ਹੈ। ਉਹਨਾਂ ਕਿਹਾ ਕਿ ਬਰਿੰਦਰ ਦਾ ਸੁਪਨਾ ਕਾਂਗਰਸ ਪਾਰਟੀ ਦੀ ਸੋਚ ਨਾਲ ਮਿਲਦਾ ਹੈ ਜੋ ਸਭ ਨੂੰ ਨਾਲ ਲੈ ਕੇ ਸਾਰਿਆਂ ਦੇ ਲਈ ਹੈ। ਕਾਂਗਰਸ ਪਾਰਟੀ ਜੋ ਕਿਸੇ ਇਕ ਫਿਰਕੇ ਦੇ ਲੋਕਾਂ ਲਈ ਨਾਂ ਹੋ ਕੇ ਹਰ ਵਰਗ ਦੇ ਸਤਿਕਾਰ ਨੂੰ ਅੱਗੇ ਰੱਖਦਿਆਂ ਸਭ ਦੇ ਲਈ ਅਤੇ ਹਰ ਆਵਾਜ਼ ਦੇ ਲਈ ਹੈ।
ਇਸ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਦਾ ਐਨ ਐਸ ਯੂ ਆਈ ਅਤੇ ਯੂਥ ਕਾਂਗਰਸ ਵੱਲੋਂ ਡਾ ਅੰਬੇਡਕਰ ਚੋਂਕ ਵਿਖੇ ਭਰਵਾਂ ਸਵਾਗਤ ਕੀਤਾ ਗਿਆ ।ਇਸ ਤੋਂ ਪਹਿਲਾਂ ਹੈਲੀਕਾਪਟਰ ਤੋਂ ਉਤਰਨ ਉਪਰੰਤ ਸ਼੍ਰੀਮਤੀ ਪ੍ਰਿਯੰਕਾ ਗਾਂਧੀ , ਬਰਿੰਦਰ ਸਿੰਘ ਢਿੱਲੋਂ ਤੇ ਹੋਰ ਆਗੂ ਹੈਡ ਦਰਬਾਰ ਵਿਖੇ ਵੀ ਨਤਮਸਤਕ ਹੋਏ।ਇਥੇ ਤਿੰਨੋਂ ਆਗੂ ਸ਼੍ਰੀਮਤੀ ਪ੍ਰਿਯੰਕਾ ਗਾਂਧੀ,ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਬਰਿੰਦਰ ਸਿੰਘ ਢਿੱਲੋਂ ਨੇ ਡਾ ਅੰਬੇਡਕਰ ਜੀ ਦੇ ਬੁੱਤ ਦੇ ਫੁੱਲ ਮਾਲਾਵਾਂ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ ਉਪਰੰਤ ਟਰੈਕਟਰ ਤੇ ਸਵਾਰ ਹੋ ਬੇਲਾ ਚੋਂਕ ਵਿਖੇ ਜਨ ਸਮੂਹ ਦਰਮਿਆਨ ਪੁਜੇ।ਇਥੇ ਲੋਕਾਂ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਸਾਰੇ ਆਗੂਆਂ ਨੇ ਸ਼ਹੀਦ ਭਗਤ ਸਿੰਘ ਜੀ ਦੇ ਬੁੱਤ ਤੇ ਫੁੱਲ ਮਾਲਾਵਾਂ ਭੇਂਟ ਕਰਦਿਆਂ ਮੱਥਾ ਟੇਕਿਆ।
ਮੁਖ ਮੰਤਰੀ ਪੰਜਾਬ ਸ੍ਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬੀਆਂ ਦੀ ਨੂੰਹ ਹੈ ਪ੍ਰਿਯੰਕਾ ਗਾਂਧੀ ਇਸ ਲਈ ਤੁਸੀਂ ਇਸਦਾ ਮਾਣ ਰੱਖੋ ਅਤੇ ਯੂ.ਪੀ., ਬਿਹਾਰ ਤੇ ਦਿੱਲੀ ਦੇ ਲੋਕਾਂ ਨੂੰ ਪੰਜਾਬ ਨਹੀਂ ਵੜਨ ਦੇਣਾ ।ਸ਼੍ਰੀ ਚੰਨੀ ਨੇ ਜਨ ਸਮੂਹ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਤੁਸੀਂ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਰਿੰਦਰ ਢਿੱਲੋਂ ਇਕ ਪਾਸੇ ਤੇ ਜਿਤਾ ਦਿਓ ਤੇ ਉਸ ਨੂੰ ਵਜ਼ੀਰ ਮੈਂ ਬਣਾ ਦੇਵਾਂਗਾ।
ਇਸ ਦੌਰਾਨ ਬਰਿੰਦਰ ਢਿੱਲੋਂ ਨੇ ਲੋਕਾਂ ਦੇ ਇਸ ਵਡੇ ਹੁੰਗਾਰੇ ਲਈ ਧੰਨਵਾਦ ਕਰਦਿਆਂ 20 ਫਰਵਰੀ ਨੂੰ ਇਕ ਇਕ ਵੋਟ ਕਾਂਗਰਸ ਦੇ ਚੋਣ ਨਿਸ਼ਾਨ ਹੱਥ ਪੰਜੇ ਤੇ ਲਾ ਰੋਪੜ ਨੂੰ ਜਿਤਾਉਣ ਦੀ ਅਪੀਲ ਕੀਤੀ। ਬੇਲਾ ਚੋਂਕ ਵਿਖੇ ਸੰਬੋਧਨ ਉਪਰੰਤ ਉਹਨਾਂ ਸ਼ਹਿਰ ਦੇ ਅੰਦਰਲੇ ਹਿੱਸੇ ਹਸਪਤਾਲ ਰੋਡ ਤੋਂ ਜੱਗੀ ਮੈਡੀਕਲ ਤੋਂ ਸਬਜ਼ੀ ਮੰਡੀ ਹੁੰਦਿਆਂ ਪੁਰਾਣੇ ਪੁਲ ਤਕ ਲੋਕਾਂ ਨੂੰ ਬਰਿੰਦਰ ਢਿੱਲੋਂ ਦੇ ਹੱਕ ਵਿਚ ਵੋਟਾਂ ਪਾ ਪੰਜਾਬ ਵਿਚ ਮੁੜ ਕਾਂਗਰਸ ਸਰਕਾਰ ਲਿਆਉਣ ਦੀ ਅਪੀਲ ਕੀਤੀ। ਇਸ ਮੌਕੇ ਸਮੁਚੇ ਹਲਕਾ ਰੂਪਨਗਰ ਦੇ ਗ੍ਰਾਸ ਰੂਟ ਵਰਕਰ ਤੋਂ ਲੈ ਕੇ ਵੱਖ ਵੱਖ ਅਹੁਦਿਆਂ ਤੇ ਬਿਰਾਜਮਾਨ ਸੀਨੀਅਰ ਕਾਂਗਰਸ ਲੀਡਰਸ਼ਿਪ ਅਤੇ ਸਮਰਥਕ ਹਾਜ਼ਰ ਸਨ।